Daily Suraj

ਪੰਜਾਬੀ

ਪੰਜਾਬ ਪੁਲੀਸ ਦਾ ਸਪੱਸ਼ਟੀਕਰਨ: ਸਾਂਝ ਕੇਂਦਰਾਂ ਵਿੱਚ ਆਧਾਰ ਕਾਰਡ ਪੂਰੀ ਤਰ੍ਹਾਂ ਵੈਧ

03 Aug, 2026 04:45 PM

ਪੰਜਾਬ ਪੁਲੀਸ ਨੇ ਆਧਾਰ ਕਾਰਡ ਦੀ ਵੈਧਤਾ ਨੂੰ ਲੈ ਕੇ ਉੱਠੇ ਭਰਮ ਨੂੰ ਦੂਰ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਪੰਜਾਬ ਭਰ ਦੇ ਸਾਰੇ ਸਾਂਝ ਕੇਂਦਰਾਂ ਵਿੱਚ ਆਧਾਰ ਕਾਰਡ ਨੂੰ ਸਰਕਾਰ ਵੱਲੋਂ ਜਾਰੀ ਕੀਤੇ ਗਏ ਵੈਧ ਪਛਾਣ ਪੱਤਰ ਅਤੇ ਪਤੇ ਦੇ ਸਬੂਤ ਵਜੋਂ ਪਹਿਲਾਂ ਦੀ ਤਰ੍ਹਾਂ ਸਵੀਕਾਰ ਕੀਤਾ ਜਾ ਰਿਹਾ ਹੈ। ਪੰਜਾਬ ਪੁਲੀਸ ਵੱਲੋਂ ਜਾਰੀ ਅਧਿਕਾਰਤ ਬਿਆਨ ਵਿੱਚ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲੀਸ (ਕਮਿਊਨਿਟੀ ਅਫੇਅਰਜ਼ ਡਿਵੀਜ਼ਨ) ਗੁਰਪ੍ਰੀਤ ਕੌਰ ਦਿਉ ਨੇ ਕਿਹਾ ਕਿ ਵਿਭਾਗ ਵੱਲੋਂ ਅਜਿਹੇ ਕੋਈ ਨਿਰਦੇਸ਼ ਜਾਰੀ ਨਹੀਂ ਕੀਤੇ ਗਏ, ਜਿਨ੍ਹਾਂ ਅਨੁਸਾਰ ਸਾਂਝ ਕੇਂਦਰਾਂ ਵਿੱਚ ਆਧਾਰ ਕਾਰਡ ਨੂੰ ਪਛਾਣ ਦੇ ਵੈਧ ਦਸਤਾਵੇਜ਼ ਵਜੋਂ ਸਵੀਕਾਰ ਨਾ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਆਧਾਰ ਕਾਰਡ ਪਛਾਣ ਅਤੇ ਪਤੇ ਦੀ ਤਸਦੀਕ ਲਈ ਇੱਕ ਵੈਧ ਦਸਤਾਵੇਜ਼ ਹੈ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਸਾਲ ਮਾਰਚ ਮਹੀਨੇ ਵਿੱਚ ਯੂ.ਆਈ.ਡੀ.ਏ.ਆਈ. (UIDAI) ਨੇ ਪੰਜਾਬ ਪੁਲੀਸ ਨੂੰ ਪੁਲੀਸ ਸੇਵਾਵਾਂ ਦਾ ਲਾਭ ਲੈਣ ਵਾਲੇ ਨਿਵਾਸੀਆਂ ਲਈ ਸਵੈਇੱਛੁਕ ਆਧਾਰ 'ਤੇ ਆਧਾਰ ਪ੍ਰਮਾਣੀਕਰਨ ਕਰਨ ਦੀ ਮਨਜ਼ੂਰੀ ਦਿੱਤੀ ਸੀ। ਹਾਲਾਂਕਿ ਆਧਾਰ ਪ੍ਰਮਾਣੀਕਰਨ ਸੇਵਾਵਾਂ ਨੂੰ ਅਧਿਕਾਰਤ ਕੀਤਾ ਜਾ ਚੁੱਕਾ ਹੈ, ਪਰ ਇਹ ਸੇਵਾ ਹਾਲੇ ਸ਼ੁਰੂ ਨਹੀਂ ਹੋਈ। ਪੰਜਾਬ ਪੁਲੀਸ ਨੇ ਕਿਹਾ ਕਿ ਇਹ ਸੁਵਿਧਾ ਜਲਦ ਉਪਲਬਧ ਕਰਵਾਈ ਜਾਵੇਗੀ। ਸਪੈਸ਼ਲ ਡੀਜੀਪੀ ਨੇ ਦੱਸਿਆ ਕਿ ਇਹ ਅਧਿਕਾਰ ਯੂ.ਆਈ.ਡੀ.ਏ.ਆਈ. ਵੱਲੋਂ ਇਸ ਸਾਲ ਮਾਰਚ ਵਿੱਚ ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਵਿਭਾਗ ਨੂੰ ਆਧਾਰ ਐਕਟ, 2016 ਅਤੇ ਇਸ ਅਧੀਨ ਬਣਾਏ ਗਏ ਨਿਯਮਾਂ ਦੇ ਤਹਿਤ ਦਿੱਤਾ ਗਿਆ ਸੀ। ਪੁਲੀਸ ਮੁਤਾਬਕ ਆਧਾਰ ਪ੍ਰਮਾਣੀਕਰਨ ਭਵਿੱਖ ਵਿੱਚ ਕਈ ਤਰ੍ਹਾਂ ਦੀਆਂ ਪੁਲੀਸ ਸੇਵਾਵਾਂ ਲਈ ਵਰਤਿਆ ਜਾਵੇਗਾ। ਇਨ੍ਹਾਂ ਵਿੱਚ ਕਿਰਾਏਦਾਰ ਦੀ ਤਸਦੀਕ, ਪਾਸਪੋਰਟ ਤਸਦੀਕ, ਨਵੇਂ ਅਤੇ ਨਵਿਆਉਣ ਵਾਲੇ ਅਸਲਾ ਲਾਇਸੰਸਾਂ ਦੀ ਤਸਦੀਕ, ਕਰਮਚਾਰੀ ਤਸਦੀਕ, ਘਰੇਲੂ ਸਹਾਇਕ ਜਾਂ ਨੌਕਰਾਣੀ ਦੀ ਤਸਦੀਕ, ਸਰਕਾਰੀ ਕਰਮਚਾਰੀਆਂ ਦੀ ਸੇਵਾ ਤਸਦੀਕ, ਵੀਜ਼ਾ ਲਈ ਪੁਲਿਸ ਕਲੀਅਰੈਂਸ ਸਰਟੀਫਿਕੇਟ, ਚਰਿੱਤਰ ਸਰਟੀਫਿਕੇਟ ਜਾਰੀ ਕਰਨਾ, ਵਸਤੂਆਂ ਦੇ ਨੁਕਸਾਨ ਦੀ ਰਿਪੋਰਟ, ਲਾਊਡਸਪੀਕਰਾਂ, ਮੇਲਿਆਂ ਅਤੇ ਹੋਰ ਸਮਾਗਮਾਂ ਲਈ ਨਾ-ਇਤਰਾਜ਼ ਸਰਟੀਫਿਕੇਟ ਜਾਰੀ ਕਰਨਾ ਅਤੇ ਐੱਫਆਈਆਰ ਦਰਜ ਕਰਨ ਵਰਗੀਆਂ ਸੇਵਾਵਾਂ ਸ਼ਾਮਲ ਹਨ। ਪੰਜਾਬ ਪੁਲੀਸ ਦਾ ਇਹ ਸਪੱਸ਼ਟੀਕਰਨ ਉਸ ਰਿਪੋਰਟ ਤੋਂ ਬਾਅਦ ਸਾਹਮਣੇ ਆਇਆ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਰੋਪੜ ਦੇ ਕੁਝ ਸਾਂਝ ਕੇਂਦਰ ਆਧਾਰ ਕਾਰਡ ਨੂੰ ਪਛਾਣ ਦੇ ਵੈਧ ਦਸਤਾਵੇਜ਼ ਵਜੋਂ ਸਵੀਕਾਰ ਨਹੀਂ ਕਰ ਰਹੇ ਸਨ। ਰਿਪੋਰਟ ਅਨੁਸਾਰ ਸਾਂਝ ਕੇਂਦਰਾਂ ਦੇ ਕਰਮਚਾਰੀਆਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਮੁੱਖ ਦਫ਼ਤਰ ਤੋਂ ਆਧਾਰ ਕਾਰਡ ਨੂੰ ਪਛਾਣ ਦੇ ਸਬੂਤ ਵਜੋਂ ਸਵੀਕਾਰ ਨਾ ਕਰਨ ਬਾਰੇ ਸੰਚਾਰ ਪ੍ਰਾਪਤ ਹੋਇਆ ਸੀ। ਇਸ ਕਾਰਨ ਲੋਕਾਂ ਨੂੰ ਵੋਟਰ ਪਹਿਚਾਣ ਪੱਤਰ, ਡਰਾਈਵਿੰਗ ਲਾਇਸੈਂਸ ਜਾਂ ਪਾਸਪੋਰਟ ਵਰਗੇ ਹੋਰ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਜਾ ਰਿਹਾ ਸੀ।

Posted By: Daily Suraj Bureau

Latest News