Daily Suraj

ਪੰਜਾਬੀ

NEET UG 2026 ਪੇਪਰ ਲੀਕ ਮਾਮਲਾ: ਫਾਸਟ-ਟਰੈਕ ਅਦਾਲਤ ਨੇ CBI ਦੀ ਚਾਰਜਸ਼ੀਟ ਰਿਕਾਰਡ ’ਤੇ ਲਈ

29 Jul, 2026 08:44 AM

ਪਬਲਿਕ ਪ੍ਰੀਖਿਆਵਾਂ ਵਿੱਚ ਪੇਪਰ ਲੀਕ ਅਤੇ ਹੋਰ ਗਲਤ ਤਰੀਕਿਆਂ ਨਾਲ ਜੁੜੇ ਅਪਰਾਧਿਕ ਮਾਮਲਿਆਂ ਦੀ ਸੁਣਵਾਈ ਲਈ ਬਣਾਈ ਗਈ ਵਿਸ਼ੇਸ਼ ਫਾਸਟ-ਟਰੈਕ ਅਦਾਲਤ ਨੇ ਬੁੱਧਵਾਰ ਨੂੰ NEET UG 2026 ਪੇਪਰ ਲੀਕ ਮਾਮਲੇ ਵਿੱਚ ਕੇਂਦਰੀ ਜਾਂਚ ਬਿਊਰੋ (CBI) ਵੱਲੋਂ ਦਾਖ਼ਲ ਕੀਤੀ ਗਈ ਚਾਰਜਸ਼ੀਟ ਨੂੰ ਰਿਕਾਰਡ ’ਤੇ ਲੈ ਲਿਆ। ਵਿਸ਼ੇਸ਼ ਜੱਜ ਅਨੂ ਗਰੋਵਰ ਬਾਲਿਗਾ ਨੇ 13 ਦੋਸ਼ੀਆਂ ਖ਼ਿਲਾਫ਼ ਸੀ.ਬੀ.ਆਈ. ਦੀ ਅੰਤਿਮ ਰਿਪੋਰਟ ਨੂੰ ਰਿਕਾਰਡ ’ਤੇ ਸਵੀਕਾਰ ਕਰਦਿਆਂ ਜਾਂਚ ਏਜੰਸੀ ਨੂੰ ਮਾਮਲੇ ਨਾਲ ਸੰਬੰਧਤ ਐਨੈਕਸ਼ਰ ਦਾਖ਼ਲ ਕਰਨ ਲਈ ਸਮਾਂ ਦਿੱਤਾ। ਸੀ.ਬੀ.ਆਈ. ਨੇ ਅਦਾਲਤ ਨੂੰ ਦੱਸਿਆ ਕਿ ਕਰੀਬ 20,000 ਪੰਨਿਆਂ ਦੇ ਐਨੈਕਸ਼ਰਾਂ ਨੂੰ ਸਕੈਨ ਕੀਤਾ ਜਾ ਰਿਹਾ ਹੈ ਅਤੇ ਇਹ ਤਿੰਨ ਦਿਨਾਂ ਬਾਅਦ ਅਦਾਲਤ ਵਿੱਚ ਪੇਸ਼ ਕੀਤੇ ਜਾਣਗੇ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 3 ਅਗਸਤ ਲਈ ਨਿਰਧਾਰਤ ਕੀਤੀ ਹੈ। ਸੂਤਰਾਂ ਅਨੁਸਾਰ, ਅਦਾਲਤ ਦੇ ਹੁਕਮਾਂ ਤੋਂ ਬਾਅਦ ਵਕੀਲ ਵੀ.ਕੇ. ਪਾਠਕ ਅਤੇ ਅਰਜੁਨ ਆਨੰਦ ਨੂੰ ਇਸ ਕੇਸ ਵਿੱਚ ਸੀ.ਬੀ.ਆਈ. ਦੇ ਪਬਲਿਕ ਪ੍ਰੌਸੀਕਿਊਟਰ ਵਜੋਂ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸੀ.ਬੀ.ਆਈ. ਨੇ NEET UG 2026 ਪੇਪਰ ਲੀਕ ਮਾਮਲੇ ਵਿੱਚ 13 ਦੋਸ਼ੀਆਂ ਖ਼ਿਲਾਫ਼ ਵਿਸ਼ੇਸ਼ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਸੀ। ਜਾਂਚ ਏਜੰਸੀ ਦੇ ਅਨੁਸਾਰ, ਦੋਸ਼ੀਆਂ ਵਿੱਚ ਤਿੰਨ ਪੇਪਰ ਮਾਹਰ, ਕੋਚਿੰਗ ਸੈਂਟਰਾਂ ਨਾਲ ਜੁੜੇ ਦੋ ਵਿਅਕਤੀ, ਕੁਝ ਵਿਚੋਲੇ ਅਤੇ ਕਈ ਲਾਭਪਾਤਰੀ ਉਮੀਦਵਾਰ ਸ਼ਾਮਲ ਹਨ। ਸੀ.ਬੀ.ਆਈ. ਨੇ ਆਪਣੀ ਚਾਰਜਸ਼ੀਟ ਵਿੱਚ ਦੋਸ਼ੀਆਂ ’ਤੇ ਭਾਰਤੀ ਨਿਆਂ ਸੰਹਿਤਾ (BNS) ਤਹਿਤ ਅਪਰਾਧਿਕ ਸਾਜ਼ਿਸ਼, ਧੋਖਾਧੜੀ, ਅਪਰਾਧਿਕ ਭਰੋਸਾ ਤੋੜਨ, ਸਬੂਤ ਨਸ਼ਟ ਕਰਨ ਸਮੇਤ ਹੋਰ ਸੰਬੰਧਿਤ ਧਾਰਾਵਾਂ ਅਧੀਨ ਦੋਸ਼ ਲਗਾਏ ਹਨ। ਇਸ ਦੇ ਨਾਲ ਹੀ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਪਬਲਿਕ ਐਗਜ਼ਾਮੀਨੇਸ਼ਨ (ਪ੍ਰੀਵੈਂਸ਼ਨ ਆਫ ਅਨਫੇਅਰ ਮੀਨਜ਼) ਐਕਟ, 2024 ਦੇ ਤਹਿਤ ਵੀ ਦੋਸ਼ ਦਰਜ ਕੀਤੇ ਗਏ ਹਨ। ਹੁਣ ਮਾਮਲੇ ਦੀ ਅਗਲੀ ਕਾਰਵਾਈ 3 ਅਗਸਤ ਨੂੰ ਹੋਣ ਵਾਲੀ ਸੁਣਵਾਈ ਦੌਰਾਨ ਅਦਾਲਤ ਦੇ ਸਾਹਮਣੇ ਹੋਵੇਗੀ, ਜਿੱਥੇ ਸੀ.ਬੀ.ਆਈ. ਵੱਲੋਂ ਬਾਕੀ ਐਨੈਕਸ਼ਰ ਵੀ ਪੇਸ਼ ਕੀਤੇ ਜਾਣ ਦੀ ਉਮੀਦ ਹੈ।

Posted By: Daily Suraj Bureau

Latest News