ਚੰਡੀਗੜ੍ਹ ਮਾਰਚ ਦੌਰਾਨ ਵਧਿਆ ਤਣਾਅ, ‘ਵਾਰਿਸ ਪੰਜਾਬ ਦੇ’ ਦਾ ਸਮਰਥਕ ਪੁਲੀਸ ਦੀ ਵਾਟਰ ਕੈਨਨ ’ਤੇ ਚੜ੍ਹਿਆ
ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਅਤੇ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ‘ਬੰਦੀ ਸਿੰਘਾਂ’ ਦੀ ਤੁਰੰਤ ਰਿਹਾਈ ਦੀ ਮੰਗ ਨੂੰ ਲੈ ਕੇ ਕੱਢੇ ਜਾ ਰਹੇ ‘ਵਾਰਿਸ ਪੰਜਾਬ ਦੇ’ ਦੇ ਚੰਡੀਗੜ੍ਹ ਮਾਰਚ ਦੌਰਾਨ ਉਸ ਵੇਲੇ ਤਣਾਅ ਵਧ ਗਿਆ, ਜਦੋਂ ਮੁਹਾਲੀ ਵੱਲੋਂ ਆ ਰਹੇ ਰੋਸ ਮਾਰਚ ਨੂੰ ਰੋਕਣ ਲਈ ਕੀਤੀ ਗਈ ਪੁਲੀਸ ਬੈਰੀਕੇਡਿੰਗ ਦੌਰਾਨ ਇੱਕ ਨੌਜਵਾਨ ਪ੍ਰਦਰਸ਼ਨਕਾਰੀ ਪੁਲੀਸ ਦੀ ਵਾਟਰ ਕੈਨਨ ਵਾਲੀ ਗੱਡੀ ’ਤੇ ਚੜ੍ਹ ਗਿਆ। ਹਜ਼ਾਰਾਂ ਪ੍ਰਦਰਸ਼ਨਕਾਰੀ ਚੰਡੀਗੜ੍ਹ ਵਿੱਚ ਦਾਖਲ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਵਧਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਪੁਲੀਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਖਿੱਚੋਤਾਣ ਦੀ ਸਥਿਤੀ ਬਣੀ ਰਹੀ, ਜਿਸ ਕਾਰਨ ਚੰਡੀਗੜ੍ਹ-ਮੁਹਾਲੀ ਸਰਹੱਦੀ ਖੇਤਰ ਵਿੱਚ ਸੁਰੱਖਿਆ ਬਲਾਂ ਨੂੰ ਪੂਰੀ ਤਰ੍ਹਾਂ ਅਲਰਟ ’ਤੇ ਰੱਖਿਆ ਗਿਆ। ਕਾਰਕੁਨ ਚੰਡੀਗੜ੍ਹ ਵਿੱਚ ਦਾਖਲ ਹੋਏ ਪ੍ਰਦਰਸ਼ਨ ਦੌਰਾਨ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਕਈ ਕਾਰਕੁਨ ਰੋਕਾਂ ਪਾਰ ਕਰਦੇ ਹੋਏ ਚੰਡੀਗੜ੍ਹ ਵਿੱਚ ਦਾਖਲ ਹੋ ਗਏ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ਵੱਲ ਅੱਗੇ ਵਧੇ। ਦੂਜੇ ਪਾਸੇ, ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਚੰਡੀਗੜ੍ਹ ਪੁਲੀਸ ਨੇ ਸਖ਼ਤ ਬੈਰੀਕੇਡਿੰਗ ਕਰਕੇ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰ ਦਿੱਤੇ। ਇਲਾਕੇ ਵਿੱਚ ਭਾਰੀ ਪੁਲੀਸ ਬਲ ਤਾਇਨਾਤ ਕੀਤਾ ਗਿਆ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ। ਕੁਝ ਕਾਰਕੁਨ ਹਿਰਾਸਤ ਵਿੱਚ ਜਾਣਕਾਰੀ ਅਨੁਸਾਰ, ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਪੁਲੀਸ ਨੇ ਸੰਸਦ ਮੈਂਬਰ ਸਰਬਜੀਤ ਸਿੰਘ ਦੀ ਪਤਨੀ ਸੰਦੀਪ ਕੌਰ ਨੂੰ 4 ਤੋਂ 5 ਕਾਰਕੁਨਾਂ ਸਮੇਤ ਹਿਰਾਸਤ ਵਿੱਚ ਲਿਆ। ਬਾਅਦ ਵਿੱਚ ਪੁਲੀਸ ਵੱਲੋਂ ਹਿਰਾਸਤ ਵਿੱਚ ਲਏ ਗਏ ਕਾਰਕੁਨਾਂ ਨੂੰ ਹੀਰਾ ਚੌਂਕ ਵਿਖੇ ਪ੍ਰਦਰਸ਼ਨ ਵਾਲੀ ਥਾਂ ’ਤੇ ਛੱਡਿਆ ਗਿਆ। ਗੁਰਦੁਆਰਾ ਅੰਬ ਸਾਹਿਬ ਤੋਂ ਸ਼ੁਰੂ ਹੋਇਆ ਮਾਰਚ ਇਸ ਤੋਂ ਪਹਿਲਾਂ ‘ਵਾਰਿਸ ਪੰਜਾਬ ਦੇ’ ਜਥੇਬੰਦੀ ਨਾਲ ਜੁੜੇ ਆਗੂਆਂ, ਵਰਕਰਾਂ ਅਤੇ ਸਮਰਥਕਾਂ ਨੇ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਇਕੱਠੇ ਹੋ ਕੇ ਵਿਸ਼ਾਲ ਸ਼ਾਂਤਮਈ ਮਾਰਚ ਦੀ ਸ਼ੁਰੂਆਤ ਕੀਤੀ। ਮੁੱਲਾਂਪੁਰ ਦਾਖਾ ਅਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਪਹੁੰਚੇ ਹਜ਼ਾਰਾਂ ਲੋਕ ਉਥੋਂ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਰਵਾਨਾ ਹੋਏ। ਟਰੈਫਿਕ ਪੁਲੀਸ ਵੱਲੋਂ ਐਡਵਾਈਜ਼ਰੀ ਮਾਰਚ ਦੇ ਮੱਦੇਨਜ਼ਰ ਚੰਡੀਗੜ੍ਹ ਟਰੈਫਿਕ ਪੁਲੀਸ ਨੇ ਆਮ ਲੋਕਾਂ ਅਤੇ ਵਾਹਨ ਚਾਲਕਾਂ ਲਈ ਵਿਸ਼ੇਸ਼ ਟਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਪੁਲੀਸ ਅਨੁਸਾਰ, ਸਵੇਰੇ 9:30 ਵਜੇ ਤੋਂ ਚੰਡੀਗੜ੍ਹ ਅਤੇ ਮੁਹਾਲੀ ਨੂੰ ਜੋੜਨ ਵਾਲੇ ਕਈ ਪ੍ਰਮੁੱਖ ਰਸਤਿਆਂ ’ਤੇ ਆਵਾਜਾਈ ਪ੍ਰਭਾਵਿਤ ਰਹੀ। ਯੂ.ਟੀ.-ਮੁਹਾਲੀ ਸਰਹੱਦ (ਬੁੜੈਲ ਜੇਲ੍ਹ ਦੇ ਪਿੱਛੇ) ਤੋਂ ਸੈਕਟਰ 50/51 ਚੌਂਕ ਤੱਕ ਅਤੇ ਉੱਥੋਂ ਸਰੋਵਰ ਪੱਥ ਰਾਹੀਂ ਸੈਕਟਰ 44/45-50/51 (ਗਊਸ਼ਾਲਾ ਚੌਂਕ) ਅਤੇ ਸੈਕਟਰ 44/45 ਲਾਈਟ ਪੁਆਇੰਟ ਤੱਕ ਆਵਾਜਾਈ ਬੰਦ ਜਾਂ ਡਾਇਵਰਟ ਕੀਤੀ ਗਈ। ਇਸੇ ਤਰ੍ਹਾਂ, ਵਿਕਾਸ ਮਾਰਗ ’ਤੇ ਸੈਕਟਰ 43/44/51/52 (ISBT ਚੌਂਕ) ਤੋਂ ਸੈਕਟਰ 44/45-50/51 (ਗਊਸ਼ਾਲਾ ਚੌਂਕ) ਅਤੇ ਅੱਗੇ ਸੈਕਟਰ 45-46/49/50 ਚੌਂਕ ਵੱਲ ਜਾਣ ਵਾਲੇ ਰਸਤੇ ’ਤੇ ਵੀ ਆਵਾਜਾਈ ਸਬੰਧੀ ਪਾਬੰਦੀਆਂ ਅਤੇ ਰੂਟ ਬਦਲਾਅ ਲਾਗੂ ਰਹੇ। ਟਰੈਫਿਕ ਜਾਮ ਤੋਂ ਬਚਾਅ ਲਈ ਸੈਕਟਰ-43 ਸਥਿਤ ਅੰਤਰਰਾਜੀ ਬੱਸ ਅੱਡੇ ਤੱਕ ਜਾਣ ਵਾਲੀਆਂ ਬੱਸਾਂ ਨੂੰ ਵੀ ਬਦਲੇ ਹੋਏ ਰੂਟਾਂ ਦੀ ਵਰਤੋਂ ਕਰਨ ਦੀ ਹਦਾਇਤ ਦਿੱਤੀ ਗਈ। ਪੁਲੀਸ ਨੇ ਲੋਕਾਂ ਨੂੰ ਪ੍ਰਭਾਵਿਤ ਰਸਤਿਆਂ ਤੋਂ ਬਚਣ, ਵਿਕਲਪਕ ਮਾਰਗ ਅਪਣਾਉਣ ਅਤੇ ਤਾਜ਼ਾ ਜਾਣਕਾਰੀ ਲਈ ਚੰਡੀਗੜ੍ਹ ਟਰੈਫਿਕ ਪੁਲੀਸ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲਾਂ ’ਤੇ ਨਜ਼ਰ ਰੱਖਣ ਦੀ ਅਪੀਲ ਕੀਤੀ ਹੈ।
Posted By: Daily Suraj Bureau