ਸਫ਼ਾਈ ਸੇਵਕਾਂ ਦੀ ਹੜਤਾਲ ਵਿਚਕਾਰ ਬੱਸ ਮਾਲਕਾਂ ਨੇ ਖੁਦ ਸੰਭਾਲੀ ਸਫ਼ਾਈ ਦੀ ਜ਼ਿੰਮੇਵਾਰੀ
ਪੰਜਾਬ ਵਿੱਚ ਸਫ਼ਾਈ ਸੇਵਕਾਂ ਦੀ ਚੱਲ ਰਹੀ ਹੜਤਾਲ ਦੇ ਦਰਮਿਆਨ ਮਾਨਸਾ ਬੱਸ ਅੱਡੇ 'ਤੇ ਗੰਦਗੀ ਦੇ ਵੱਧਦੇ ਢੇਰਾਂ ਨੂੰ ਦੇਖਦਿਆਂ ਬੱਸ ਮਾਲਕਾਂ ਨੇ ਖੁਦ ਝਾੜੂ ਚੁੱਕ ਕੇ ਬੱਸ ਅੱਡੇ ਦੀ ਸਫ਼ਾਈ ਕੀਤੀ। ਸਫ਼ਾਈ ਦੌਰਾਨ ਇਕੱਠਾ ਕੀਤਾ ਗਿਆ ਕੂੜਾ ਕੂੜੇਦਾਨਾਂ ਵਿੱਚ ਪਾਉਣ ਦੀ ਬਜਾਏ ਦੂਰ ਸੁੱਟਿਆ ਗਿਆ, ਕਿਉਂਕਿ ਬੱਸ ਅੱਡੇ ਦੇ ਕੂੜੇਦਾਨ ਪਹਿਲਾਂ ਹੀ ਪੂਰੀ ਤਰ੍ਹਾਂ ਭਰੇ ਹੋਏ ਸਨ। ਜ਼ਿਲ੍ਹਾ ਬੱਸ ਅਪਰੇਟਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਅਤੇ ਮਿੰਨੀ ਬੱਸ ਅਪਰੇਟਰਜ਼ ਯੂਨੀਅਨ ਦੇ ਪ੍ਰਧਾਨ ਰਜਿੰਦਰ ਸਿੰਘ ਨੇ ਦੱਸਿਆ ਕਿ ਬੱਸ ਅੱਡੇ ਵਿੱਚ ਸਫ਼ਾਈ ਦੀ ਸਥਿਤੀ ਬਹੁਤ ਮਾੜੀ ਹੈ। ਉਨ੍ਹਾਂ ਕਿਹਾ ਕਿ ਯਾਤਰੀਆਂ ਲਈ ਪੀਣ ਵਾਲੇ ਪਾਣੀ ਦੀ ਵੀ ਪੂਰੀ ਵਿਵਸਥਾ ਨਹੀਂ ਹੈ। ਇਸ ਤੋਂ ਇਲਾਵਾ ਬਿਜਲੀ ਦਾ ਕੁਨੈਕਸ਼ਨ ਕੱਟੇ ਜਾਣ ਕਾਰਨ ਭਾਰੀ ਗਰਮੀ ਵਿੱਚ ਪੱਖੇ ਬੰਦ ਪਏ ਹਨ, ਜਦਕਿ ਬੱਸ ਅੱਡੇ ਦੀ ਰੌਸ਼ਨੀ ਦੀ ਵਿਵਸਥਾ ਵੀ ਸੰਤੋਸ਼ਜਨਕ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਸਮੱਸਿਆਵਾਂ ਵੱਲ ਸਬੰਧਤ ਅਧਿਕਾਰੀਆਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਬੱਸ ਅਪਰੇਟਰਾਂ ਨੇ ਦੱਸਿਆ ਕਿ ਇਨ੍ਹਾਂ ਮੁਸ਼ਕਲਾਂ ਨੂੰ ਲੈ ਕੇ ਪ੍ਰਾਈਵੇਟ ਬੱਸ ਅਪਰੇਟਰਜ਼ ਯੂਨੀਅਨ ਅਤੇ ਪੀਆਰਟੀਸੀ ਬੁਢਲਾਡਾ, ਬਰਨਾਲਾ ਅਤੇ ਬਠਿੰਡਾ ਦੇ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਬੱਸ ਅੱਡੇ ਦੀ ਪਰਚੀ ਜਾਰੀ ਕਰਨ ਦਾ ਕੰਮ ਬੰਦ ਕੀਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਯਾਤਰੀਆਂ ਨੂੰ ਬੁਨਿਆਦੀ ਸਹੂਲਤਾਂ ਹੀ ਨਹੀਂ ਮਿਲ ਰਹੀਆਂ ਤਾਂ ਅਜਿਹੀ ਪਰਚੀ ਦਾ ਕੋਈ ਔਚਿਤ ਨਹੀਂ ਰਹਿੰਦਾ। ਬੱਸ ਅਪਰੇਟਰਾਂ ਨੇ ਇਹ ਵੀ ਕਿਹਾ ਕਿ ਜਦੋਂ ਤੱਕ ਬੱਸ ਅੱਡੇ ਵਿੱਚ ਸਫ਼ਾਈ ਦਾ ਪੱਕਾ ਪ੍ਰਬੰਧ ਨਹੀਂ ਕੀਤਾ ਜਾਂਦਾ, ਉਹ ਰੋਸ ਪ੍ਰਗਟਾਉਂਦੇ ਹੋਏ ਖੁਦ ਹੀ ਸਫ਼ਾਈ ਦਾ ਕੰਮ ਜਾਰੀ ਰੱਖਣਗੇ, ਤਾਂ ਜੋ ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
Posted By: Daily Suraj Bureau