ਮੰਤਰੀ ਹਰਜੋਤ ਸਿੰਘ ਬੈਂਸ ਦੇ ਕਾਫ਼ਲੇ ਅੱਗੇ ਨਾਅਰੇਬਾਜ਼ੀ ਕਰਨ ਵਾਲੇ ਅਧਿਆਪਕਾਂ ‘ਤੇ ਮਾਮਲਾ ਦਰਜ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਕਾਫ਼ਲੇ ਨੂੰ ਰੋਕਣ ਦੀ ਘਟਨਾ ਤੋਂ ਬਾਅਦ ਸੰਗਰੂਰ ਪੁਲੀਸ ਨੇ ਸਖ਼ਤ ਕਾਰਵਾਈ ਕਰਦਿਆਂ ਕਰੀਬ ਅੱਠ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਹੈ। ਇਸ ਕਾਰਵਾਈ ਤੋਂ ਬਾਅਦ ਬੇਰੁਜ਼ਗਾਰ ਅਧਿਆਪਕਾਂ ਅਤੇ ਹੋਰ ਜਥੇਬੰਦੀਆਂ ਨੇ ਸਾਥੀਆਂ ਦੀ ਰਿਹਾਈ ਦੀ ਮੰਗ ਉਠਾਈ ਹੈ। ਸ਼ੁੱਕਰਵਾਰ ਨੂੰ ਕਰੀਬ ਅੱਧੀ ਦਰਜਨ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਨੇ ਉਸ ਵੇਲੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵਾਹਨਾਂ ਦੇ ਕਾਫ਼ਲੇ ਨੂੰ ਰੋਕ ਕੇ ਨਾਅਰੇਬਾਜ਼ੀ ਕੀਤੀ, ਜਦੋਂ ਮੰਤਰੀ ਸੰਗਰੂਰ ਦੇ ਡਾਈਟ ਵਿਖੇ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਜਾ ਰਹੇ ਸਨ। ਘਟਨਾ ਦੌਰਾਨ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਕੇ ਥਾਣਾ ਸਿਟੀ ਪਹੁੰਚਾ ਦਿੱਤਾ। ਪ੍ਰਦਰਸ਼ਨਕਾਰੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਬੇਰੁਜ਼ਗਾਰ 5994 ਈਟੀਟੀ ਅਧਿਆਪਕ ਯੂਨੀਅਨ ਅਤੇ ਹੋਰ ਸਾਥੀ ਜਥੇਬੰਦੀਆਂ ਦੇ ਮੈਂਬਰ ਰਾਤ ਕਰੀਬ ਅੱਠ ਵਜੇ ਤੱਕ ਰੋਸ ਧਰਨੇ ‘ਤੇ ਡਟੇ ਰਹੇ, ਪਰ ਉਨ੍ਹਾਂ ਦੀ ਰਿਹਾਈ ਨਹੀਂ ਹੋ ਸਕੀ। ਇਸ ਤੋਂ ਬਾਅਦ ਪੁਲੀਸ ਨੇ ਹਿਰਾਸਤ ਵਿੱਚ ਲਏ ਕਰੀਬ ਅੱਠ ਅਧਿਆਪਕਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ। ਸ਼ਨੀਵਾਰ ਨੂੰ ਬੇਰੁਜ਼ਗਾਰ 5994 ਈਟੀਟੀ ਅਧਿਆਪਕ ਯੂਨੀਅਨ ਦਾ ਇੱਕ ਵਫ਼ਦ ਹੋਰ ਜਥੇਬੰਦੀਆਂ ਦੇ ਆਗੂਆਂ ਨਾਲ ਮਿਲ ਕੇ ਸੰਗਰੂਰ ਦੇ ਜ਼ਿਲ੍ਹਾ ਪੁਲੀਸ ਦਫ਼ਤਰ ਪਹੁੰਚਿਆ। ਵਫ਼ਦ ਨੇ ਪੁਲੀਸ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਗ੍ਰਿਫ਼ਤਾਰ ਕੀਤੇ ਗਏ ਅਧਿਆਪਕਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ। ਡੀਐੱਸਪੀ ਦਲਵੀਰ ਸਿੰਘ ਸਿੱਧੂ ਨੇ ਪੁਸ਼ਟੀ ਕੀਤੀ ਕਿ ਪ੍ਰਦਰਸ਼ਨ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਯੂਨੀਅਨ ਆਗੂ ਬਲਵਿੰਦਰ ਸਿੰਘ ਨੇ ਦੱਸਿਆ ਕਿ ਜੇਲ੍ਹ ਭੇਜੇ ਗਏ ਅਧਿਆਪਕਾਂ ਵਿੱਚ ਅਜੀਤ ਸਿੰਘ (ਮਾਨਸਾ), ਕਰਨਵੀਰ ਸਿੰਘ (ਗੁਰੂ ਹਰਿਸਹਾਏ), ਬਖ਼ਸ਼ੀਸ਼ ਸਿੰਘ (ਫਤਹਿਗੜ੍ਹ ਸਾਹਿਬ), ਸੁਖਵੀਰ ਸਿੰਘ (ਭਵਾਨੀਗੜ੍ਹ), ਫਿਰੋਜ਼ ਖਾਨ ਅਤੇ ਮਨਦੀਪ ਸਿੰਘ (ਝਾੜੋਂ) ਸਮੇਤ ਹੋਰ ਸਾਥੀ ਸ਼ਾਮਲ ਹਨ।
Posted By: Daily Suraj Bureau