ਗੁਹਾਟੀ 'ਚ ਹੋਟਲ ਲੀਜ਼ ਦੇ ਵਿਵਾਦ ਨੂੰ ਲੈ ਕੇ ਖ਼ੂਨੀ ਝੜਪ: ਤਾਬੜਤੋੜ ਫ਼ਾਇਰਿੰਗ 'ਚ 5 ਲੋਕਾਂ ਦੀ ਮੌਤ, 1 ਜ਼ਖ਼ਮੀ
ਅਸਾਮ ਦੇ ਗੁਹਾਟੀ ਵਿੱਚ ਸੋਮਵਾਰ ਰਾਤ ਇੱਕ ਹੋਟਲ ਦੇ ਮਾਲਕ ਅਤੇ ਹੋਟਲ ਲੀਜ਼ (ਪੱਟੇ) 'ਤੇ ਲੈਣ ਵਾਲੇ ਠੇਕੇਦਾਰ ਵਿਚਾਲੇ ਹੋਇਆ ਤਕਰਾਰ ਖ਼ੂਨੀ ਰੂਪ ਧਾਰਨ ਕਰ ਗਿਆ। ਇਸ ਦੌਰਾਨ ਹੋਈ ਭਾਰੀ ਗੋਲੀਬਾਰੀ ਵਿੱਚ ਪੰਜ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਇੱਕ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਪੁਲੀਸ ਅਨੁਸਾਰ ਹੋਟਲ ਲੀਜ਼ 'ਤੇ ਲੈਣ ਵਾਲੇ ਠੇਕੇਦਾਰ ਨੇ ਇਹ ਗੋਲੀਆਂ ਚਲਾਈਆਂ, ਜਿਸ ਨੂੰ ਵਾਰਦਾਤ ਦੇ ਮਹਿਜ਼ ਇੱਕ ਘੰਟੇ ਦੇ ਅੰਦਰ ਹੀ ਕਾਬੂ ਕਰ ਲਿਆ ਗਿਆ ਹੈ। ਇਹ ਖ਼ੂਨੀ ਵਾਰਦਾਤ ਸੋਮਵਾਰ ਰਾਤ ਲਗਪਗ 9 ਵਜੇ ਮੁੱਖ ਜੀ ਐੱਸ ਰੋਡ 'ਤੇ ਬੋਰਾ ਸਰਵਿਸ ਦੇ ਸਾਹਮਣੇ ਸਥਿਤ 'ਹੋਟਲ ਬਿਲਾਸ ਇਨ' ਵਿੱਚ ਵਾਪਰੀ। ਜ਼ਿਕਰਯੋਗ ਹੈ ਕਿ ਘਟਨਾ ਸਥਾਨ ਅਸਾਮ ਪੁਲੀਸ ਦੇ ਮੁੱਖ ਦਫ਼ਤਰ ਤੋਂ ਸਿਰਫ਼ ਦੋ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਛੇ ਲੋਕਾਂ ਨੂੰ ਲੱਗੀਆਂ ਗੋਲੀਆਂ ਮਾਮਲੇ ਦੀ ਜਾਣਕਾਰੀ ਦਿੰਦਿਆਂ ਗੁਹਾਟੀ ਦੇ ਪੁਲੀਸ ਕਮਿਸ਼ਨਰ ਪਾਰਥ ਸਾਰਥੀ ਮਹੰਤਾ ਨੇ ਦੱਸਿਆ ਕਿ ਫ਼ਾਇਰਿੰਗ ਦੌਰਾਨ ਕੁੱਲ ਛੇ ਲੋਕਾਂ ਨੂੰ ਗੋਲੀਆਂ ਲੱਗੀਆਂ ਸਨ। ਇਨ੍ਹਾਂ ਵਿੱਚੋਂ ਪੰਜ ਜਣਿਆਂ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਮੌਕੇ 'ਤੇ ਹੀ ਦਮ ਤੋੜ ਦਿੱਤਾ, ਜਦਕਿ ਇੱਕ ਜ਼ਖ਼ਮੀ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਘਟਨਾ ਵਿੱਚ ਵਰਤਿਆ ਗਿਆ .32 ਬੋਰ ਦਾ ਲਾਇਸੈਂਸੀ ਪਿਸਤੌਲ ਪੁਲੀਸ ਵੱਲੋਂ ਬਰਾਮਦ ਕਰ ਲਿਆ ਗਿਆ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਪੂਰਾ ਵਿਵਾਦ ਹੋਟਲ ਦੇ ਪੱਟੇ ਦੇ ਸਮਝੌਤੇ ਨਾਲ ਜੁੜੀ ਜਾਇਦਾਦ ਨਾਲ ਸਬੰਧਤ ਸੀ। ਹੋਟਲ ਮਾਲਕ ਦੇ ਨਜ਼ਦੀਕੀਆਂ ਨੂੰ ਬਣਾਇਆ ਨਿਸ਼ਾਨਾ ਪੁਲੀਸ ਕਮਿਸ਼ਨਰ ਮੁਤਾਬਕ ਮਾਰੇ ਗਏ ਸਾਰੇ ਪੰਜੇ ਵਿਅਕਤੀ ਹੋਟਲ ਮਾਲਕ ਦੇ ਜਾਣਕਾਰ ਅਤੇ ਸਬੰਧਤ ਸਨ। ਠੇਕੇਦਾਰ ਨੇ ਖ਼ੁਦ ਗੋਲੀਆਂ ਚਲਾ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ। ਵਾਰਦਾਤ ਤੋਂ ਬਾਅਦ ਸਾਹਮਣੇ ਆਈਆਂ ਵੀਡੀਓਜ਼ ਵਿੱਚ ਹੋਟਲ ਦੇ ਰਿਸੈਪਸ਼ਨ ਨੇੜੇ ਅਤੇ ਬਾਹਰ ਸੜਕ 'ਤੇ ਮ੍ਰਿਤਕ ਦੇਹਾਂ ਪਈਆਂ ਦਿਖਾਈ ਦੇ ਰਹੀਆਂ ਹਨ। ਪੁਲੀਸ ਅਨੁਸਾਰ ਹਮਲਾਵਰ ਗੋਲੀਆਂ ਚਲਾਉਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਿਆ ਸੀ, ਪਰ ਪੁਲੀਸ ਦੀ ਮੁਸਤੈਦੀ ਨਾਲ ਉਸ ਨੂੰ ਤੁਰੰਤ ਹਿਰਾਸਤ ਵਿੱਚ ਲੈ ਲਿਆ ਗਿਆ। ਫਿਲਹਾਲ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਵਿਵਾਦ ਦੇ ਪਿਛੋਕੜ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ।