ਟਰਾਈਡੈਂਟ ਫੈਕਟਰੀ ਦੇ ਭਵਿੱਖ ‘ਤੇ ਅਣਿਸ਼ਚਿਤਤਾ, ਹਜ਼ਾਰਾਂ ਕਾਮਿਆਂ ਦੇ ਰੁਜ਼ਗਾਰ ਨੂੰ ਲੈ ਕੇ ਫਿਕਰ
ਪੰਜਾਬ ਦੇ ਪ੍ਰਮੁੱਖ ਉਦਯੋਗਿਕ ਅਦਾਰਿਆਂ ਵਿੱਚ ਸ਼ਾਮਲ ਟਰਾਈਡੈਂਟ ਗਰੁੱਪ ਦੀ ਧੌਲਾ ਯੂਨਿਟ ਇੱਕ ਵਾਰ ਫਿਰ ਚਰਚਾ ਦੇ ਕੇਂਦਰ ਵਿੱਚ ਆ ਗਈ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕਥਿਤ ਪ੍ਰਦੂਸ਼ਣ ਉਲੰਘਣਾਵਾਂ ਦੇ ਮਾਮਲੇ ਵਿੱਚ ਯੂਨਿਟ ਨੂੰ ਲਗਾਤਾਰ ਨੋਟਿਸ ਜਾਰੀ ਕੀਤੇ ਜਾਣ ਤੋਂ ਬਾਅਦ ਫੈਕਟਰੀ ਦੇ ਭਵਿੱਖ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਲੱਗ ਰਹੀਆਂ ਹਨ। ਫੈਕਟਰੀ ਨਾਲ ਜੁੜੇ ਸੂਤਰਾਂ ਅਨੁਸਾਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਟਰਾਈਡੈਂਟ ਪ੍ਰਬੰਧਨ ਨੂੰ 30 ਜੂਨ ਨੂੰ ਬੋਰਡ ਦੇ ਚੇਅਰਮੈਨ ਅੱਗੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਲਈ ਨੋਟਿਸ ਜਾਰੀ ਕੀਤਾ ਹੈ। ਇਸ ਨੋਟਿਸ ਤੋਂ ਬਾਅਦ ਇਲਾਕੇ ਵਿੱਚ ਇਹ ਚਰਚਾ ਜ਼ੋਰ ਫੜ ਰਹੀ ਹੈ ਕਿ ਕੀ ਫੈਕਟਰੀ ਨੂੰ ਬੰਦ ਕਰਨ ਦੀ ਕੋਈ ਕਾਰਵਾਈ ਵਿਚਾਰ ਅਧੀਨ ਹੈ। ਸਥਾਨਕ ਲੋਕਾਂ ਵਿੱਚ ਇਹ ਸਵਾਲ ਵੀ ਉੱਠ ਰਹੇ ਹਨ ਕਿ ਕੀ ਟਰਾਈਡੈਂਟ ਦੀ ਧੌਲਾ ਯੂਨਿਟ ਦਾ ਸੰਚਾਲਨ ਪ੍ਰਭਾਵਿਤ ਹੋ ਸਕਦਾ ਹੈ। ਮਿਲੀ ਜਾਣਕਾਰੀ ਅਨੁਸਾਰ, ਕੰਪਨੀ ਨੇ ਆਪਣੇ ਕੁਝ ਕਰਮਚਾਰੀਆਂ ਨੂੰ ਮੱਧ ਪ੍ਰਦੇਸ਼ ਦੇ ਬੂਦਨੀ ਸਥਿਤ ਪਲਾਂਟ ਵਿੱਚ ਤਬਦੀਲ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਹ ਵੀ ਚਰਚਾ ਹੈ ਕਿ ਕੰਪਨੀ ਨੇ ਦੇਸ਼ ਅਤੇ ਵਿਦੇਸ਼ ਤੋਂ ਨਵੇਂ ਆਰਡਰ ਲੈਣੇ ਵੀ ਰੋਕ ਦਿੱਤੇ ਹਨ। ਸੂਤਰਾਂ ਮੁਤਾਬਕ, ਸੰਭਾਵਿਤ ਸਥਿਤੀ ਨੂੰ ਲੈ ਕੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਨੇ ਟਰਾਈਡੈਂਟ ਦੇ ਮਾਲਕ ਰਾਜਿੰਦਰ ਗੁਪਤਾ ਨਾਲ ਇੱਕ ਬੰਦ ਕਮਰਾ ਮੀਟਿੰਗ ਵੀ ਕੀਤੀ ਹੈ। ਹਾਲਾਂਕਿ, ਇਸ ਮੀਟਿੰਗ ਵਿੱਚ ਕੀ ਚਰਚਾ ਹੋਈ, ਇਸ ਸਬੰਧੀ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ। ਜ਼ਿਕਰਯੋਗ ਹੈ ਕਿ ਟਰਾਈਡੈਂਟ ਗਰੁੱਪ ਦੀ ਧੌਲਾ ਯੂਨਿਟ ਕਈ ਸਾਲਾਂ ਤੋਂ ਨਿਰੰਤਰ ਚੱਲ ਰਹੀ ਹੈ ਅਤੇ ਇਸ ਦੌਰਾਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸੀਨੀਅਰ ਅਧਿਕਾਰੀ ਕਈ ਵਾਰ ਇਸ ਦਾ ਨਿਰੀਖਣ ਕਰ ਚੁੱਕੇ ਹਨ। ਸਿਆਸੀ ਪੱਖੋਂ ਵੀ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਟਰਾਈਡੈਂਟ ਦੇ ਮਾਲਕ ਰਾਜਿੰਦਰ ਗੁਪਤਾ ਨੂੰ ਪਹਿਲਾਂ ਪੰਜਾਬ ਸਰਕਾਰ ਵੱਲੋਂ ਰਾਜ ਸਭਾ ਭੇਜਿਆ ਗਿਆ ਸੀ। ਬਾਅਦ ਵਿੱਚ ਉਹ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋ ਗਏ। ਇਸੇ ਸਮੇਂ ਦੌਰਾਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਵੱਲੋਂ ਯੂਨਿਟ ਦੀ ਜਾਂਚ ਕੀਤੀ ਗਈ ਅਤੇ ਕਥਿਤ ਕਮੀਆਂ ਦੇ ਆਧਾਰ ‘ਤੇ ਨੋਟਿਸ ਜਾਰੀ ਕੀਤੇ ਗਏ। ਮਾਮਲਾ ਅਦਾਲਤ ਤੱਕ ਵੀ ਪਹੁੰਚਿਆ। ਟਰਾਈਡੈਂਟ ਵੱਲੋਂ ਹਾਈ ਕੋਰਟ ਦਾ ਰੁਖ ਕਰਨ ‘ਤੇ ਅਦਾਲਤ ਨੇ 30 ਦਿਨਾਂ ਦੀ ਮਿਆਦ ਦਿੰਦਿਆਂ ਕਿਸੇ ਵੀ ਸਖ਼ਤ ਕਾਰਵਾਈ ‘ਤੇ ਅਸਥਾਈ ਰੋਕ ਲਗਾ ਦਿੱਤੀ ਸੀ। ਇਹ ਮਿਆਦ ਪੂਰੀ ਹੋਣ ਤੋਂ ਬਾਅਦ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਧੌਲਾ ਯੂਨਿਟ ਨੂੰ 30 ਜੂਨ ਨੂੰ ਚੇਅਰਮੈਨ ਸਾਹਮਣੇ ਪੇਸ਼ ਹੋਣ ਦਾ ਨਵਾਂ ਨੋਟਿਸ ਜਾਰੀ ਕਰ ਦਿੱਤਾ ਹੈ। ਫੈਕਟਰੀ ਬੰਦ ਹੋਣ ਦੀਆਂ ਸੰਭਾਵਨਾਵਾਂ ਸਬੰਧੀ ਚੱਲ ਰਹੀਆਂ ਚਰਚਾਵਾਂ ਕਾਰਨ ਇਲਾਕੇ ਦੇ ਲੋਕਾਂ ਅਤੇ ਵਪਾਰੀਆਂ ਵਿੱਚ ਚਿੰਤਾ ਵਧ ਗਈ ਹੈ। ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਫੈਕਟਰੀ ਦੇ ਸੰਚਾਲਨ ‘ਤੇ ਕੋਈ ਅਸਰ ਪੈਂਦਾ ਹੈ ਤਾਂ ਇਸ ਦਾ ਪ੍ਰਭਾਵ ਇਲਾਕੇ ਦੇ ਕਾਰੋਬਾਰ ਅਤੇ ਰੁਜ਼ਗਾਰ ‘ਤੇ ਵੀ ਪੈ ਸਕਦਾ ਹੈ। ਟਰਾਈਡੈਂਟ ਵਿੱਚ ਬਰਨਾਲਾ ਅਤੇ ਆਸ-ਪਾਸ ਦੇ ਖੇਤਰਾਂ ਦੇ ਹਜ਼ਾਰਾਂ ਨੌਜਵਾਨ ਰੁਜ਼ਗਾਰ ਪ੍ਰਾਪਤ ਕਰ ਰਹੇ ਹਨ, ਜਿਸ ਕਾਰਨ ਉਹਨਾਂ ਵਿੱਚ ਵੀ ਅਣਿਸ਼ਚਿਤਤਾ ਦਾ ਮਾਹੌਲ ਬਣਿਆ ਹੋਇਆ ਹੈ। ਇਸ ਮਾਮਲੇ ਸਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਸੁਰਿੰਦਰਜੀਤ ਸਿੰਘ ਨੇ ਕਿਹਾ ਕਿ ਨੋਟਿਸ ਜਾਰੀ ਕਰਨਾ ਇੱਕ ਆਮ ਪ੍ਰਸ਼ਾਸਨਿਕ ਪ੍ਰਕਿਰਿਆ ਹੈ। ਜਦੋਂ ਉਨ੍ਹਾਂ ਤੋਂ ਹਾਲ ਹੀ ਵਿੱਚ ਜਾਰੀ ਕੀਤੇ ਗਏ ਨੋਟਿਸਾਂ ਦੀ ਗਿਣਤੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਜਾਣਕਾਰੀ ਉਨ੍ਹਾਂ ਕੋਲ ਨਹੀਂ ਹੈ ਅਤੇ ਸਾਰੇ ਨੋਟਿਸ ਮੁੱਖ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਹਨ।
Posted By: Daily Suraj Bureau