ਸੁਰੱਖਿਆ ਕਾਰਨਾਂ ਕਰਕੇ ਇੰਡੀਗੋ ਨੇ ਉਡਾਣਾਂ ਰੱਦ ਕਰਨ ਦਾ ਫੈਸਲਾ ਕੀਤਾ
ਤਬਿਲਿਸੀ, ਅਲਮਾਟੀ ਸਮੇਤ ਕਈ ਕੌਮਾਂਤਰੀ ਰੂਟਾਂ ’ਤੇ 28 ਫਰਵਰੀ ਤੱਕ ਲੱਗੀ ਰੋਕ Iran Crisis: ਇਰਾਨ ਵਿੱਚ ਲਗਾਤਾਰ ਵਿਗੜ ਰਹੇ ਹਾਲਾਤਾਂ ਅਤੇ ਵਧਦੇ ਤਣਾਅ ਦੇ ਮੱਦੇਨਜ਼ਰ, ਭਾਰਤੀ ਏਅਰਲਾਈਨ ਇੰਡੀਗੋ ਨੇ ਇੱਕ ਵੱਡੀ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ। ਕੰਪਨੀ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਤਬਿਲਿਸੀ, ਅਲਮਾਟੀ, ਬਾਕੂ ਅਤੇ ਤਾਸ਼ਕੰਦ ਜਾਣ ਵਾਲੀਆਂ ਆਪਣੀਆਂ ਸਾਰੀਆਂ ਉਡਾਣਾਂ ਨੂੰ 28 ਫਰਵਰੀ, 2026 ਤੱਕ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇੰਡੀਗੋ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਕਿ ਯਾਤਰੀਆਂ ਅਤੇ ਕਰੂ ਮੈਂਬਰਾਂ ਦੀ ਸੁਰੱਖਿਆ ਉਨ੍ਹਾਂ ਦੀ ਪਹਿਲੀ ਤਰਜੀਹ ਹੈ, ਜਿਸ ਕਾਰਨ ਇਹ ਅਗਾਊਂ ਕਦਮ ਚੁੱਕੇ ਗਏ ਹਨ। ਪ੍ਰਭਾਵਿਤ ਯਾਤਰੀਆਂ ਨੂੰ ਪੂਰਾ ਰਿਫੰਡ ਲੈਣ ਜਾਂ ਵਿਕਲਪਿਕ ਯਾਤਰਾ ਪ੍ਰਬੰਧ ਚੁਣਨ ਦੀ ਸਹੂਲਤ ਦਿੱਤੀ ਗਈ ਹੈ। ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕਾ ਅਤੇ ਇਰਾਨ ਵਿਚਾਲੇ ਟਕਰਾਅ ਤੇਜ਼ ਹੋ ਗਿਆ ਹੈ। ਖਬਰਾਂ ਅਨੁਸਾਰ, ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਮੱਧ ਪੂਰਬ ਵਿੱਚ ਜੰਗੀ ਬੇੜੇ ਭੇਜਣ ਅਤੇ ਇਰਾਨ ਵੱਲੋਂ ਖੇਤਰੀ ਜੰਗ ਦੀ ਚੇਤਾਵਨੀ ਦਿੱਤੇ ਜਾਣ ਕਾਰਨ ਹਵਾਈ ਖੇਤਰ ਵਿੱਚ ਅਸੁਰੱਖਿਆ ਵਧ ਗਈ ਹੈ। ਇੰਡੀਗੋ ਨੇ ਸਪੱਸ਼ਟ ਕੀਤਾ ਹੈ ਕਿ ਉਹ ਸਥਿਤੀ ’ਤੇ ਲਗਾਤਾਰ ਨਜ਼ਰ ਰੱਖ ਰਹੀ ਹੈ ਅਤੇ ਲੋੜ ਪੈਣ ’ਤੇ ਸ਼ਡਿਊਲ ਵਿੱਚ ਹੋਰ ਬਦਲਾਅ ਕੀਤੇ ਜਾ ਸਕਦੇ ਹਨ। ਦਿੱਲੀ ਅਤੇ ਮੁੰਬਈ ਤੋਂ ਜਾਣ ਵਾਲੀਆਂ ਕੁਝ ਅਹਿਮ ਉਡਾਣਾਂ ਪਹਿਲਾਂ ਹੀ ਰੱਦ ਕੀਤੀਆਂ ਜਾ ਚੁੱਕੀਆਂ ਹਨ, ਜਿਸ ਕਾਰਨ ਕੌਮਾਂਤਰੀ ਮੁਸਾਫਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Posted By: Daily Suraj Bureau