ਨਵੀਂ ਦਿੱਲੀ 'ਚ ਵੱਡਾ ਸਿਆਸੀ ਧਮਾਕਾ: ਮਨਪ੍ਰੀਤ ਬਾਦਲ ਦੀ ਧੀ ਦੇ ਰਿਸੈਪਸ਼ਨ 'ਚ ਇਕੱਠੇ ਹੋਣਗੇ PM ਮੋਦੀ, ਅਮਿਤ ਸ਼ਾਹ ਤੇ ਸੁਖਬੀਰ ਬਾਦਲ
ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਅੱਜ ਰਾਤ ਇੱਕ ਵੱਡਾ ਨਿੱਜੀ ਅਤੇ ਸਿਆਸੀ ਇਕੱਠ ਦੇਖਣ ਨੂੰ ਮਿਲੇਗਾ। ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਧੀ ਰਿਆ ਦੇ ਵਿਆਹ ਦੇ ਰਿਸੈਪਸ਼ਨ ਸਮਾਗਮ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਸ਼੍ਰੋਮਣੀ ਅਕਾਲੀ ਦਲ (ਸਸ਼ਅਦ) ਦੇ ਸੀਨੀਅਰ ਦਿੱਗਜ ਆਗੂਆਂ ਦੇ ਸ਼ਾਮਲ ਹੋਣ ਦੀ ਪੂਰੀ ਉਮੀਦ ਹੈ। ਇਹ ਹਾਈ-ਪ੍ਰੋਫਾਈਲ ਰਿਸੈਪਸ਼ਨ ਸਮਾਗਮ ਅੱਜ ਰਾਤ ਲੁਟੀਅਨਜ਼ ਦਿੱਲੀ ਸਥਿਤ ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਦੇ ਰਿਹਾਇਸ਼ੀ ਘਰ ਵਿੱਚ ਰੱਖਿਆ ਗਿਆ ਹੈ। ਜੈ ਇੰਦਰ ਕੌਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਹਨ। ਰਾਜਸੀ ਪਰਿਵਾਰਾਂ ਦਾ ਖਾਸ ਰਿਸ਼ਤਾ ਇਸ ਵਿਆਹ ਸਮਾਗਮ ਦਾ ਇੱਕ ਦਿਲਚਸਪ ਪਹਿਲੂ ਇਹ ਵੀ ਹੈ ਕਿ ਸਾਲ 2017 ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਦੋਹਤੇ ਨਿਰਵਾਨ ਦਾ ਵਿਆਹ ਕਾਂਗਰਸ ਦੇ ਸੀਨੀਅਰ ਆਗੂ ਡਾ. ਕਰਨ ਸਿੰਘ ਦੀ ਪੋਤੀ ਮ੍ਰਿਗਾਂਕਾ ਸਿੰਘ ਨਾਲ ਹੋਇਆ ਸੀ। ਹੁਣ ਮਨਪ੍ਰੀਤ ਸਿੰਘ ਬਾਦਲ ਦੀ ਧੀ ਰਿਆ ਦਾ ਵਿਆਹ ਦਿੱਲੀ ਵਿੱਚ ਡਾ. ਕਰਨ ਸਿੰਘ ਦੇ ਪੋਤੇ ਆਰ.ਕੇ. ਮਾਰਤੰਡ ਸਿੰਘ ਨਾਲ ਸੰਪੰਨ ਹੋ ਰਿਹਾ ਹੈ। ਸ਼ਾਮ ਨੂੰ ਹੋਣ ਵਾਲੇ ਵਿਆਹ ਦੇ ਮੁੱਖ ਸਮਾਗਮ ਤੋਂ ਬਾਅਦ ਜੈ ਇੰਦਰ ਕੌਰ ਦੇ ਘਰ ਸ਼ਾਨਦਾਰ ਰਿਸੈਪਸ਼ਨ ਪਾਰਟੀ ਆਯੋਜਿਤ ਕੀਤੀ ਗਈ ਹੈ। ਚੋਟੀ ਦੀ ਲੀਡਰਸ਼ਿਪ ਦੀ ਹਾਜ਼ਰੀ ਦੀ ਸੰਭਾਵਨਾ ਮਿਲੀ ਜਾਣਕਾਰੀ ਅਨੁਸਾਰ ਇਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੀ ਕੇਂਦਰੀ ਲੀਡਰਸ਼ਿਪ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਹੋਰ ਪ੍ਰਮੁੱਖ ਆਗੂ ਸ਼ਿਰਕਤ ਕਰ ਸਕਦੇ ਹਨ। ਕਦੇ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (NDA) ਦੇ ਭਾਈਵਾਲ ਰਹੇ ਭਾਜਪਾ ਅਤੇ ਅਕਾਲੀ ਦਲ ਦੇ ਆਗੂਆਂ ਦਾ ਕਿਸੇ ਨਿੱਜੀ ਸਮਾਜਿਕ ਸਮਾਗਮ ਵਿੱਚ ਇੱਕਠੇ ਹੋਣਾ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਇਸੇ ਲਈ ਰਾਜਨੀਤਿਕ ਹਲਕਿਆਂ ਵਿੱਚ ਇਸ ਮੁਲਾਕਾਤ 'ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਮੁੜ ਗਠਜੋੜ ਦੀਆਂ ਚਰਚਾਵਾਂ ਵਿਚਾਲੇ ਅਹਿਮ ਮੁਲਾਕਾਤ ਇਹ ਇਕੱਠ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਪੰਜਾਬ ਵਿੱਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਦੁਬਾਰਾ ਗਠਜੋੜ ਹੋਣ ਦੀਆਂ ਅਟਕਲਾਂ ਜ਼ੋਰਾਂ 'ਤੇ ਹਨ। ਜ਼ਿਕਰਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਿਛਲੇ ਦਸ ਦਿਨਾਂ ਦੇ ਅੰਦਰ ਦੋ ਵਾਰ—ਪਹਿਲਾਂ 24 ਅਕਤੂਬਰ ਨੂੰ ਦਿੱਲੀ ਵਿੱਚ ਅਤੇ ਫਿਰ 1 ਨਵੰਬਰ ਨੂੰ ਚੰਡੀਗੜ੍ਹ ਵਿੱਚ—ਪੰਜਾਬ ਵਿੱਚ ਐੱਨ.ਡੀ.ਏ. ਦੀ ਸਰਕਾਰ ਬਣਨ ਦੀ ਭਵਿੱਖਬਾਣੀ ਕੀਤੀ ਹੈ। ਅਜਿਹੇ ਸਿਆਸੀ ਮਾਹੌਲ ਵਿੱਚ ਦੋਵਾਂ ਧਿਰਾਂ ਦੇ ਆਗੂਆਂ ਦਾ ਇੱਕ ਮੰਚ 'ਤੇ ਆਉਣਾ ਸਿਆਸੀ ਨਜ਼ਰੀਏ ਤੋਂ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।