ਥੱਪੜ ਕਾਰਨ 17 ਫੀਸਦ ਸੁਣਨ ਸ਼ਕਤੀ ਗੁਆ ਬੈਠੇ ਪੀੜਤ ਨੂੰ ਅਦਾਲਤ ਨੇ ਦਿਵਾਇਆ 20 ਹਜ਼ਾਰ ਰੁਪਏ ਮੁਆਵਜ਼ਾ
ਚੰਡੀਗੜ੍ਹ ਦੀ ਇੱਕ ਸਥਾਨਕ ਅਦਾਲਤ ਨੇ ਪੁਲੀਸ ਚੌਕੀ ਦੇ ਅੰਦਰ ਇੱਕ ਵਿਅਕਤੀ ਨੂੰ ਥੱਪੜ ਮਾਰ ਕੇ ਉਸ ਦੇ ਕੰਨ ਦੀ ਸੁਣਨ ਸ਼ਕਤੀ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਵਿੱਚ ਮਹੱਤਵਪੂਰਨ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਦੋਸ਼ੀ ਇਫ਼ਤੇਕਾਰ ਅਹਿਮਦ ਨੂੰ ਪੀੜਤ 49 ਸਾਲਾ ਮੁਹੰਮਦ ਹਸੀਨ ਕੁਰੈਸ਼ੀ, ਵਾਸੀ ਪਿੰਡ ਦਰਿਆ (ਚੰਡੀਗੜ੍ਹ), ਨੂੰ 20,000 ਰੁਪਏ ਮੁਆਵਜ਼ੇ ਵਜੋਂ ਅਦਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਡਾਕਟਰੀ ਜਾਂਚ ਵਿੱਚ ਇਹ ਪੁਸ਼ਟੀ ਹੋਈ ਕਿ ਥੱਪੜ ਲੱਗਣ ਕਾਰਨ ਪੀੜਤ ਦੀ ਸੁਣਨ ਸ਼ਕਤੀ ਵਿੱਚ 17 ਫੀਸਦ ਸਥਾਈ ਕਮੀ ਆਈ ਹੈ। ਸ਼ਿਕਾਇਤ ਅਨੁਸਾਰ, 3 ਮਾਰਚ 2025 ਨੂੰ ਮੁਹੰਮਦ ਹਸੀਨ ਕੁਰੈਸ਼ੀ ਕਿਸੇ ਹੋਰ ਮਾਮਲੇ ਦੇ ਸਬੰਧ ਵਿੱਚ ਦੋਸ਼ੀ ਇਫ਼ਤੇਕਾਰ ਅਹਿਮਦ ਨਾਲ ਪੁਲੀਸ ਚੌਕੀ ਦਰਿਆ ਗਿਆ ਸੀ। ਇਸ ਦੌਰਾਨ ਦੋਵਾਂ ਵਿਚਾਲੇ ਹੋਈ ਬਹਿਸ ਤੋਂ ਬਾਅਦ ਇਫ਼ਤੇਕਾਰ ਅਹਿਮਦ ਨੇ ਕੁਰੈਸ਼ੀ ਦੇ ਖੱਬੇ ਕੰਨ ‘ਤੇ ਜ਼ੋਰਦਾਰ ਥੱਪੜ ਮਾਰ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਸੁਣਨ ਵਿੱਚ ਦਿੱਕਤ ਆਉਣ ਲੱਗੀ। ਘਟਨਾ ਤੋਂ ਤੁਰੰਤ ਬਾਅਦ ਪੀੜਤ ਨੂੰ ਸਿਵਲ ਹਸਪਤਾਲ ਮਨੀਮਾਜਰਾ ਲਿਜਾਇਆ ਗਿਆ, ਜਿੱਥੋਂ ਉਸ ਨੂੰ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (GMCH), ਸੈਕਟਰ-32, ਚੰਡੀਗੜ੍ਹ ਦੇ ਈਐਨਟੀ ਵਿਭਾਗ ਵਿੱਚ ਰੈਫਰ ਕਰ ਦਿੱਤਾ ਗਿਆ। 8 ਅਪ੍ਰੈਲ 2025 ਨੂੰ ਜਾਰੀ ਅੰਤਿਮ ਮੈਡੀਕਲ ਰਿਪੋਰਟ ਵਿੱਚ ਡਾਕਟਰਾਂ ਨੇ ਸੱਟ ਨੂੰ ‘ਗੰਭੀਰ’ (Grievous Injury) ਕਰਾਰ ਦਿੱਤਾ ਅਤੇ ਪੀੜਤ ਦੀ ਸੁਣਨ ਸ਼ਕਤੀ ਵਿੱਚ 17 ਫੀਸਦ ਸਥਾਈ ਨੁਕਸਾਨ ਹੋਣ ਦੀ ਪੁਸ਼ਟੀ ਕੀਤੀ। ਮੈਡੀਕਲ ਰਿਪੋਰਟ ਦੇ ਆਧਾਰ ‘ਤੇ ਇੰਡਸਟਰੀਅਲ ਏਰੀਆ ਥਾਣਾ ਪੁਲੀਸ ਨੇ 12 ਅਪ੍ਰੈਲ 2025 ਨੂੰ ਇਫ਼ਤੇਕਾਰ ਅਹਿਮਦ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਜਾਂਚ ਪੂਰੀ ਹੋਣ ਤੋਂ ਬਾਅਦ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਗਿਆ। ਸੁਣਵਾਈ ਦੌਰਾਨ ਅਦਾਲਤ ਨੇ ਭਾਰਤੀ ਨਿਆਂ ਸੰਹਿਤਾ (BNS), 2023 ਦੀ ਧਾਰਾ 117(2) ਤਹਿਤ ਦੋਸ਼ ਆਇਦ ਕੀਤੇ। ਸਰਕਾਰੀ ਵਕੀਲ ਨੇ ਡਾਕਟਰੀ ਰਿਪੋਰਟਾਂ ਅਤੇ ਗਵਾਹਾਂ ਦੇ ਆਧਾਰ ‘ਤੇ ਮਾਮਲਾ ਸਾਬਤ ਕੀਤਾ। ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਇਫ਼ਤੇਕਾਰ ਅਹਿਮਦ ਨੂੰ ਦੋਸ਼ੀ ਕਰਾਰ ਦਿੱਤਾ। ਅਦਾਲਤ ਨੇ ਦੋਸ਼ੀ ਨੂੰ ਪ੍ਰੋਬੇਸ਼ਨ ‘ਤੇ ਰਿਹਾ ਕਰਨ ਦੇ ਨਾਲ-ਨਾਲ ਪੀੜਤ ਮੁਹੰਮਦ ਹਸੀਨ ਕੁਰੈਸ਼ੀ ਨੂੰ ਹਰਜਾਨੇ ਵਜੋਂ 20,000 ਰੁਪਏ ਅਦਾ ਕਰਨ ਦੇ ਹੁਕਮ ਵੀ ਜਾਰੀ ਕੀਤੇ।
Posted By: Daily Suraj Bureau