Daily Suraj

ਪੰਜਾਬੀ

'ਇੰਟੈਲੀਜੈਂਸ-ਫਸਟ' ਮਾਡਲ ਨਾਲ ਭਾਰਤੀ ਸੁਰੱਖਿਆ ਏਜੰਸੀਆਂ ਨੂੰ ਮਿਲੀ ਵੱਦੀ ਕਾਮਯਾਬੀ: ਜੰਮੂ-ਕਸ਼ਮੀਰ ਤੋਂ ਲਕਸ਼ਦੀਪ ਤੱਕ ਵੱਡੇ ਆਪ੍ਰੇਸ਼ਨ

02 Oct, 2026 03:40 PM

ਭਾਰਤੀ ਸੁਰੱਖਿਆ ਏਜੰਸੀਆਂ ਨੇ ਸਟੀਕ ਖੁਫ਼ੀਆ ਜਾਣਕਾਰੀ ਅਤੇ ਆਪਸੀ ਸੁਚੱਜੇ ਤਾਲਮੇਲ ਦੇ ਆਧਾਰ 'ਤੇ ਇਸ ਹਫ਼ਤੇ ਦੋ ਵੱਡੇ ਅਤੇ ਅਹਿਮ ਆਪ੍ਰੇਸ਼ਨਾਂ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਿਆ ਹੈ। ਇਨ੍ਹਾਂ ਕਾਰਵਾਈਆਂ ਦੌਰਾਨ ਜੰਮੂ-ਕਸ਼ਮੀਰ ਵਿੱਚ ਲਸ਼ਕਰ-ਏ-ਤੋਇਬਾ ਦੇ ਇੱਕ ਪ੍ਰਮੁੱਖ ਅੱਤਵਾਦੀ ਨੂੰ ਢੇਰ ਕੀਤਾ ਗਿਆ, ਜਦਕਿ ਲਕਸ਼ਦੀਪ ਨੇੜੇ ਸਮੁੰਦਰ ਵਿੱਚੋਂ 3,000 ਕਰੋੜ ਰੁਪਏ ਤੋਂ ਵੱਧ ਮੁੱਲ ਦੇ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਜ਼ਬਤ ਕੀਤੀ ਗਈ। ਸੁਰੱਖਿਆ ਮਾਹਰਾਂ ਅਨੁਸਾਰ ਇਹ ਸਫ਼ਲਤਾਵਾਂ ਦੇਸ਼ ਦੇ ਅਪਗ੍ਰੇਡ ਹੋ ਰਹੇ ਖੁਫ਼ੀਆ ਤੰਤਰ (ਇੰਟੈਲੀਜੈਂਸ ਗਰਿੱਡ) ਦੀ ਰਣਨੀਤਕ ਮਜ਼ਬੂਤੀ ਨੂੰ ਦਰਸਾਉਂਦੀਆਂ ਹਨ। ਮੰਗਲਵਾਰ ਰਾਤ ਨੂੰ ਮਿਲੀ ਇੱਕ ਪੁਖ਼ਤਾ ਸੂਚਨਾ ਦੇ ਆਧਾਰ 'ਤੇ ਭਾਰਤੀ ਫੌਜ ਦੀ 15 ਚਿਨਾਰ ਕੋਰ ਨੇ ਜੰਮੂ-ਕਸ਼ਮੀਰ ਦੇ ਬਡਗਾਮ ਇਲਾਕੇ ਵਿੱਚ ਵਿਸ਼ੇਸ਼ ਆਪ੍ਰੇਸ਼ਨ ਚਲਾਇਆ। ਇਸ ਕਾਰਵਾਈ ਦੌਰਾਨ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਮੁਹੰਮਦ ਆਸਿਫ ਉਰਫ਼ ਹਾਸ਼ਿਮ ਮੂਸਾ ਅਲੀ ਆਸਿਫ ਫੌਜੀ ਨੂੰ ਮਾਰ ਮੁਕਾਇਆ ਗਿਆ। ਦੂਜੇ ਪਾਸੇ, 25 ਸਤੰਬਰ ਨੂੰ ਭਾਰਤੀ ਤੱਟ ਰੱਖਿਅਕ ਬਲ (ICG) ਅਤੇ ਗੁਜਰਾਤ ਏ.ਟੀ.ਐੱਸ. (ATS) ਨੇ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ ਲਕਸ਼ਦੀਪ ਦੇ ਨੇੜੇ 5 ਪਾਕਿਸਤਾਨੀਆਂ ਸਵਾਰ ਇੱਕ ਈਰਾਨੀ ਕਿਸ਼ਤੀ ਨੂੰ ਰੋਕਿਆ। ਇਸ ਕਾਰਵਾਈ ਵਿੱਚ 526 ਕਿਲੋਗ੍ਰਾਮ ਹੈਰੋਇਨ ਅਤੇ ਮੈਥਾਮਫੇਟਾਮਾਈਨ ਜ਼ਬਤ ਕੀਤੀ ਗਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਲਗਪਗ 3,000 ਕਰੋੜ ਰੁਪਏ ਦੱਸੀ ਗਈ ਹੈ। ਸੁਰੱਖਿਆ ਅਧਿਕਾਰੀਆਂ ਮੁਤਾਬਕ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਅਜੀਤ ਡੋਵਾਲ ਦੇ ਨਿਰਦੇਸ਼ਾਂ ਹੇਠ ਭਾਰਤ ਨੇ 'ਇੰਟੈਲੀਜੈਂਸ-ਫਸਟ' (Intelligence-First) ਮਾਡਲ ਅਪਣਾਇਆ ਹੈ। ਇਸ ਪ੍ਰਣਾਲੀ ਦੇ ਤਹਿਤ ਜ਼ਮੀਨੀ ਸੂਚਨਾਵਾਂ ('HUMINT') ਅਤੇ ਆਧੁਨਿਕ ਤਕਨਾਲੋਜੀ ('TECHINT') ਨੂੰ ਆਪਸ ਵਿੱਚ ਜੋੜਿਆ ਗਿਆ ਹੈ। ਮਲਟੀ ਏਜੰਸੀ ਸੈਂਟਰ (MAC) ਅਤੇ ਫੌਜੀ ਨੈੱਟਵਰਕਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਤੇ ਮਸ਼ੀਨ ਲਰਨਿੰਗ ਵਰਗੇ ਸਾਫਟਵੇਅਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਤਾਂ ਜੋ ਭਵਿੱਖੀ ਖ਼ਤਰਿਆਂ ਦਾ ਪਹਿਲਾਂ ਹੀ ਅਨੁਮਾਨ ਲਗਾਇਆ ਜਾ ਸਕੇ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਤਕਨਾਲੋਜੀ ਦੇ ਨਾਲ-ਨਾਲ ਜ਼ਮੀਨੀ ਪੱਧਰ ਦੀ ਖੁਫ਼ੀਆ ਜਾਣਕਾਰੀ ਦੀ ਭੂਮਿਕਾ ਅਜੇ ਵੀ ਸਭ ਤੋਂ ਅਹਿਮ ਹੈ, ਖ਼ਾਸ ਕਰਕੇ ਨਕਸਲ ਪ੍ਰਭਾਵਿਤ ਖੇਤਰਾਂ ਅਤੇ ਜੰਮੂ-ਕਸ਼ਮੀਰ ਵਰਗੇ ਸੰਵੇਦਨਸ਼ੀਲ ਇਲਾਕਿਆਂ ਵਿੱਚ। ਹਾਲ ਹੀ ਵਿੱਚ ਹੋਈ ਰਾਸ਼ਟਰੀ ਸੁਰੱਖਿਆ ਰਣਨੀਤੀਆਂ (NSS) ਬਾਰੇ ਕਾਨਫਰੰਸ ਦੌਰਾਨ ਗ੍ਰਹਿ ਮੰਤਰਾਲੇ ਨੇ ਵੱਖ-ਵੱਖ ਚੁਣੌਤੀਆਂ ਨਾਲ ਨਜਿੱਠਣ ਲਈ AI-ਆਧਾਰਿਤ ਵਿਸ਼ਲੇਸ਼ਣ 'ਤੇ ਅਧਾਰਿਤ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ (SOPs) ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਦੇਸ਼ ਵਿਰੋਧੀ ਪ੍ਰਚਾਰ, ਡਰੋਨ ਤਕਨਾਲੋਜੀ ਦੀ ਦੁਰਵਰਤੋਂ, ਗੈਰ-ਕਾਨੂੰਨੀ ਘੁਸਪੈਠ ਅਤੇ ਨਸ਼ਾ ਤਸਕਰੀ ਵਰਗੀਆਂ ਬਹੁ-ਪੱਖੀ ਚੁਣੌਤੀਆਂ ਨਾਲ ਨਜਿੱਠਣ ਲਈ ਸੁਰੱਖਿਆ ਏਜੰਸੀਆਂ 2047 ਤੱਕ ਦੇ ਲੰਮੇ ਸਮੇਂ ਦੇ ਟੀਚਿਆਂ ਨੂੰ ਧਿਆਨ ਵਿੱਚ ਰੱਖ ਕੇ ਆਪਣਾ ਸਿਸਟਮ ਮਜ਼ਬੂਤ ਕਰ ਰਹੀਆਂ ਹਨ।

Latest News