Daily Suraj

ਪੰਜਾਬੀ

ਪੰਜਾਬ ਦੇ ਕਈ ਇਲਾਕਿਆਂ ਵਿੱਚ ATM ਸੁੰਨੇ, ਉਦਯੋਗ ਅਤੇ ਰੀਅਲ ਅਸਟੇਟ ਕਾਰੋਬਾਰ 'ਤੇ ਅਸਰ

12 Jun, 2026 08:43 AM

ਪੰਜਾਬ ਵਿੱਚ ਨਗਦੀ ਦੀ ਕਮੀ ਕਾਰਨ ਬੈਂਕਾਂ ਅਤੇ ATM ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ। ਕਈ ਥਾਵਾਂ 'ਤੇ ATM ਖਾਲੀ ਹੋਣ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ, ਜਦਕਿ ATM ਵਿੱਚ ਕਰੰਸੀ ਲੋਡ ਕਰਨ ਦੀ ਪ੍ਰਕਿਰਿਆ ਵੀ ਕਈ ਘੰਟਿਆਂ ਤੋਂ ਲੈ ਕੇ ਕਈ ਦਿਨਾਂ ਦੀ ਦੇਰੀ ਨਾਲ ਹੋ ਰਹੀ ਹੈ। ਇਸ ਸਥਿਤੀ ਦਾ ਅਸਰ ਆਮ ਲੋਕਾਂ ਦੇ ਨਾਲ-ਨਾਲ ਉਦਯੋਗ, ਵਪਾਰ ਅਤੇ ਰੀਅਲ ਅਸਟੇਟ ਖੇਤਰ 'ਤੇ ਵੀ ਪੈ ਰਿਹਾ ਹੈ। ਬੈਂਕਾਂ ਵੱਲੋਂ ਨਗਦੀ ਕਢਵਾਉਣ ਲਈ ਨਿਰਧਾਰਿਤ ਸੀਮਾ ਤੈਅ ਕੀਤੀ ਗਈ ਹੈ, ਜਿਸ ਕਾਰਨ ਵੱਡੀ ਮਾਤਰਾ ਵਿੱਚ ਨਕਦੀ ਦੀ ਲੋੜ ਵਾਲੇ ਕਾਰੋਬਾਰ ਪ੍ਰਭਾਵਿਤ ਹੋ ਰਹੇ ਹਨ। ਖਾਸ ਤੌਰ 'ਤੇ ਉਦਯੋਗਾਂ ਨੂੰ ਮਜ਼ਦੂਰਾਂ ਦੀ ਸਮੇਂ ਸਿਰ ਤਨਖ਼ਾਹ ਅਦਾ ਕਰਨ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਚੱਕ ਅਤਰ ਸਿੰਘ ਵਾਲਾ ਦੇ ਇੱਕ ਪ੍ਰਾਈਵੇਟ ਸਕੂਲ ਦੇ ਐੱਮ.ਡੀ. ਬਲਵੀਰ ਸਿੰਘ ਕੋਟ ਗੁਰੂ ਨੇ ਦੱਸਿਆ ਕਿ ਜਦੋਂ ਉਹ ਪਿੰਡ ਬਾਦਲ ਦੇ ATM ਤੋਂ ਨਗਦੀ ਕਢਵਾਉਣ ਗਏ ਤਾਂ ਉੱਥੇ ਮੌਜੂਦ ਕਿਸੇ ਵੀ ATM ਵਿੱਚ ਨਕਦੀ ਉਪਲਬਧ ਨਹੀਂ ਸੀ। ਦੂਜੇ ਪਾਸੇ, ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਥਿਤੀ ਆਰਜ਼ੀ ਹੈ। ਉਨ੍ਹਾਂ ਮੁਤਾਬਕ ਭਾਰਤੀ ਰਿਜ਼ਰਵ ਬੈਂਕ ਨੂੰ ਬੈਂਕਾਂ ਵਿੱਚ ਵਾਧੂ ਨਗਦੀ ਉਪਲਬਧ ਕਰਵਾਉਣ ਲਈ ਬੇਨਤੀ ਕੀਤੀ ਗਈ ਹੈ। ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਅਪਰੈਲ ਅਤੇ ਮਈ ਮਹੀਨੇ ਦੌਰਾਨ ਪੰਜਾਬ ਵਿੱਚ ਨਗਦੀ ਕਢਵਾਉਣ ਦੀ ਦਰ ਕਾਫ਼ੀ ਵੱਧ ਰਹੀ, ਜਿਸ ਦਾ ਅਸਰ ਮੌਜੂਦਾ ਸਥਿਤੀ 'ਤੇ ਪਿਆ ਹੈ। ਲੁਧਿਆਣਾ ਦੇ ਉਦਯੋਗਪਤੀ ਇਸ਼ਵਰ ਸਿੰਘ ਭੰਦੋਹਲ ਨੇ ਦੱਸਿਆ ਕਿ ਕਈ ATM ਖਾਲੀ ਹੋਣ ਕਾਰਨ ਨਗਦੀ ਪ੍ਰਾਪਤ ਕਰਨਾ ਮੁਸ਼ਕਲ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਹਰ ਮਹੀਨੇ ਦੀ 25 ਤਰੀਕ ਨੂੰ ਐਡਵਾਂਸ ਅਤੇ 10 ਤਰੀਕ ਨੂੰ ਮਜ਼ਦੂਰਾਂ ਨੂੰ ਤਨਖ਼ਾਹ ਦੇਣ ਵੇਲੇ ਨਗਦੀ ਦੀ ਕਮੀ ਵੱਡੀ ਸਮੱਸਿਆ ਬਣ ਰਹੀ ਹੈ। ਇਸ ਕਾਰਨ ਹੁਣ ਮਜ਼ਦੂਰਾਂ ਦੇ ਖਾਤਿਆਂ ਵਿੱਚ ਸਿੱਧੀ ਤਨਖ਼ਾਹ ਜਮ੍ਹਾਂ ਕਰਵਾਉਣ ਦੀ ਪ੍ਰਕਿਰਿਆ ਅਪਣਾਈ ਜਾ ਰਹੀ ਹੈ। ਇਸੇ ਤਰ੍ਹਾਂ ਮੁਹਾਲੀ ਦੇ ਇੱਕ ਪ੍ਰਾਪਰਟੀ ਕਾਰੋਬਾਰੀ ਨੇ ਦੱਸਿਆ ਕਿ ਬੈਂਕਾਂ ਵੱਲੋਂ ਨਗਦੀ ਕਢਵਾਉਣ ਦੀ ਹੱਦ ਨਿਰਧਾਰਿਤ ਕੀਤੇ ਜਾਣ ਕਾਰਨ ਰੀਅਲ ਅਸਟੇਟ ਕਾਰੋਬਾਰ ਵੀ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਕਦੀ ਦੀ ਸੀਮਤ ਉਪਲਬਧਤਾ ਕਾਰਨ ਕਈ ਕਾਰੋਬਾਰੀ ਲੈਣ-ਦੇਣ ਪ੍ਰਭਾਵਿਤ ਹੋ ਰਹੇ ਹਨ।

Posted By: Daily Suraj Bureau

Latest News