Daily Suraj

ਪੰਜਾਬੀ

ਅਮਰੀਕਾ ਵਿੱਚ ਗ੍ਰੀਨ ਕਾਰਡ ਨਿਯਮ ਹੋਣਗੇ ਸਖ਼ਤ: ਵਿਦੇਸ਼ੀ ਕਾਮਿਆਂ ਦੀ ਭਰਤੀ ਪ੍ਰਕਿਰਿਆ ਬਦਲਣ ਦੀ ਤਿਆਰੀ

18 Nov, 2026 08:07 AM

ਅਮਰੀਕਾ ਨੇ ਵਿਦੇਸ਼ੀ ਕਾਮਿਆਂ ਲਈ ਰੁਜ਼ਗਾਰ ਆਧਾਰਿਤ ਗ੍ਰੀਨ ਕਾਰਡਾਂ (employment-based green cards) ਦੇ ਨਿਯਮਾਂ ਨੂੰ ਸਖ਼ਤ ਕਰਨ ਦਾ ਵੱਡਾ ਪ੍ਰਸਤਾਵ ਰੱਖਿਆ ਹੈ। ਇਸ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਫਿਜ਼ੀਕਲ ਥੈਰੇਪਿਸਟ ਅਤੇ ਨਰਸਾਂ ਤੋਂ ਲੈ ਕੇ ਉੱਚ-ਹੁਨਰਮੰਦ ਪੇਸ਼ੇਵਰਾਂ ਤੱਕ ਦੀਆਂ ਨੌਕਰੀਆਂ ਦੀ ਭਰਤੀ ਵਿੱਚ ਅਮਰੀਕੀ ਨਾਗਰਿਕਾਂ ਨੂੰ ਪਹਿਲ ਮਿਲ ਸਕੇ। ਕਿਰਤ ਵਿਭਾਗ ਵੱਲੋਂ ਮੰਗਲਵਾਰ ਨੂੰ ਪ੍ਰੋਗਰਾਮ ਇਲੈਕਟ੍ਰਾਨਿਕ ਰਿਵਿਊ ਮੈਨੇਜਮੈਂਟ (PERM) ਇਮੀਗ੍ਰੈਂਟ ਵੀਜ਼ਾ ਪ੍ਰਕਿਰਿਆ ਤਹਿਤ ਲੇਬਰ ਮਾਰਕੀਟ ਟੈਸਟ ਨੂੰ ਆਧੁਨਿਕ ਬਣਾਉਣ ਲਈ ਇੱਕ ਨਵੇਂ ਨਿਯਮ ਦਾ ਪ੍ਰਸਤਾਵ ਦਿੱਤਾ ਗਿਆ ਹੈ। ਪਿਛਲੇ 20 ਸਾਲਾਂ ਵਿੱਚ ਇਨ੍ਹਾਂ ਨਿਯਮਾਂ ਵਿੱਚ ਕੀਤੀ ਗਈ ਇਹ ਪਹਿਲੀ ਵੱਡੀ ਸੋਧ ਹੈ। ਪ੍ਰਸਤਾਵਿਤ ਤਬਦੀਲੀਆਂ ਤਹਿਤ ਰੁਜ਼ਗਾਰਦਾਤਾਵਾਂ (employers) 'ਤੇ ਵਿਦੇਸ਼ੀ ਕਾਮਿਆਂ ਦੇ ਅਨੁਕੂਲ ਖ਼ਾਸ ਨੌਕਰੀ ਦੇ ਮੌਕੇ ਤਿਆਰ ਕਰਨ (tailoring) 'ਤੇ ਪੂਰੀਰਤਨ ਪਾਬੰਦੀ ਹੋਵੇਗੀ। ਨਵੇਂ ਪ੍ਰਸਤਾਵਿਤ ਨਿਯਮ ਤਹਿਤ ਰੁਜ਼ਗਾਰਦਾਤਾਵਾਂ ਲਈ ਨੌਕਰੀਆਂ ਦਾ ਇਸ਼ਤਿਹਾਰ ਦੇਣ ਵੇਲੇ ਇੱਕੋ ਜਿਹੇ ਚੈਨਲਾਂ ਅਤੇ ਤਰੀਕਿਆਂ ਦੀ ਵਰਤੋਂ ਕਰਕੇ ਕਾਮਿਆਂ ਦੀ ਭਰਤੀ ਵਿੱਚ ਬਰਾਬਰੀ ਦਾ ਮੌਕਾ ਦੇਣਾ ਲਾਜ਼ਮੀ ਹੋਵੇਗਾ। ਇਸ ਪ੍ਰਸਤਾਵ ਤਹਿਤ ਰਵਾਇਤੀ ਪ੍ਰਿੰਟ ਇਸ਼ਤਿਹਾਰਾਂ ਦੀ ਬਜਾਏ ਰੁਜ਼ਗਾਰਦਾਤਾਵਾਂ ਦੀਆਂ ਆਪਣੀਆਂ ਵੈੱਬਸਾਈਟਾਂ, ਜੌਬ ਪੋਰਟਲਾਂ, ਸੋਸ਼ਲ ਮੀਡੀਆ ਪਲੇਟਫਾਰਮਾਂ, ਰੁਜ਼ਗਾਰ ਮੇਲਿਆਂ ਅਤੇ ਕੈਂਪਸ ਭਰਤੀ ਰਾਹੀਂ ਆਨਲਾਈਨ ਭਰਤੀ ਕਰਨ ਦੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ, ਅਸਾਮੀਆਂ ਦਾ ਇਸ਼ਤਿਹਾਰ ਦੇਣ ਦੀ ਘੱਟੋ-ਘੱਟ ਮਿਆਦ ਨੂੰ ਮੌਜੂਦਾ 30 ਦਿਨਾਂ ਤੋਂ ਵਧਾ ਕੇ 90 ਕੈਲੰਡਰ ਦਿਨ ਕਰ ਦਿੱਤਾ ਜਾਵੇਗਾ, ਅਤੇ ਰੁਜ਼ਗਾਰਦਾਤਾਵਾਂ ਨੂੰ ਇਹ ਸਾਬਤ ਕਰਨਾ ਪਵੇਗਾ ਕਿ ਉਨ੍ਹਾਂ ਨੇ ਯੋਗ ਅਮਰੀਕੀ ਕਾਮਿਆਂ ਦੀ ਭਰਤੀ ਲਈ ਅਸਲ ਕੋਸ਼ਿਸ਼ਾਂ ਕੀਤੀਆਂ ਹਨ। ਕਿਰਤ ਸਕੱਤਰ ਕੀਥ ਸੋਂਡਰਲਿੰਗ ਨੇ ਇਸ ਸਬੰਧੀ ਕਿਹਾ ਕਿ ਇਹ ਪ੍ਰਸਤਾਵਿਤ ਨਿਯਮ ਤਬਦੀਲੀ ਇਹ ਯਕੀਨੀ ਬਣਾਏਗੀ ਕਿ ਵਿਦੇਸ਼ੀ ਕਿਰਤੀਆਂ ਦੇ ਮੁਕਾਬਲੇ ਉੱਚ-ਹੁਨਰਮੰਦ ਅਤੇ ਉੱਚ-ਤਨਖ਼ਾਹ ਵਾਲੇ ਨੌਕਰੀ ਦੇ ਮੌਕਿਆਂ ਲਈ ਅਮਰੀਕੀ ਕਾਮੇ ਸਭ ਤੋਂ ਪਹਿਲੀ ਕਤਾਰ ਵਿੱਚ ਹੋਣ। ਵਿਭਾਗ ਵੱਲੋਂ ਉਸ ਪ੍ਰਸ਼ਾਸਕੀ ਛੋਟ ਨੂੰ ਵੀ ਖ਼ਤਮ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ ਜੋ ਰੁਜ਼ਗਾਰਦਾਤਾਵਾਂ ਨੂੰ ਕੁਝ ਖ਼ਾਸ ਕਿੱਤਿਆਂ ਲਈ ਕਾਨੂੰਨੀ ਲੇਬਰ ਮਾਰਕੀਟ ਟੈਸਟ ਨੂੰ ਬਾਈਪਾਸ ਕਰਨ ਦੀ ਇਜਾਜ਼ਤ ਦਿੰਦੀ ਸੀ। ਸੋਧੇ ਹੋਏ ਢਾਂਚੇ ਤਹਿਤ ਹੁਣ ਫਿਜ਼ੀਕਲ ਥੈਰੇਪਿਸਟ, ਨਰਸਾਂ ਅਤੇ ਵਿਗਿਆਨ ਜਾਂ ਕਲਾ ਵਿੱਚ ਬੇਮਿਸਾਲ ਯੋਗਤਾ ਦੀ ਮੰਗ ਕਰਨ ਵਾਲੇ ਅਹੁਦਿਆਂ ਲਈ ਭਰਤੀ ਕਰਨ ਵਾਲੇ ਰੁਜ਼ਗਾਰਦਾਤਾਵਾਂ ਨੂੰ ਵੀ ਯੋਗ ਅਮਰੀਕੀ ਬਿਨੈਕਾਰਾਂ 'ਤੇ ਗੰਭੀਰਤਾ ਨਾਲ ਵਿਚਾਰ ਕਰਨਾ ਹੋਵੇਗਾ। ਇਹ ਪ੍ਰਸਤਾਵ ਉਨ੍ਹਾਂ ਅਮਰੀਕੀ ਕਾਮਿਆਂ ਲਈ ਸੁਰੱਖਿਆ ਉਪਾਵਾਂ ਨੂੰ ਮਜ਼ਬੂਤ ਕਰਨ ਦੀ ਵੀ ਮੰਗ ਕਰਦਾ ਹੈ ਜਿਨ੍ਹਾਂ ਦੀ ਨੌਕਰੀ ਤੋਂ ਛਾਂਟੀ ਕੀਤੀ ਗਈ ਹੈ (laid off)। ਰੁਜ਼ਗਾਰਦਾਤਾਵਾਂ ਨੂੰ ਲੇਬਰ ਸਰਟੀਫਿਕੇਸ਼ਨ ਅਤੇ ਇਮੀਗ੍ਰੈਂਟ ਪਟੀਸ਼ਨ ਪ੍ਰਕਿਰਿਆਵਾਂ ਦੌਰਾਨ ਨੌਕਰੀ ਤੋਂ ਕੱਢੇ ਗਏ ਯੋਗ ਕਾਮਿਆਂ 'ਤੇ ਵਿਚਾਰ ਕਰਨਾ ਜਾਰੀ ਰੱਖਣਾ ਪਵੇਗਾ। ਇਹ ਉਨ੍ਹਾਂ ਕੁਝ ਰੁਜ਼ਗਾਰਦਾਤਾਵਾਂ ਨੂੰ ਉਸੇ ਜਾਂ ਮਿਲਦੇ-ਜੁਲਦੇ ਅਹੁਦਿਆਂ ਲਈ ਸਥਾਈ ਲੇਬਰ ਸਰਟੀਫਿਕੇਸ਼ਨ ਦੀ ਮੰਗ ਕਰਨ ਤੋਂ ਵੀ ਰੋਕੇਗਾ ਜਿਨ੍ਹਾਂ ਨੇ ਪਿਛਲੇ ਦੋ ਸਾਲਾਂ ਦੌਰਾਨ ਅਮਰੀਕੀ ਕਾਮਿਆਂ ਦੀ ਛਾਂਟੀ ਕੀਤੀ ਹੈ। ਜ਼ਿਕਰਯੋਗ ਹੈ ਕਿ PERM ਲੇਬਰ ਸਰਟੀਫਿਕੇਸ਼ਨ ਸਥਾਈ ਨਿਵਾਸ ਲਈ ਵਿਦੇਸ਼ੀ ਨਾਗਰਿਕਾਂ ਨੂੰ ਸਪਾਂਸਰ ਕਰਨ ਦੀ ਕੋਸ਼ਿਸ਼ ਕਰ ਰਹੇ ਜ਼ਿਆਦਾਤਰ ਅਮਰੀਕੀ ਰੁਜ਼ਗਾਰਦਾਤਾਵਾਂ ਲਈ ਪਹਿਲਾ ਕਦਮ ਹੁੰਦਾ ਹੈ। ਮੌਜੂਦਾ ਪ੍ਰਕਿਰਿਆ ਦੀ ਗੱਲ ਕਰੀਏ ਤਾਂ ਹੁਣ ਤੱਕ ਰੁਜ਼ਗਾਰਦਾਤਾਵਾਂ ਨੂੰ ਘਰੇਲੂ ਲੇਬਰ ਮਾਰਕੀਟ ਦੀ ਪਰਖ ਕਰਨੀ ਪੈਂਦੀ ਹੈ ਅਤੇ ਇਹ ਸਥਾਪਤ ਕਰਨਾ ਪੈਂਦਾ ਹੈ ਕਿ ਇਸ ਅਹੁਦੇ ਲਈ ਕਿਸੇ ਵੀ ਸਮਰੱਥ, ਇੱਛੁਕ, ਯੋਗ ਅਤੇ ਉਪਲਬਧ ਅਮਰੀਕੀ ਕਾਮੇ ਨੇ ਅਰਜ਼ੀ ਨਹੀਂ ਦਿੱਤੀ ਹੈ। ਕਿਰਤ ਵਿਭਾਗ ਨੇ ਕਿਹਾ ਹੈ ਕਿ ਮੌਜੂਦਾ ਨਿਯਮ ਹੁਣ ਸਮਕਾਲੀ ਭਰਤੀ ਅਭਿਆਸਾਂ ਨੂੰ ਨਹੀਂ ਦਰਸਾਉਂਦੇ, ਜਿਸ ਕਾਰਨ ਇਨ੍ਹਾਂ ਵਿੱਚ ਵੱਡੀਆਂ ਤਬਦੀਲੀਆਂ ਦੀ ਲੋੜ ਮਹਿਸੂਸ ਕੀਤੀ ਗਈ ਹੈ।

Latest News