ਇਟਲੀ ਦੌਰੇ ਦੌਰਾਨ PM ਮੋਦੀ ਅਤੇ ਜੌਰਜੀਆ ਮੇਲੋਨੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਪੰਜ ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ ਤਹਿਤ ਮੰਗਲਵਾਰ ਨੂੰ ਇਟਲੀ ਪਹੁੰਚੇ। ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੌਰੇ ਦੌਰਾਨ ਦੋਵਾਂ ਨੇਤਾਵਾਂ ਦੀਆਂ ਦੋਸਤਾਨਾ ਤਸਵੀਰਾਂ ਅਤੇ ਸੈਲਫੀਆਂ ਸੋਸ਼ਲ ਮੀਡੀਆ ’ਤੇ ਖੂਬ ਚਰਚਾ ਵਿੱਚ ਹਨ। ਦੋਵਾਂ ਨੇਤਾਵਾਂ ਨੇ ਰੋਮ ਦੀਆਂ ਸੜਕਾਂ ’ਤੇ ਇੱਕੋ ਕਾਰ ਵਿੱਚ ਸਵਾਰੀ ਕੀਤੀ ਅਤੇ ਲਗਭਗ 2,000 ਸਾਲ ਪੁਰਾਣੇ ਇਤਿਹਾਸਕ ਕੋਲੋਸੀਅਮ ਦਾ ਦੌਰਾ ਵੀ ਕੀਤਾ। ਇਸ ਮੌਕੇ ਉਨ੍ਹਾਂ ਨੇ ਇਕੱਠੇ ਸੈਲਫੀਆਂ ਵੀ ਖਿੱਚੀਆਂ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜੌਰਜੀਆ ਮੇਲੋਨੀ ਨੇ ਇਕੱਠੇ ਰਾਤ ਦਾ ਖਾਣਾ ਖਾਧਾ ਅਤੇ ਕਈ ਮਹੱਤਵਪੂਰਨ ਮੁੱਦਿਆਂ ’ਤੇ ਗੈਰ-ਰਸਮੀ ਗੱਲਬਾਤ ਕੀਤੀ। ਦੋਵਾਂ ਨੇਤਾਵਾਂ ਦੀ ਇਹ ਮੁਲਾਕਾਤ ਭਾਰਤ ਅਤੇ ਇਟਲੀ ਦਰਮਿਆਨ ਵਧ ਰਹੇ ਸਬੰਧਾਂ ਦਾ ਸੰਕੇਤ ਮੰਨੀ ਜਾ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਸ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਉਧਰ, ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਵੀ ਮੋਦੀ ਨਾਲ ਇੱਕ ਸੈਲਫੀ ਪੋਸਟ ਕਰਦੇ ਹੋਏ ਲਿਖਿਆ, “ਮੇਰੇ ਦੋਸਤ ਦਾ ਸਵਾਗਤ ਹੈ।” ਦੋਵਾਂ ਨੇਤਾਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਅਤੇ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਮੋਦੀ ਨੇ ਐਕਸ ’ਤੇ ਇੱਕ ਹੋਰ ਤਸਵੀਰ ਸਾਂਝੀ ਕਰਦਿਆਂ ਲਿਖਿਆ ਕਿ ਅੱਜ ਹੋਣ ਵਾਲੀ ਰਸਮੀ ਗੱਲਬਾਤ ਦੌਰਾਨ ਭਾਰਤ-ਇਟਲੀ ਦੋਸਤੀ ਨੂੰ ਹੋਰ ਮਜ਼ਬੂਤ ਕਰਨ ’ਤੇ ਚਰਚਾ ਜਾਰੀ ਰਹੇਗੀ। ਦੋਵਾਂ ਨੇਤਾਵਾਂ ਵੱਲੋਂ ਵਪਾਰ, ਨਿਵੇਸ਼, ਉੱਨਤ ਤਕਨਾਲੋਜੀ ਅਤੇ ਵਿਸ਼ਵ ਪੱਧਰੀ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤੇ ਜਾਣ ਦੀ ਉਮੀਦ ਹੈ।
Posted By: Daily Suraj Bureau