ਭਗਤ ਰਵਿਦਾਸ ਦੀ 650ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਭਾਈ ਵੀਰ ਸਿੰਘ ਸਾਹਿਤ ਸਦਨ ਵਿੱਚ ਕੌਮਾਂਤਰੀ ਸੈਮੀਨਾਰ ਕਰਵਾਇਆ
ਨੈਸ਼ਨਲ ਇੰਸਟੀਟਿਊਟ ਆਫ਼ ਪੰਜਾਬ ਸਟੱਡੀਜ਼, ਭਾਈ ਵੀਰ ਸਿੰਘ ਸਾਹਿਤ ਸਦਨ, ਨਵੀਂ ਦਿੱਲੀ ਵੱਲੋਂ ਭਗਤ ਰਵਿਦਾਸ ਦੀ 650ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਇੱਕ ਕੌਮਾਂਤਰੀ ਸੈਮੀਨਾਰ ਕਰਵਾਇਆ ਗਿਆ। ‘ਬੇਗਮਪੁਰਾ: ਇਕ ਨਿਆਂਪੂਰਨ ਸਮਾਜਿਕ ਵਿਵਸਥਾ ਵੱਲ’ ਵਿਸ਼ੇ ’ਤੇ ਆਧਾਰਿਤ ਇਸ ਸਮਾਗਮ ਦੀ ਸ਼ੁਰੂਆਤ ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਦੇ ਵਿਦਿਆਰਥੀਆਂ ਵੱਲੋਂ ‘ਬੇਗਮਪੁਰਾ ਸਹਰ ਕੋ ਨਾਉ’ ਸ਼ਬਦ ਦੇ ਗਾਇਨ ਨਾਲ ਹੋਈ। ਇਸ ਉਪਰੰਤ ਸਦਨ ਦੇ ਪ੍ਰਧਾਨ ਗੁਰਬਖਸ਼ੀਸ਼ ਸਿੰਘ ਸਿੱਧੂ ਨੇ ਪਹੁੰਚੇ ਮਹਿਮਾਨਾਂ ਨੂੰ ਜੀ-ਆਇਆਂ ਆਖਿਆ, ਜਦਕਿ ਡਾਇਰੈਕਟਰ ਜਨਰਲ ਡਾ. ਮਹਿੰਦਰ ਸਿੰਘ ਨੇ ਸਦਨ ਦੀਆਂ ਪ੍ਰਮੁੱਖ ਗਤੀਵਿਧੀਆਂ ਦਾ ਜ਼ਿਕਰ ਕਰਦਿਆਂ ਬੁਲਾਰਿਆਂ ਅਤੇ ਵਿਸ਼ੇ ਦੀ ਸੰਖੇਪ ਜਾਣ-ਪਛਾਣ ਕਰਵਾਈ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਅਤੇ ਟ੍ਰਿਬਿਊਨ ਟਰੱਸਟ ਦੇ ਚੇਅਰਮੈਨ ਐੱਨ.ਐੱਨ. ਵੋਹਰਾ ਨੇ ਭਗਤੀ ਲਹਿਰ ਦਾ ਹਵਾਲਾ ਦਿੰਦਿਆਂ ਉੱਤਰੀ ਭਾਰਤ ਦੇ ਸੰਤਾਂ ਅਤੇ ਗੁਰੂ-ਸਾਹਿਬਾਨ ਦੀ ਦੇਣ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਭਗਤ ਰਵਿਦਾਸ ਦੀ ਬਾਣੀ ਵਿੱਚ ਚਿਤਵੇ ਗਏ ‘ਬੇਗਮਪੁਰੇ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਇੱਕ ਅਜਿਹਾ ਆਦਰਸ਼ ਸਮਾਜ ਹੈ, ਜਿੱਥੇ ਬਰਾਬਰਤਾ, ਭਾਈਚਾਰਾ, ਆਪਸੀ ਪ੍ਰੇਮ ਅਤੇ ਸੁਕਿਰਤ ਦਾ ਵਾਸਾ ਹੋਵੇਗਾ। ਇਸ ਮੌਕੇ ਪ੍ਰੋ. ਮਾਰਕ ਜਰਗਨਜ਼ਮੇਅਰ ਨੇ ਧਰਮ ਅਤੇ ਮੰਗੂ ਰਾਮ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੇ ਪ੍ਰੇਰਨਾ ਸਰੋਤ ਰਹੇ ਭਗਤ ਰਵਿਦਾਸ ਦੇ ਉਸ ਇਨਕਲਾਬੀ ਸੰਦੇਸ਼ ਨੂੰ ਉਜਾਗਰ ਕੀਤਾ, ਜਿਸ ਤੋਂ ਪਛੜੇ ਵਰਗ ਨੇ ਅਗਵਾਈ ਹਾਸਲ ਕਰਕੇ ਮਾਣ ਪ੍ਰਾਪਤ ਕੀਤਾ। ਇਸੇ ਤਰ੍ਹਾਂ ਪ੍ਰੋ. ਗੁਰਿੰਦਰ ਸਿੰਘ ਮਾਨ ਨੇ ਭਗਤ ਰਵਿਦਾਸ ਦੀ ਨਵੀਂ ਸਮਾਜਿਕ ਵਿਵਸਥਾ ਨੂੰ ਗੁਰੂ ਨਾਨਕ ਸਾਹਿਬ ਵੱਲੋਂ ਕਰਤਾਰਪੁਰ ਦੀ ਉਸਾਰੀ ਦੇ ਸੰਕਲਪ ਨਾਲ ਜੋੜ ਕੇ ਦੇਖਿਆ ਅਤੇ ਸਮੇਂ ਤੇ ਸਥਾਨ ਦੇ ਦ੍ਰਿਸ਼ਟੀਕੋਣ ਤੋਂ ਇਸ ’ਤੇ ਮੁੜ-ਵਿਚਾਰ ਕਰਨ ਦਾ ਸੱਦਾ ਦਿੱਤਾ। ਆਪਣੇ ਆਨਲਾਈਨ ਸੰਬੋਧਨ ਵਿੱਚ ਪ੍ਰੋ. ਹਰੀਸ਼ ਪੁਰੀ ਨੇ ਬੇਗਮਪੁਰਾ, ਡਾ. ਬੀ.ਆਰ. ਅੰਬੇਡਕਰ ਅਤੇ ਭਾਰਤੀ ਸੰਵਿਧਾਨ ਦੀ ਗੱਲ ਕਰਦਿਆਂ ਕਿਰਤ ਦੀ ਮਹੱਤਤਾ ’ਤੇ ਜ਼ੋਰ ਦਿੱਤਾ, ਜਿਸ ਦਾ ਵਰਣਨ ਭਗਤ ਰਵਿਦਾਸ ਦੀ ਬਾਣੀ ਵਿੱਚ ਮਿਲਦਾ ਹੈ। ਡਾ. ਵਿਨਾਦ ਕੈਲੇਵਰਟ ਨੇ ਵੀ ਆਨਲਾਈਨ ਜੁੜਦਿਆਂ ‘ਗ੍ਰੰਥ ਪੰਚਵਾਨੀ’ ਦਾ ਜ਼ਿਕਰ ਕੀਤਾ। ਇਸ ਸੈਸ਼ਨ ਦੇ ਅੰਤ ਵਿੱਚ ਸਦਨ ਦੀ ਜਨਰਲ ਸਕੱਤਰ ਡਾ. ਕਿਰਨਜੀਤ ਸੇਠੀ ਨੇ ਸਾਰੇ ਵਕਤਿਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਸਮਾਜਿਕ ਨਿਆਂ ਅਤੇ ਬਰਾਬਰਤਾ ’ਤੇ ਆਧਾਰਿਤ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸਾਬਕਾ ਡੀਨ ਪ੍ਰੋ. ਰੌਣਕੀ ਰਾਮ ਨੇ ਕੀਤੀ, ਜਿਸ ਦੌਰਾਨ ਚਾਰ ਖੋਜ ਪਰਚੇ ਪੜ੍ਹੇ ਗਏ। ਇਸ ਸੈਸ਼ਨ ਵਿੱਚ ਡਾ. ਮਨਮੋਹਨ ਨੇ ਪੁਰਾਤਨ ਗ੍ਰੰਥਾਂ ਦਾ ਹਵਾਲਾ ਦਿੰਦਿਆਂ ਗੁਰੂ ਰਾਮਾਨੰਦ ਦਾ ਜ਼ਿਕਰ ਕੀਤਾ, ਜਿਨ੍ਹਾਂ ਦੇ ਚੇਲੇ ਭਗਤ ਰਵਿਦਾਸ ਸਨ। ਉਨ੍ਹਾਂ ਦੱਸਿਆ ਕਿ ਭਗਤ ਰਵਿਦਾਸ ਦੀ ਬਾਣੀ ਗੁਰੂ ਨਾਨਕ ਸਾਹਿਬ ਨੂੰ ਆਪਣੀਆਂ ਉਦਾਸੀਆਂ ਦੌਰਾਨ ਪ੍ਰਾਪਤ ਹੋਈ ਸੀ। ਇਸ ਤੋਂ ਇਲਾਵਾ ਡਾ. ਮਾਲਵਿਕਾ ਬਿਨੀ ਨੇ ਪੇਰੀਆਰ ਦੇ ਲਿੰਗ ਅਤੇ ਜਾਤ ਸਬੰਧੀ ਵਿਚਾਰਾਂ ਦਾ ਅਵਲੋਕਨ ਕੀਤਾ, ਜਦਕਿ ਪ੍ਰੋ. ਸਲਿਲ ਮਿਸ਼ਰਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਸਮਾਪਨ ਸੈਸ਼ਨ ਵਿੱਚ ਵਿਦਾਇਗੀ ਭਾਸ਼ਣ ਦਿੰਦਿਆਂ ਪ੍ਰੋ. ਪੁਰਸ਼ੋਤਮ ਅਗਰਵਾਲ ਨੇ ਬੇਗਮਪੁਰਾ ਦੀ ਧਾਰਨਾ ਤੋਂ ਆਪਣੀ ਗੱਲ ਸ਼ੁਰੂ ਕਰਦਿਆਂ ਆਦਰਸ਼ ਸਮਾਜਿਕ ਵਿਵਸਥਾ ਵਿੱਚ ਸਮੇਂ ਨਾਲ ਪਈਆਂ ਤ੍ਰੇੜਾਂ ਅਤੇ ਸਰਬਵਿਆਪਕ ਮੁੱਲਾਂ ਦੀ ਚਰਚਾ ਕੀਤੀ। ਪ੍ਰਧਾਨਗੀ ਭਾਸ਼ਣ ਵਿੱਚ ਪ੍ਰੋ. ਮ੍ਰਿਦੁਲਾ ਮੁਖਰਜੀ ਨੇ ਸੰਤਾਂ-ਭਗਤਾਂ ਦੇ ਸਰਬਵਿਆਪੀ ਉਪਦੇਸ਼ਾਂ ਦੀ ਥਾਂ ਪਛਾਣ ਦੀ ਰਾਜਨੀਤੀ ਦੇ ਉਭਾਰ ਨੂੰ ਚਿੰਤਾਜਨਕ ਦੱਸਿਆ ਅਤੇ ਬੇਗਮਪੁਰਾ ਦੀ ਧਾਰਨਾ ਨੂੰ ਹੋਰ ਪਰਿਪੱਕ ਕਰਨ ’ਤੇ ਜ਼ੋਰ ਦਿੱਤਾ। ਅਖੀਰ ਵਿੱਚ ਸਦਨ ਦੀ ਮੀਤ ਪ੍ਰਧਾਨ ਡਾ. ਨੀਨਾ ਪੁਰੀ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਸੈਮੀਨਾਰ ਵਿੱਚ ਸਦਨ ਦੇ ਮੀਤ ਪ੍ਰਧਾਨ ਹਰਚਰਨ ਸਿੰਘ ਨਾਗ, ਖ਼ਜ਼ਾਨਚੀ ਪਰਮਪਾਲ ਸਿੰਘ ਸੋਢੀ, ਡਾ. ਯਾਦਵਿੰਦਰ ਸਿੰਘ, ਡਾ. ਰਾਕੇਸ਼ ਬੱਟਾਬਿਆਲ, ਪ੍ਰੋ. ਕੁਲਵੀਰ ਗੋਜਰਾ, ਡਾ. ਸੰਘਾਮਿੱਤਰਾ ਬਾਸੂ, ਪ੍ਰੋ. ਅਮਰਪ੍ਰੀਤ ਸਿੰਘ ਗਿੱਲ, ਪ੍ਰੋ. ਗੁਰਪ੍ਰੀਤ ਮਹਾਜਨ, ਡਾ. ਹਰਮੀਤ ਸਿੰਘ, ਨਾਟ ਨਿਰਦੇਸ਼ਕ ਰਵੀ ਤਨੇਜਾ ਅਤੇ ਬਲਬੀਰ ਮਾਧੋਪੁਰੀ ਸਮੇਤ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।