ਸੰਤ ਬਾਬਾ ਅਤਰ ਸਿੰਘ ਜੀ ਦੀ 100 ਸਾਲਾ ਬਰਸੀ ਸ਼ਤਾਬਦੀ ਨੂੰ ਸਮਰਪਿਤ ਅਕਾਲ ਕਾਲਜ ਕੌਂਸਲ ਅਤੇ ਗੁ: ਗੁਰਸਾਗਰ ਝੀਲ ਚੰਡੀਗੜ੍ਹ ਦੀ ਪ੍ਰਬੰਧਕੀ ਟੀਮ ਵਿਚਾਲੇ ਅਹਿਮ ਮੀਟਿੰਗ
ਮਸਤੂਆਣਾ ਸਾਹਿਬ (ਜਗਸੀਰ ਸਿੰਘ ) - ਮਹਾਨ ਤਪੱਸਵੀ ਅਤੇ ਵਿੱਦਿਆ ਦਾਨੀ ਸਤਿਕਾਰਯੋਗ ਸ੍ਰੀਮਾਨ ਸੰਤ ਅਤਰ ਸਿੰਘ ਜੀ ਮਹਾਰਾਜ ਦੀ ਆ ਰਹੀ 100 ਸਾਲਾ ਬਰਸੀ ਸ਼ਤਾਬਦੀ ਸਮਾਗਮਾਂ ਨੂੰ ਪੂਰੀ ਸ਼ਰਧਾ, ਭਾਵਨਾ ਅਤੇ ਵਿਸ਼ਾਲ ਪੱਧਰ ’ਤੇ ਮਨਾਉਣ ਲਈ ਤਿਆਰੀਆਂ ਜੋਰਾਂ-ਸੋਰਾਂ ’ਤੇ ਹਨ। ਇਸੇ ਸਬੰਧ ਵਿੱਚ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਸ੍ਰ. ਜਸਵੰਤ ਸਿੰਘ ਖਹਿਰਾ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਅਤੇ ਅਹਿਮ ਮੀਟਿੰਗ ਗੁਰਦੁਆਰਾ ਗੁਰਸਾਗਰ ਝੀਲ ਚੰਡੀਗੜ੍ਹ ਦੇ ਮੁੱਖੀ ਸੰਤ ਬਾਬਾ ਪ੍ਰਿਤਪਾਲ ਸਿੰਘ ਜੀ ਅਤੇ ਗੁਰਦੁਆਰਾ ਟਰੱਸਟ ਦੀ ਸਮੂਚੀ ਟੀਮ ਨਾਲ ਹੋਈ। ਇਸ ਉੱਚ ਪੱਧਰੀ ਮੀਟਿੰਗ ਦੌਰਾਨ ਸ਼ਤਾਬਦੀ ਸਮਾਗਮਾਂ ਦੀ ਰੂਪ-ਰੇਖਾ ਉਲੀਕਣ ਅਤੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ। ਸੰਤ ਬਾਬਾ ਪ੍ਰਿਤਪਾਲ ਸਿੰਘ ਜੀ ਨੇ ਅਕਾਲ ਕਾਲਜ ਕੌਂਸਲ ਦੀ ਟੀਮ ਦਾ ਸੁਆਗਤ ਕਰਦਿਆਂ ਭਰੋਸਾ ਦਿਵਾਇਆ ਕਿ ਇਸ ਮਹਾਨ ਸ਼ਤਾਬਦੀ ਸਮਾਗਮ ਲਈ ਚੰਡੀਗੜ੍ਹ ਦੀ ਪ੍ਰਬੰਧਕੀ ਟੀਮ ਅਤੇ ਸੰਗਤਾਂ ਵੱਲੋਂ ਤਨ-ਮਨ-ਧਨ ਨਾਲ ਪੂਰਨ ਸਹਿਯੋਗ ਦਿੱਤਾ ਜਾਵੇਗਾ। ਅਕਾਲ ਕਾਲਜ ਕੌਂਸਲ ਦੇ ਸਕੱਤਰ ਸ੍ਰ. ਜਸਵੰਤ ਸਿੰਘ ਖਹਿਰਾ ਨੇ ਦੱਸਿਆ ਕਿ ਸੰਤ ਅਤਰ ਸਿੰਘ ਜੀ ਮਹਾਰਾਜ ਦੀ 100 ਸਾਲਾ ਬਰਸੀ ਸਬੰਧੀ ਕੌਂਸਲ ਵੱਲੋਂ ਵੱਡੇ ਪੱਧਰ ’ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੰਤ ਅਤਰ ਸਿੰਘ ਜੀ ਮਹਾਰਾਜ ਨੇ ਜਿੱਥੇ ਨਾਮ-ਬਾਣੀ ਦਾ ਪ੍ਰਚਾਰ ਕਰਕੇ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਲੜ ਲਾਇਆ, ਉੱਥੇ ਹੀ ਉਨ੍ਹਾਂ ਨੇ ਇਲਾਕੇ ਵਿੱਚ ਵਿੱਦਿਆ ਦਾ ਦੀਵਾ ਬਾਲ ਕੇ ਮਹਾਨ ਪਰਉਪਕਾਰ ਕੀਤਾ ਹੈ। ਉਨ੍ਹਾਂ ਦੀ ਇਸ 100 ਸਾਲਾ ਬਰਸੀ ਸ਼ਤਾਬਦੀ ਨੂੰ ਇਤਿਹਾਸਕ ਬਣਾਉਣ ਲਈ ਅਕਾਲ ਕਾਲਜ ਕੌਂਸਲ ਵਲੋਂ ਵੱਖ-ਵੱਖ ਧਾਰਮਿਕ, ਵਿੱਦਿਅਕ ਅਤੇ ਸਮਾਜਿਕ ਸਮਾਗਮਾਂ ਦੀ ਲੜੀ ਉਲੀਕੀ ਜਾ ਰਹੀ ਹੈ। ਇਸ ਮੀਟਿੰਗ ਵਿੱਚ ਅਕਾਲ ਕਾਲਜ ਕੌਂਸਲ ਦੇ ਹੋਰ ਅਹੁਦੇਦਾਰ ਜਿਨ੍ਹਾਂ ਵਿੱਚ ਸ੍ਰ. ਹਰਜੀਤ ਸਿੰਘ ਸਜੂਮਾਂ, ਸ੍ਰ. ਗਮਦੂਰ ਸਿੰਘ ਬਹਾਦਰਪੁਰ, ਸ੍ਰ. ਗੁਰਜੰਟ ਸਿੰਘ ਦੁੱਗਾਂ, ਸ੍ਰ. ਸਿਆਸਤ ਸਿੰਘ ਦੁੱਗਾਂ, ਸ੍ਰ. ਹਾਕਮ ਸਿੰਘ ਬਹਾਦਰਪੁਰ, ਡਾ. ਗੁਰਬੀਰ ਸਿੰਘ ਸੋਹੀ, ਪ੍ਰਿੰ. ਰਾਜਵਿੰਦਰ ਪਾਲ ਸਿੰਘ, ਧਾਰਮਿਕ ਸਖਸ਼ੀਅਤਾਂ ਵਿੱਚ ਬਾਬਾ ਬਲਜੀਤ ਸਿੰਘ ਫੱਕਰ, ਬਾਬਾ ਜਗਰੂਪ ਸਿੰਘ ਕੱਟੂ, ਭਾਈ ਅਵਤਾਰ ਸਿੰਘ ਹਜੂਰੀ ਰਾਗੀ, ਭਾਈ ਅੰਮ੍ਰਿਤਪਾਲ ਸਿੰਘ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਸਨ, ਜਿਨ੍ਹਾਂ ਨੇ ਸਮਾਗਮ ਦੀ ਸਫ਼ਲਤਾ ਲਈ ਆਪਣੇ ਵਡਮੁੱਲੇ ਸੁਝਾਅ ਦਿੱਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਸ.ਗੁਰਵੀਰ ਸਿੰਘ ਸੋਹੀ, ਪ੍ਰਿੰਸੀਪਲ ਜਸਵੀਰ ਸਿੰਘ ਧੂਰਾ, ਪ੍ਰੋ. ਜਸਪ੍ਰੀਤ ਸਿੰਘ, ਭਾਈ ਜਸਵਿੰਦਰ ਸਿੰਘ, ਭਾਈ ਗੁਰਮੀਤ ਸਿੰਘ, ਪ੍ਰੋ ਹਰਜਿੰਦਰ ਸਿੰਘ ਗਿੱਲ ਵੀ ਹਾਜ਼ਰ ਸਨ।
Posted By: Daily Suraj Bureau