Daily Suraj

ਪੰਜਾਬੀ

ਐਡਵੋਕੇਟ ਧਾਮੀ ਨੇ ਬੇਅਦਬੀ ਦੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਅਤੇ ਸਜ਼ਾ ਦੀ ਕੀਤੀ ਮੰਗ

03 Jun, 2025 09:25 PM

ਅੰਮ੍ਰਿਤਸਰ :ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਇਸ ਘਟਨਾ ਨੂੰ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਅਤੇ ਅਤਿ ਨਿੰਦਣਯੋਗ ਕਰਾਰ ਦਿੰਦਿਆਂ ਐਡਵੋਕੇਟ ਧਾਮੀ ਨੇ ਦੋਸ਼ੀ ਵਿਅਕਤੀ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਅਤੇ ਮਿਸਾਲੀ ਸਜ਼ਾ ਦੀ ਮੰਗ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਗੁਰਬਾਣੀ ਸਿੱਖ ਕੌਮ ਦੀ ਅਧਿਆਤਮਕ ਸ਼ਕਤੀ ਦਾ ਸੋਮਾ ਹੈ। ਗੁਰਬਾਣੀ ਦੀ ਬੇਅਬਦੀ ਦੀਆਂ ਅਜਿਹੀਆਂ ਘਟਨਾਵਾਂ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਪਹੁੰਚਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਹੈ ਕਿ ਘਟਨਾ ਦੇ ਪਿੱਛੇ ਜੋ ਮੁੱਖ ਦੋਸ਼ੀ ਜਾਂ ਸਾਜ਼ਿਸ਼ਕਰਤਾ ਹਨ, ਉਨ੍ਹਾਂ ਨੂੰ ਵੀ ਸਾਹਮਣੇ ਲਿਆਂਦਾ ਜਾਵੇ, ਪ੍ਰੰਤੂ ਵਾਰ ਵਾਰ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਸਰਕਾਰ ਵਲੋਂ ਦੋਸ਼ੀਆਂ ਨੂੰ ਮਾਨਸਿਕ ਰੋਗੀ ਕਹਿ ਦੇਣਾ ਵੀ ਇਕ ਵੱਡੀ ਸਾਜ਼ਿਸ਼ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਜ਼ੋਰ ਦੇ ਕੇ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਅਤੇ ਸਾਰੇ ਸੰਭਾਵੀ ਪਹਿਲੂਆਂ ਨੂੰ ਧਿਆਨ ਵਿਚ ਰੱਖਦਿਆਂ ਸੱਚਾਈ ਸਾਹਮਣੇ ਲਿਆਂਦੀ ਜਾਵੇ। ਐਡਵੋਕੇਟ ਧਾਮੀ ਨੇ ਕਿਹਾ ਕਿ ਜੂਨ ਮਹੀਨੇ ਦਾ ਪਹਿਲਾ ਹਫ਼ਤਾ ਸਿੱਖ ਕੌਮ ਲਈ ਇਤਿਹਾਸਕ ਅਤੇ ਭਾਵਨਾਤਮਕ ਤੌਰ ’ਤੇ ਅਤਿ ਸੰਵੇਦਨਸ਼ੀਲ ਹੁੰਦਾ ਹੈ, ਕਿਉਂਕਿ ਇਹ ਸਮਾਂ ਸ੍ਰੀ ਦਰਬਾਰ ਸਾਹਿਬ ’ਤੇ 1984 ਵਿਚ ਹੋਏ ਫੌਜੀ ਹਮਲੇ ਦੀ ਯਾਦ ਨੂੰ ਤਾਜ਼ਾ ਕਰਦਾ ਹੈ। ਅਜਿਹੇ ਸਮੇਂ ਵਿਚ ਗੁਟਕਾ ਸਾਹਿਬ ਦੀ ਬੇਅਦਬੀ ਵਰਗੀ ਘਟਨਾ ਵਾਪਰਨਾ ਸਿੱਖ ਕੌਮ ਦੇ ਜ਼ਖ਼ਮਾਂ ਨੂੰ ਹੋਰ ਡੂੰਘਾ ਕਰਦਾ ਹੈ ਅਤੇ ਸੰਗਤ ਵਿਚ ਰੋਹ ਅਤੇ ਰੋਸ ਦੀ ਭਾਵਨਾ ਨੂੰ ਵਧਾਉਂਦਾ ਹੈ।

#Beadbi #ReligiousRespect #AdvocateDhami #JusticeForBeadbi #SikhFaith #LegalAction #BeadbiCases #ReligiousHarmony #SikhNews #RespectFaith

Posted By: Daily Suraj Bureau

Latest News