Daily Suraj

ਪੰਜਾਬੀ

ਇਸਲਾਮਾਬਾਦ ‘ਚ ਇਰਾਨੀ ਵਿਦੇਸ਼ ਮੰਤਰੀ ਦੀਆਂ ਅਹਿਮ ਮੁਲਾਕਾਤਾਂ, ਰੂਸ ਜਾਣ ਦੀ ਤਿਆਰੀ

26 Apr, 2026 07:40 PM

ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਇੱਕ ਵਾਰ ਫਿਰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਪਹੁੰਚ ਗਏ ਹਨ। ਦੋ ਦਿਨਾਂ ਦੇ ਅੰਦਰ ਇਹ ਉਨ੍ਹਾਂ ਦਾ ਦੂਜਾ ਦੌਰਾ ਹੈ, ਜਿਸਨੂੰ ਖੇਤਰੀ ਕੂਟਨੀਤਿਕ ਗਤੀਵਿਧੀਆਂ ਦੇ ਪ੍ਰਸੰਗ ਵਿੱਚ ਅਹਿਮ ਮੰਨਿਆ ਜਾ ਰਿਹਾ ਹੈ। ਦੌਰੇ ਦੌਰਾਨ ਉਹ ਪਾਕਿਸਤਾਨੀ ਨੇਤਾਵਾਂ ਨਾਲ ਵੱਖ-ਵੱਖ ਮਸਲਿਆਂ ‘ਤੇ ਵਿਚਾਰ-ਵਟਾਂਦਰਾ ਕਰਨਗੇ। ਮਿਲੀ ਜਾਣਕਾਰੀ ਅਨੁਸਾਰ, ਇਸਲਾਮਾਬਾਦ ਵਿੱਚ ਕੁਝ ਸਮਾਂ ਬਿਤਾਉਣ ਤੋਂ ਬਾਅਦ ਅਰਾਘਚੀ ਰੂਸ ਲਈ ਰਵਾਨਾ ਹੋ ਜਾਣਗੇ। ਇਸ ਤੋਂ ਪਹਿਲਾਂ ਉਹ ਸ਼ਨੀਵਾਰ ਨੂੰ ਵੀ ਇਸਲਾਮਾਬਾਦ ਵਿੱਚ ਮੌਜੂਦ ਰਹੇ, ਜਿੱਥੇ ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਅਤੇ ਫੌਜੀ ਮੁਖੀ ਆਸਿਮ ਮੁਨੀਰ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਇਰਾਨ ਵੱਲੋਂ ਅਮਰੀਕਾ ਦੀਆਂ ਮੰਗਾਂ ਅਤੇ ਆਪਣੀਆਂ ਸ਼ਰਤਾਂ ਸਬੰਧੀ ਇਤਰਾਜ਼ ਪਾਕਿਸਤਾਨ ਦੇ ਸਾਹਮਣੇ ਰੱਖੇ ਗਏ ਸਨ। ਇਰਾਨ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਅਮਰੀਕਾ ਨਾਲ ਸਿੱਧੀ ਗੱਲਬਾਤ ਕਰਨ ਲਈ ਤਿਆਰ ਨਹੀਂ ਹੈ ਅਤੇ ਆਪਣੀ ਪੋਜ਼ੀਸ਼ਨ ਪਾਕਿਸਤਾਨ ਰਾਹੀਂ ਹੀ ਪਹੁੰਚਾਉਣਾ ਚਾਹੁੰਦਾ ਹੈ। ਇਸ ਸੰਦਰਭ ਵਿੱਚ ਪਾਕਿਸਤਾਨ ਦੀ ਭੂਮਿਕਾ ਮੱਧਸਥ ਦੇ ਤੌਰ ‘ਤੇ ਮਹੱਤਵਪੂਰਨ ਮੰਨੀ ਜਾ ਰਹੀ ਹੈ। ਇਸ ਤੋਂ ਇਲਾਵਾ, ਅਰਾਘਚੀ ਸ਼ਨੀਵਾਰ ਸ਼ਾਮ ਨੂੰ ਓਮਾਨ ਲਈ ਵੀ ਰਵਾਨਾ ਹੋਏ ਸਨ, ਜਿੱਥੇ ਉਨ੍ਹਾਂ ਨੇ ਓਮਾਨ ਦੇ ਸੁਲਤਾਨ ਤਾਰਿਕ ਬਿਨ ਹੈਥਮ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਖੇਤਰ ਵਿੱਚ ਜੰਗੀ ਹਾਲਾਤਾਂ ਅਤੇ ਅਮਨ ਕਾਇਮ ਕਰਨ ਲਈ ਜਾਰੀ ਕੋਸ਼ਿਸ਼ਾਂ ‘ਤੇ ਵਿਚਾਰ ਕੀਤਾ ਗਿਆ।

Posted By: Daily Suraj Bureau

Latest News