ਮੋਗਾ ਗੋਲੀਕਾਂਡ ‘ਚ ਪੁਲਿਸ ਨੂੰ ਸਫਲਤਾ, ਹਥਿਆਰ ਮੁਹੱਈਆ ਕਰਵਾਉਣ ਵਾਲਾ ਗ੍ਰਿਫ਼ਤਾਰ
ਮੋਗਾ ਵਿੱਚ ਪਰਵਾਸੀ ਮਜ਼ਦੂਰਾਂ 'ਤੇ ਹੋਈ ਫਾਇਰਿੰਗ ਮਾਮਲੇ ਵਿੱਚ ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਸਾਜ਼ਿਸ਼ ਵਿੱਚ ਲਿਪਤ ਅਮਨ ਸ਼ਰਮਾ (27) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਮਨ ਚੰਡੀਗੜ੍ਹ ਦੀ ਸੈਕਟਰ 26 ਅਨਾਜ ਮੰਡੀ ਵਿੱਚ ਇੱਕ ਪੱਲੇਦਾਰ (ਮਜ਼ਦੂਰ) ਵਜੋਂ ਕੰਮ ਕਰਕੇ ਆਪਣੀ ਅਸਲੀ ਪਛਾਣ ਲੁਕਾ ਰਿਹਾ ਸੀ ਅਤੇ ਕਿਰਾਏ ਦੇ ਮਕਾਨ ਵਿੱਚ ਰਹਿ ਕੇ ਪੁਲੀਸ ਨੂੰ ਚਕਮਾ ਦੇ ਰਿਹਾ ਸੀ। ਪੁਲੀਸ ਨੇ ਮੁਲਜ਼ਮ ਨੂੰ ਜੰਮੂ-ਕਸ਼ਮੀਰ ਤੋਂ ਉਸ ਦੇ ਰਿਸ਼ਤੇਦਾਰ ਸ਼ੁਭਮ ਸ਼ਰਮਾ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਦੋਵੇਂ ਨਾ ਸਿਰਫ਼ ਹਥਿਆਰਾਂ ਦੇ ਸਪਲਾਇਰ ਸਨ, ਸਗੋਂ "ਬੈਕਅੱਪ ਸ਼ੂਟਰ" ਵਜੋਂ ਵੀ ਤਿਆਰ ਸਨ। ਜੇਕਰ ਮੁੱਖ ਸ਼ੂਟਰ ਨਾਕਾਮ ਰਹਿੰਦਾ ਤਾਂ ਉਹ ਖੁਦ ਹਮਲਾ ਕਰ ਸਕਦੇ ਸਨ। ਡੀ.ਆਈ.ਜੀ. ਫਰੀਦਕੋਟ ਰੇਂਜ ਨੀਲਾਂਬਰੀ ਜਗਦਲੇ ਵਿਜੇ ਅਨੁਸਾਰ, ਇਹ ਗਰੁੱਪ ਸੋਸ਼ਲ ਮੀਡੀਆ ਹੈਂਡਲ "ਲੱਖਾ ਬੁੱਟਰ" ਰਾਹੀਂ ਸੰਪਰਕ ਵਿੱਚ ਸੀ, ਜਿਸ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਅਮਨ ਸ਼ਰਮਾ ਕਥਿਤ ਤੌਰ 'ਤੇ ਪੈਸੇ ਦੇ ਲਾਲਚ ਵਿੱਚ ਇਸ ਗੈਰ-ਕਾਨੂੰਨੀ ਕੰਮ ਵਿੱਚ ਸ਼ਾਮਲ ਹੋਇਆ ਸੀ। ਪੁਲੀਸ ਨੇ ਹੁਣ ਤੱਕ ਇਸ ਮਾਮਲੇ ਵਿੱਚ ਦੋ ਹੱਥਗੋਲੇ, ਦੋ ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ ਹਨ। ਇਸ ਮਾਮਲੇ ਵਿੱਚ ਹੁਣ ਤੱਕ ਕੁੱਲ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿੱਚ ਤਿੰਨ ਮੁੱਖ ਸ਼ੂਟਰ ਅਕਾਸ਼ਦੀਪ ਸਿੰਘ, ਜੋਬਨਪ੍ਰੀਤ ਸਿੰਘ ਅਤੇ ਸ਼ਹਬੀਰ ਸਿੰਘ ਵੀ ਸ਼ਾਮਲ ਹਨ। ਹੁਣ ਪੁਲੀਸ ਚੰਡੀਗੜ੍ਹ ਵਿੱਚ ਅਮਨ ਦੇ ਹੋਰ ਸਾਥੀਆਂ ਦੀ ਭਾਲ ਕਰ ਰਹੀ ਹੈ ਅਤੇ ਸਾਈਬਰ ਟੀਮਾਂ ਡਿਜੀਟਲ ਸਬੂਤਾਂ ਰਾਹੀਂ ਇਸ ਪੂਰੇ ਨੈੱਟਵਰਕ ਨੂੰ ਖਤਮ ਕਰਨ ਵਿੱਚ ਜੁਟੀਆਂ ਹੋਈਆਂ ਹਨ।
Posted By: Daily Suraj Bureau