ਕੈਨੇਡਾ 'ਚ ਦੂਜੇ ਵਿਸ਼ਵ ਯੁੱਧ ਦੇ ਸਮੇਂ ਦਾ ਰਹੱਸਮਈ ਡਰੰਮ ਬਰਾਮਦ, ਐਂਥ੍ਰੈਕਸ ਬੰਬ ਪ੍ਰੋਜੈਕਟ ਨਾਲ ਜੁੜ ਰਹੇ ਤਾਰ
ਕੈਨੇਡਾ ਦੇ ਕਿਊਬੈਕ ਸੂਬੇ ਵਿੱਚ 'ਯੂ.ਐੱਸ. ਆਰਮੀ' (US Army) ਲਿਖਿਆ ਇੱਕ ਰਹੱਸਮਈ ਡਰੰਮ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਦੀਆਂ ਚਿੰਤਾਵਾਂ ਵਧ ਗਈਆਂ ਹਨ। ਅਧਿਕਾਰੀਆਂ ਨੂੰ ਖ਼ਦਸ਼ਾ ਹੈ ਕਿ ਇਸ ਡਰੰਮ ਵਿੱਚ ਕੋਈ ਅਤਿ-ਜ਼ਹਿਰੀਲਾ ਜਾਂ ਜਾਨਲੇਵਾ ਪਦਾਰਥ ਹੋ ਸਕਦਾ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਡਰੰਮ ਵਿੱਚੋਂ ਪਦਾਰਥ ਦੇ ਨਮੂਨੇ ਲੈ ਕੇ ਜਾਂਚ ਲਈ ਅਲਬਰਟਾ ਦੀ ਇੱਕ ਵਿਸ਼ੇਸ਼ ਫੌਜੀ ਲੈਬੌਰਟਰੀ ਵਿੱਚ ਭੇਜ ਦਿੱਤੇ ਗਏ ਹਨ, ਜਿਨ੍ਹਾਂ ਦੇ ਨਤੀਜੇ ਅਗਲੇ ਹਫ਼ਤੇ ਤੱਕ ਆਉਣ ਦੀ ਉਮੀਦ ਹੈ। ਮਿਲੀ ਜਾਣਕਾਰੀ ਅਨੁਸਾਰ, ਇਹ ਸ਼ੱਕੀ ਡਰੰਮ ਸੇਂਟ ਲਾਰੈਂਸ ਦਰਿਆ ਵਿੱਚ ਸਥਿਤ ਗ੍ਰੋਸ-ਈਲ ਟਾਪੂ ’ਤੇ ਇੱਕ ਸਥਾਨਕ ਨਾਗਰਿਕ ਨੂੰ ਮਿਲਿਆ ਸੀ। ਡਰੰਮ ਉੱਤੇ ਦਰਜ ਤਰੀਕਾਂ ਦੇ ਆਧਾਰ 'ਤੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਦੂਜੇ ਵਿਸ਼ਵ ਯੁੱਧ ਦੇ ਸਮੇਂ ਦਾ ਹੋ ਸਕਦਾ ਹੈ। ਇਸ ਖੋਜ ਤੋਂ ਬਾਅਦ ਦੂਜੇ ਵਿਸ਼ਵ ਯੁੱਧ ਦੌਰਾਨ ਚਲਾਏ ਗਏ ਇੱਕ ਗੁਪਤ ਫੌਜੀ ਪ੍ਰੋਜੈਕਟ ਨਾਲ ਇਸ ਦੇ ਸੰਭਾਵਿਤ ਸਬੰਧਾਂ ਬਾਰੇ ਵੀ ਚਰਚਾ ਸ਼ੁਰੂ ਹੋ ਗਈ ਹੈ। ਖੋਜਕਰਤਾਵਾਂ ਮੁਤਾਬਕ, ਸਾਲ 1942 ਤੋਂ 1944 ਦੇ ਦਰਮਿਆਨ ਕੈਨੇਡਾ, ਬ੍ਰਿਟੇਨ ਅਤੇ ਅਮਰੀਕਾ ਦੇ ਵਿਗਿਆਨੀਆਂ ਨੇ ਮਿਲ ਕੇ 'ਐਂਥ੍ਰੈਕਸ ਬੰਬ' ਬਣਾਉਣ ਦੇ ਇੱਕ ਗੁਪਤ ਪ੍ਰੋਜੈਕਟ 'ਤੇ ਕੰਮ ਕੀਤਾ ਸੀ। ਹਾਲਾਂਕਿ, ਅਧਿਕਾਰੀਆਂ ਦਾ ਕਹਿਣਾ ਹੈ ਕਿ ਮਿਲੇ ਡਰੰਮ ਦਾ ਇਸ ਪ੍ਰੋਜੈਕਟ ਨਾਲ ਕੋਈ ਸਿੱਧਾ ਸਬੰਧ ਹੈ ਜਾਂ ਨਹੀਂ, ਇਹ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ। ਘਟਨਾ ਦਾ ਪਤਾ ਲੱਗਦਿਆਂ ਹੀ ਕਿਊਬੈਕ ਪੁਲਿਸ ਨੇ ਸੰਬੰਧਿਤ ਇਲਾਕੇ ਨੂੰ ਘੇਰੇ ਵਿੱਚ ਲੈ ਕੇ 24 ਘੰਟੇ ਨਿਗਰਾਨੀ ਸ਼ੁਰੂ ਕਰ ਦਿੱਤੀ ਹੈ। ਡਰੰਮ ਨੂੰ ਪੂਰੀ ਸੁਰੱਖਿਆ ਨਾਲ ਨੇੜਲੇ ਇੱਕ ਸੁਰੱਖਿਅਤ ਸਥਾਨ 'ਤੇ ਪਹੁੰਚਾ ਦਿੱਤਾ ਗਿਆ ਹੈ। ਕੈਨੇਡੀਅਨ ਫੌਜ ਦੇ ਇੱਕ ਸਾਬਕਾ ਅਧਿਕਾਰੀ ਅਨੁਸਾਰ, ਜੇਕਰ ਇਸ ਡਰੰਮ ਵਿੱਚ ਕੋਈ ਤੰਤੂ-ਜ਼ਹਿਰ (Neurotoxin) ਹੋਇਆ ਤਾਂ ਇਹ ਮਨੁੱਖੀ ਜੀਵਨ ਲਈ ਬੇਹੱਦ ਖ਼ਤਰਨਾਕ ਸਾਬਤ ਹੋ ਸਕਦਾ ਹੈ। ਫਿਲਹਾਲ ਪ੍ਰਸ਼ਾਸਨ ਵਲੋਂ ਪਦਾਰਥ ਦੀ ਅਸਲ ਪਛਾਣ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ ਅਤੇ ਸਭ ਨੂੰ ਜਾਂਚ ਰਿਪੋਰਟ ਦਾ ਇੰਤਜ਼ਾਰ ਹੈ।