Daily Suraj

ਪੰਜਾਬੀ

ਲਗਾਤਾਰ ਦੂਜੇ ਟੈਸਟ ਵਿੱਚੋਂ ਸਿਰਾਜ ਅਤੇ ਜਡੇਜਾ ਬਾਹਰ, ਤੇਜ਼ ਗੇਂਦਬਾਜ਼ ਗੁਰਨੂਰ ਬਰਾੜ ਨੂੰ ਮਿਲਿਆ ਡੈਬਿਊ ਦਾ ਮੌਕਾ

27 Nov, 2026 10:59 AM

ਮਹਾਨ ਸਾਬਕਾ ਬੱਲੇਬਾਜ਼ ਸੁਨੀਲ ਗਾਵਸਕਰ ਦਾ ਮੰਨਣਾ ਹੈ ਕਿ ਨਿਊਜ਼ੀਲੈਂਡ ਖ਼ਿਲਾਫ਼ ਦੂਜੇ ਟੈਸਟ ਮੈਚ ਦੀ ਪਲੇਇੰਗ ਇਲੈਵਨ ਵਿੱਚੋਂ ਹਰਫ਼ਨਮੌਲਾ ਖਿਡਾਰੀ ਰਵਿੰਦਰ ਜਡੇਜਾ ਨੂੰ ਬਾਹਰ ਰੱਖ ਕੇ ਭਾਰਤ ਨੇ ਗ਼ਲਤੀ ਕੀਤੀ ਹੈ। ਗਾਵਸਕਰ ਨੇ ਦਲੀਲ ਦਿੱਤੀ ਕਿ ਮੈਚ ਦੇ ਆਖਰੀ ਦੋ ਦਿਨਾਂ ਵਿੱਚ ਜਡੇਜਾ ਦੀ ਸਪਿਨ ਗੇਂਦਬਾਜ਼ੀ ਟੀਮ ਲਈ ਕਾਫ਼ੀ ਫਾਇਦੇਮੰਦ ਸਾਬਤ ਹੋ ਸਕਦੀ ਸੀ। ਇਸ ਦੂਜੇ ਟੈਸਟ ਮੈਚ ਵਿੱਚ ਜਡੇਜਾ ਅਤੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਲਗਾਤਾਰ ਬਾਹਰ ਰੱਖਿਆ ਗਿਆ ਹੈ, ਜਦਕਿ ਉਨ੍ਹਾਂ ਦੀ ਥਾਂ ਤੇਜ਼ ਗੇਂਦਬਾਜ਼ ਗੁਰਨੂਰ ਬਰਾੜ ਨੂੰ ਡੈਬਿਊ ਕਰਨ ਦਾ ਮੌਕਾ ਦਿੱਤਾ ਗਿਆ ਹੈ। ਮੇਜ਼ਬਾਨ ਪ੍ਰਸਾਰਕ ਨਾਲ ਗੱਲਬਾਤ ਕਰਦਿਆਂ ਸੁਨੀਲ ਗਾਵਸਕਰ ਨੇ ਕਿਹਾ, "ਤੁਸੀਂ ਸਿਰਾਜ ਦੀ ਗੱਲ ਕਰ ਰਹੇ ਹੋ, ਪਰ ਜਡੇਜਾ ਬਾਰੇ ਕੀ ਕਹੋਗੇ? ਉਹ 33 ਵਿਕਟਾਂ ਨਾਲ ਉੱਥੇ ਤੀਜੇ ਨੰਬਰ ’ਤੇ ਹੈ ਅਤੇ ਮੇਰਾ ਮੰਨਣਾ ਹੈ ਕਿ ਚੌਥੇ ਅਤੇ ਪੰਜਵੇਂ ਦਿਨ ਉਸ ਦੀ ਸਪਿਨ ਕਾਫ਼ੀ ਫਾਇਦੇਮੰਦ ਹੋ ਸਕਦੀ ਸੀ ਕਿਉਂਕਿ ਉਹ ਗੇਂਦ ਨੂੰ ਚੰਗਾ ਘੁਮਾਉਂਦਾ ਹੈ।" ਗਾਵਸਕਰ ਨੇ ਅੱਗੇ ਕਿਹਾ ਕਿ ਜਡੇਜਾ ਉਨ੍ਹਾਂ ਗੇਂਦਬਾਜ਼ਾਂ ਵਿੱਚੋਂ ਨਹੀਂ ਹਨ ਜੋ ਗੇਂਦ ਨੂੰ ਜ਼ਿਆਦਾ ਹਵਾ ਦਿੰਦੇ ਹਨ, ਸਗੋਂ ਉਹ ਸਭ ਤੋਂ ਸ਼ਾਂਤ ਪਿੱਚਾਂ ’ਤੇ ਵੀ ਗੇਂਦ ’ਤੇ ਪਕੜ ਬਣਾਉਣ ਅਤੇ ਟਰਨ ਕਰਵਾਉਣ ਲਈ ਜਾਣੇ ਜਾਂਦੇ ਹਨ। ਇਸ ਤੋਂ ਪਹਿਲਾਂ ਪਹਿਲੇ ਟੈਸਟ ਵਿੱਚੋਂ ਸਿਰਾਜ ਨੂੰ ਬਾਹਰ ਰੱਖੇ ਜਾਣ ’ਤੇ ਸਵਾਲ ਚੁੱਕਣ ਵਾਲੇ ਗਾਵਸਕਰ ਨੇ ਕਿਹਾ ਕਿ ਮੁੜ ਨਜ਼ਰਅੰਦਾਜ਼ ਕੀਤਾ ਜਾਣਾ ਇਨ੍ਹਾਂ ਦੋਵਾਂ ਤਜਰਬੇਕਾਰ ਖਿਡਾਰੀਆਂ ਲਈ ਨਿਰਾਸ਼ਾਜਨਕ ਹੈ। ਉਨ੍ਹਾਂ ਕਿਹਾ, "ਇਸ ਲਈ ਮੇਰੇ ਖਿਆਲ ਵਿੱਚ ਉਸ ਦੇ ਨਾਲ-ਨਾਲ ਮੁਹੰਮਦ ਸਿਰਾਜ ਲਈ ਵੀ ਇਹ ਮੁਸ਼ਕਲ ਸਮਾਂ ਹੈ। ਮੁਹੰਮਦ ਸਿਰਾਜ ਵੀ ਇਸ ਚੱਕਰ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਵਿੱਚ ਸ਼ਾਮਲ ਹੈ। ਇਸ ਲਈ, ਆਓ ਇੰਤਜ਼ਾਰ ਕਰੀਏ ਅਤੇ ਦੇਖੀਏ।" ਹਾਲਾਂਕਿ, ਗਾਵਸਕਰ ਨੇ ਟੀਮ ਪ੍ਰਤੀ ਆਪਣਾ ਸਮਰਥਨ ਦੁਹਰਾਉਂਦਿਆਂ ਕਿਹਾ ਕਿ ਪਲੇਇੰਗ ਇਲੈਵਨ, 14 ਜਾਂ 16 ਖਿਡਾਰੀਆਂ ਦੀ ਚੋਣ ਬਾਰੇ ਤੁਹਾਡੇ ਜੋ ਵੀ ਇਤਰਾਜ਼ ਹੋਣ, ਇੱਕ ਵਾਰ ਜਦੋਂ ਟੀਮ ਚੁਣੀ ਜਾਂਦੀ ਹੈ ਤਾਂ ਉਹ 'ਤੁਹਾਡੀ ਅਤੇ ਮੇਰੀ ਟੀਮ' ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤੀ ਟੀਮ ਹੈ, ਇਸ ਲਈ ਚੁਣੀ ਗਈ ਪਲੇਇੰਗ ਇਲੈਵਨ ਦੇ ਨਾਲ ਉਹ ਖੜ੍ਹੇ ਹਨ ਅਤੇ ਬਿਹਤਰ ਪ੍ਰਦਰਸ਼ਨ ਦੀ ਕਾਮਨਾ ਕਰਦੇ ਹਨ। ਦੂਜੇ ਪਾਸੇ, ਭਾਰਤ ਦੇ ਸਾਬਕਾ ਬੱਲੇਬਾਜ਼ ਮੁਹੰਮਦ ਕੈਫ਼ ਨੇ ਸਿਰਾਜ ਨੂੰ ਬਾਹਰ ਰੱਖੇ ਜਾਣ ਦੀ ਵਧੇਰੇ ਸਪੱਸ਼ਟ ਸ਼ਬਦਾਂ ਵਿੱਚ ਆਲੋਚਨਾ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਿਦੇਸ਼ੀ ਟੈਸਟ ਦੌਰਿਆਂ ’ਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਨਾਲ ਸਿਰਾਜ ਦੀ ਚੋਣ ਸੁਭਾਵਿਕ ਤੌਰ ’ਤੇ ਹੋਣੀ ਚਾਹੀਦੀ ਹੈ। ਕੈਫ਼ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ’ਤੇ ਲਿਖਿਆ, "ਇਹ ਵਿਸ਼ਵਾਸ ਕਰਨਾ ਔਖਾ ਹੈ ਕਿ ਭਾਰਤ ਦੇ ਪ੍ਰਮੁੱਖ ਤੇਜ਼ ਗੇਂਦਬਾਜ਼ਾਂ ਵਿੱਚੋਂ ਇੱਕ ਮੁਹੰਮਦ ਸਿਰਾਜ ਨੂੰ ਮੁੜ ਬਾਹਰ ਕਰ ਦਿੱਤਾ ਗਿਆ ਹੈ। ਵਿਦੇਸ਼ੀ ਟੈਸਟ ਗੇਂਦਬਾਜ਼ੀ ਹਮਲੇ ਵਿੱਚ ਬੁਮਰਾਹ ਦੇ ਨਾਲ ਸਿਰਾਜ ਦਾ ਨਾਮ ਸਭ ਤੋਂ ਪਹਿਲਾਂ ਵਿਚਾਰਿਆ ਜਾਣਾ ਚਾਹੀਦਾ ਹੈ।" ਉਨ੍ਹਾਂ ਇਹ ਵੀ ਦੱਸਿਆ ਕਿ ਦਿਲਚਸਪ ਗੱਲ ਇਹ ਹੈ ਕਿ ਗੇਂਦਬਾਜ਼ੀ ਕੋਚ ਮੋਰਨੇ ਮੋਰਕਲ ਨੇ ਖ਼ੁਦ ਸਿਰਾਜ ਨੂੰ ਵਿਸ਼ਵ ਪੱਧਰੀ ਗੇਂਦਬਾਜ਼ ਦੱਸਿਆ ਸੀ ਅਤੇ ਕਿਹਾ ਸੀ ਕਿ ਉਹ ਚੰਗੀ ਗੇਂਦਬਾਜ਼ੀ ਕਰ ਰਹੇ ਹਨ।

Latest News