ਪੰਜਾਬ ਦੀ ਸਿਆਸਤ ਵਿੱਚ ਨਵੀਂ ਹਲਚਲ: ਸ਼ਿਵਰਾਜ ਚੌਹਾਨ ਤੇ ਗੁਰਮੀਤ ਖੁੱਡੀਆਂ ਦੀਆਂ ਨੇੜਤਾਵਾਂ ਤੋਂ ਅਟਕਲਾਂ ਤੇਜ਼, 352.64 ਕਰੋੜ ਦਾ ਪੈਕੇਜ ਸੌਂਪਿਆ
ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਪੰਜਾਬ ਦੌਰੇ ਦੌਰਾਨ ਸੂਬੇ ਦੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਪ੍ਰਤੀ ਦਿਖਾਏ ਗਏ ਖ਼ਾਸ ਮੋਹ ਨੇ ਪੰਜਾਬ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਆਮ ਆਦਮੀ ਪਾਰਟੀ (ਆਪ) ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਜਾਰੀ ਉਮੀਦਵਾਰਾਂ ਦੀ ਦੂਜੀ ਸੂਚੀ ਵਿੱਚੋਂ ਗੁਰਮੀਤ ਸਿੰਘ ਖੁੱਡੀਆਂ ਦਾ ਨਾਮ ਕੱਟੇ ਜਾਣ ਮਗਰੋਂ, ਦੋਵਾਂ ਆਗੂਆਂ ਦੀ ਇਹ ਪਹਿਲੀ ਮੁਲਾਕਾਤ ਸੀ। ਹਾਲਾਂਕਿ, ਚੌਹਾਨ ਅਤੇ ਖੁੱਡੀਆਂ ਦੀ ਆਪਸੀ ਨੇੜਤਾ ਪਹਿਲਾਂ ਵੀ ਕਿਸੇ ਤੋਂ ਲੁਕੀ ਹੋਈ ਨਹੀਂ ਹੈ। ਸਿਆਸੀ ਮਾਹਿਰਾਂ ਅਨੁਸਾਰ, ਭਾਰਤੀ ਜਨਤਾ ਪਾਰਟੀ (ਭਾਜਪਾ) ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੰਗੇ ਰਸੂਖ਼ ਵਾਲੇ ਗੁਰਸਿੱਖ ਚਿਹਰਿਆਂ ਦੀ ਭਾਲ ਵਿੱਚ ਹੈ। 'ਆਪ' ਦੀ ਦੂਜੀ ਸੂਚੀ ਵਿੱਚੋਂ ਬਾਹਰ ਕੀਤੇ ਜਾਣ ਤੋਂ ਬਾਅਦ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੀਆਂ ਨਜ਼ਰਾਂ ਖੁੱਡੀਆਂ 'ਤੇ ਟਿਕੀਆਂ ਹੋਈਆਂ ਹਨ। ਜ਼ਿਕਰਯੋਗ ਹੈ ਕਿ ਖੁੱਡੀਆਂ ਪੰਜਾਬ ਕੈਬਨਿਟ ਵਿੱਚ ਇਕਲੌਤੇ ਅਜਿਹੇ ਗੁਰਸਿੱਖ ਮੰਤਰੀ ਹਨ, ਜਿਨ੍ਹਾਂ ਨੂੰ ਪਾਰਟੀ ਨੇ ਟਿਕਟ ਨਹੀਂ ਦਿੱਤੀ। ਦੂਜੇ ਪਾਸੇ, ਖੇਤੀ ਮੰਤਰੀ ਖੁੱਡੀਆਂ ਨੇ ਪਾਰਟੀ ਦੀ ਟਿਕਟ ਵੰਡ 'ਤੇ ਤਸੱਲੀ ਪ੍ਰਗਟਾਈ ਹੈ ਅਤੇ ਫਿਲਹਾਲ ਕੋਈ ਵੱਖਰਾ ਰਾਹ ਅਪਣਾਉਣ ਦੇ ਰੌਂਅ ਵਿੱਚ ਨਜ਼ਰ ਨਹੀਂ ਆ ਰਹੇ। ਆਪਣੇ ਇਸ ਦੌਰੇ ਦੌਰਾਨ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਵਿਸ਼ੇਸ਼ ਤੌਰ 'ਤੇ ਗੁਰਮੀਤ ਖੁੱਡੀਆਂ ਦੇ ਨਾਮ 'ਤੇ ਇੱਕ ਮਨਜ਼ੂਰੀ ਪੱਤਰ ਲੈ ਕੇ ਆਏ, ਜਿਸ ਤਹਿਤ ਪੰਜਾਬ ਦੇ ਖੇਤੀਬਾੜੀ ਖੇਤਰ ਲਈ 352.64 ਕਰੋੜ ਰੁਪਏ ਦਾ ਵਿੱਤੀ ਪੈਕੇਜ ਦਿੱਤਾ ਗਿਆ ਹੈ। ਚੌਹਾਨ ਨੇ ਮੁਹਾਲੀ ਜ਼ਿਲ੍ਹੇ ਦੇ ਪਿੰਡ ਬਦਰਪੁਰ ਵਿਖੇ 'ਖੇਤ ਬਚਾਓ ਅਭਿਆਨ' ਪ੍ਰੋਗਰਾਮ ਦੌਰਾਨ ਖੁੱਡੀਆਂ ਨੂੰ ਇਹ ਪੱਤਰ ਸੌਂਪਿਆ। ਸੂਤਰਾਂ ਮੁਤਾਬਕ, ਚੰਡੀਗੜ੍ਹ ਹਵਾਈ ਅੱਡੇ 'ਤੇ ਪਹੁੰਚਣ ਮਗਰੋਂ ਚੌਹਾਨ ਨੇ ਕੁਝ ਸਮਾਂ ਉੱਥੇ ਖੁੱਡੀਆਂ ਦੀ ਉਡੀਕ ਕੀਤੀ। ਸਵਾਗਤ ਲਈ ਖੁੱਡੀਆਂ ਦੇ ਪਹੁੰਚਣ 'ਤੇ ਕੇਂਦਰੀ ਮੰਤਰੀ ਉਨ੍ਹਾਂ ਨੂੰ ਆਪਣੀ ਹੀ ਗੱਡੀ ਵਿੱਚ ਬਿਠਾ ਕੇ ਪਿੰਡ ਬਦਰਪੁਰ ਲਈ ਰਵਾਨਾ ਹੋਏ, ਜਿਸ ਵਿੱਚ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਵੀ ਮੌਜੂਦ ਸਨ। ਇਸ ਉਪਰੰਤ ਬਦਰਪੁਰ ਦੇ ਕਿਸਾਨ ਭੁਪਿੰਦਰ ਸਿੰਘ ਦੇ ਘਰ ਮੰਜਿਆਂ 'ਤੇ ਬੈਠ ਕੇ ਸ਼ਿਵਰਾਜ ਚੌਹਾਨ ਅਤੇ ਗੁਰਮੀਤ ਖੁੱਡੀਆਂ ਨੇ ਇਕੱਠਿਆਂ ਦੁਪਹਿਰ ਦਾ ਭੋਜਨ ਛਕਿਆ। ਇਸ ਮੌਕੇ ਚੌਹਾਨ ਨੇ ਕਿਹਾ ਕਿ ਜਦੋਂ ਵੀ ਖੁੱਡੀਆਂ ਨੇ ਪੰਜਾਬ ਦੀ ਖੇਤੀਬਾੜੀ ਲਈ ਕੋਈ ਮੰਗ ਰੱਖੀ, ਉਨ੍ਹਾਂ ਨੇ ਤੁਰੰਤ ਪੂਰੀ ਕੀਤੀ। ਦੱਸਣਯੋਗ ਹੈ ਕਿ ਚੌਹਾਨ ਆਪਣੇ ਪਰਿਵਾਰਕ ਸਮਾਗਮਾਂ ਵਿੱਚ ਵੀ ਉਚੇਚੇ ਤੌਰ 'ਤੇ ਖੁੱਡੀਆਂ ਨੂੰ ਸੱਦਾ ਦਿੰਦੇ ਰਹੇ ਹਨ। ਬਤੌਰ ਖੇਤੀ ਮੰਤਰੀ ਸਮਾਗਮਾਂ ’ਚ ਸ਼ਾਮਲ ਹੋਇਆ: ਖੁੱਡੀਆਂ ਸਿਆਸੀ ਅਟਕਲਾਂ ਨੂੰ ਵਿਰਾਮ ਦਿੰਦਿਆਂ ਗੁਰਮੀਤ ਸਿੰਘ ਖੁੱਡੀਆਂ ਨੇ ਸਪੱਸ਼ਟ ਕੀਤਾ ਕਿ ਉਹ ਪੂਰੀ ਤਰ੍ਹਾਂ ਬਤੌਰ ਖੇਤੀਬਾੜੀ ਮੰਤਰੀ ਇਨ੍ਹਾਂ ਸਮਾਗਮਾਂ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਪੰਜਾਬ ਦੀ ਕਿਸਾਨੀ ਸਭ ਤੋਂ ਉੱਪਰ ਹੈ ਅਤੇ ਉਨ੍ਹਾਂ ਦੀ ਇਸ ਹਾਜ਼ਰੀ ਦਾ ਕੋਈ ਸਿਆਸੀ ਅਰਥ ਨਹੀਂ ਕੱਢਿਆ ਜਾਣਾ ਚਾਹੀਦਾ। ਜ਼ਿਕਰਯੋਗ ਹੈ ਕਿ ਖੁੱਡੀਆਂ ਮਾਲਵਾ ਖ਼ਿੱਤੇ ਵਿੱਚ ਇੱਕ ਸੂਝਵਾਨ ਆਗੂ ਵਜੋਂ ਉੱਭਰੇ ਹਨ ਅਤੇ ਸਿਆਸਤ ਤੋਂ ਉੱਪਰ ਉੱਠ ਕੇ ਵੀ ਖੁੱਡੀਆਂ ਪਰਿਵਾਰ ਦਾ ਲੋਕਾਂ ਵਿੱਚ ਡੂੰਘਾ ਸਤਿਕਾਰ ਹੈ। ‘ਖੁੱਡੀਆਂ ਮਾਡਲ’ ’ਤੇ ਚੱਲੇ ਸਰਕਾਰ: ਸੁਨੀਲ ਜਾਖੜ ਦੂਜੇ ਪਾਸੇ, ਭਾਜਪਾ ਆਗੂ ਸੁਨੀਲ ਜਾਖੜ ਨੇ 'ਆਪ' ਸਰਕਾਰ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ ਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਅਤੇ ਬਾਕੀ ਮੰਤਰੀ ਵੀ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵਾਂਗ ਕੇਂਦਰ ਸਰਕਾਰ ਕੋਲ ਖੇਤੀ ਪ੍ਰਾਜੈਕਟ ਲੈ ਕੇ ਜਾਣ, ਤਾਂ ਖ਼ਾਲੀ ਹੱਥ ਮੁੜਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜਾਖੜ ਨੇ ਕਿਹਾ ਕਿ ਸਹਿਕਾਰੀ ਸੰਘਵਾਦ ਰਾਹੀਂ ਹੀ ਸੂਬੇ ਦਾ ਵਿਕਾਸ ਸੰਭਵ ਹੈ। ਕੇਂਦਰ ਨਾਲ ਵਿਵਾਦ ਖੜ੍ਹੇ ਕਰਨ ਦੀ ਬਜਾਏ ਤਾਲਮੇਲ ਨਾਲ ਚੱਲਣ ਵਾਲੀ ਸਰਕਾਰ ਹੀ ਪੰਜਾਬ ਨੂੰ ਮੁਸ਼ਕਲਾਂ ਵਿੱਚੋਂ ਬਾਹਰ ਕੱਢ ਸਕਦੀ ਹੈ। ਇਸ ਦੌਰਾਨ ਜਾਖੜ ਨੇ ਸ਼ਿਵਰਾਜ ਚੌਹਾਨ ਅਤੇ ਗੁਰਮੀਤ ਖੁੱਡੀਆਂ ਨੂੰ 'ਖੇਤੀ ਵਜ਼ੀਰਾਂ ਦੀ ਹਿੱਟ ਜੋੜੀ' ਕਰਾਰ ਦਿੱਤਾ।