Daily Suraj

ਪੰਜਾਬੀ

ਚਾਰ ਮਲਟੀ-ਟ੍ਰੈਕਿੰਗ ਰੇਲ ਪ੍ਰੋਜੈਕਟਾਂ ਨੂੰ ਮਨਜ਼ੂਰੀ, ਕਨੈਕਟੀਵਿਟੀ ਨੂੰ ਮਿਲੇਗਾ ਵੱਡਾ ਹੁਲਾਰਾ: PM ਮੋਦੀ

20 Aug, 2026 09:08 AM

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਦੀ ਆਰਥਿਕ ਮਾਮਲਿਆਂ ਬਾਰੇ ਕਮੇਟੀ ਨੇ ਰੇਲ ਮੰਤਰਾਲੇ ਦੇ ਕਰੀਬ 9,450 ਕਰੋੜ ਰੁਪਏ ਦੀ ਕੁੱਲ ਲਾਗਤ ਵਾਲੇ ਚਾਰ ਮਹੱਤਵਪੂਰਨ ਮਲਟੀ-ਟ੍ਰੈਕਿੰਗ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਆਂਧਰਾ ਪ੍ਰਦੇਸ਼, ਓਡੀਸ਼ਾ, ਤਮਿਲਨਾਡੂ ਅਤੇ ਪੱਛਮੀ ਬੰਗਾਲ ਵਿੱਚ ਰੇਲਵੇ ਬੁਨਿਆਦੀ ਢਾਂਚੇ ਅਤੇ ਕਨੈਕਟੀਵਿਟੀ ਨੂੰ ਵੱਡਾ ਹੁਲਾਰਾ ਮਿਲੇਗਾ। ਇਨ੍ਹਾਂ ਪ੍ਰੋਜੈਕਟਾਂ ਦੇ ਪੂਰਾ ਹੋਣ ਨਾਲ ਭਾਰਤੀ ਰੇਲਵੇ ਨੈੱਟਵਰਕ ਦੀ ਸਮਰੱਥਾ ਵਧੇਗੀ ਅਤੇ ਲੱਖਾਂ ਲੋਕਾਂ ਨੂੰ ਇਸ ਦਾ ਲਾਭ ਮਿਲਣ ਦੀ ਉਮੀਦ ਹੈ। ਇਨ੍ਹਾਂ ਚਾਰ ਪ੍ਰੋਜੈਕਟਾਂ ਨੂੰ ਮਿਲੀ ਮਨਜ਼ੂਰੀ ਖੜਗਪੁਰ-ਭਦ੍ਰਕ (ਰਾਣੀਤਾਲ) ਚੌਥੀ ਲਾਈਨ: 173 ਕਿਲੋਮੀਟਰ, ਪੱਛਮੀ ਬੰਗਾਲ ਅਤੇ ਓਡੀਸ਼ਾ ਭਦ੍ਰਕ-ਹਰਿਦਾਸਪੁਰ ਚੌਥੀ ਲਾਈਨ: 75 ਕਿਲੋਮੀਟਰ, ਓਡੀਸ਼ਾ ਗੁੰਮਿਡੀਪੁੰਡੀ-ਗੁਡੂਰ ਤੀਜੀ ਅਤੇ ਚੌਥੀ ਲਾਈਨ: 90 ਕਿਲੋਮੀਟਰ, ਆਂਧਰਾ ਪ੍ਰਦੇਸ਼ ਅਤੇ ਤਮਿਲਨਾਡੂ ਕਟਕ-ਪਾਰਾਦੀਪ (ਬੜਾਬੰਧਾ) ਤੀਜੀ ਅਤੇ ਚੌਥੀ ਲਾਈਨ: 72 ਕਿਲੋਮੀਟਰ, ਓਡੀਸ਼ਾ ਇਹ ਚਾਰ ਪ੍ਰੋਜੈਕਟ ਚਾਰ ਰਾਜਾਂ ਦੇ 8 ਜ਼ਿਲ੍ਹਿਆਂ ਨੂੰ ਕਵਰ ਕਰਨਗੇ ਅਤੇ ਭਾਰਤੀ ਰੇਲਵੇ ਦੇ ਮੌਜੂਦਾ ਨੈੱਟਵਰਕ ਵਿੱਚ ਲਗਭਗ 410 ਕਿਲੋਮੀਟਰ ਦਾ ਵਾਧਾ ਕਰਨਗੇ। ਇਸ ਨਾਲ ਕਰੀਬ 6,448 ਪਿੰਡਾਂ ਦੀ ਕਨੈਕਟੀਵਿਟੀ ਵਿੱਚ ਸੁਧਾਰ ਹੋਣ ਦੀ ਉਮੀਦ ਹੈ। ਇਨ੍ਹਾਂ ਪਿੰਡਾਂ ਦੀ ਕੁੱਲ ਆਬਾਦੀ ਲਗਭਗ 60 ਲੱਖ ਦੱਸੀ ਗਈ ਹੈ। ਪ੍ਰਧਾਨ ਮੰਤਰੀ ਮੋਦੀ ਮੁਤਾਬਕ, ਪ੍ਰੋਜੈਕਟਾਂ ਨਾਲ ਯਾਤਰੀ ਆਵਾਜਾਈ ਅਤੇ ਮਾਲ ਢੁਆਈ ਨੂੰ ਮਜ਼ਬੂਤੀ ਮਿਲੇਗੀ। ਇਸ ਤੋਂ ਇਲਾਵਾ ਰੇਲ ਮਾਰਗਾਂ ’ਤੇ ਭੀੜ ਘਟੇਗੀ ਅਤੇ ਲੌਜਿਸਟਿਕਸ ਸਮਰੱਥਾ ਵਿੱਚ ਸੁਧਾਰ ਆਵੇਗਾ। ਇਸ ਨਾਲ ਵਪਾਰ, ਸੈਰ-ਸਪਾਟੇ ਅਤੇ ਰੋਜ਼ਗਾਰ ਦੇ ਮੌਕਿਆਂ ਨੂੰ ਵੀ ਹੁਲਾਰਾ ਮਿਲਣ ਦੀ ਉਮੀਦ ਹੈ। ਸੈਰ-ਸਪਾਟਾ ਅਤੇ ਧਾਰਮਿਕ ਸਥਾਨਾਂ ਦੀ ਕਨੈਕਟੀਵਿਟੀ ਹੋਵੇਗੀ ਬਿਹਤਰ ਪ੍ਰਸਤਾਵਿਤ ਸਮਰੱਥਾ ਵਾਧੇ ਨਾਲ ਕਈ ਪ੍ਰਮੁੱਖ ਸੈਰ-ਸਪਾਟਾ ਅਤੇ ਧਾਰਮਿਕ ਸਥਾਨਾਂ ਤੱਕ ਰੇਲ ਕਨੈਕਟੀਵਿਟੀ ਵਿੱਚ ਸੁਧਾਰ ਹੋਵੇਗਾ। ਇਨ੍ਹਾਂ ਵਿੱਚ ਕੁਲਡੀਹਾ ਵਾਈਲਡਲਾਈਫ ਸੈਂਚੁਰੀ, ਭੀਤਰਕਨਿਕਾ ਨੈਸ਼ਨਲ ਪਾਰਕ, ਮਾਂ ਭਦਰਕਾਲੀ ਮੰਦਰ, ਮਾਂ ਧਮਰਾਈ ਮੰਦਰ, ਪੰਚਾਲਿੰਗੇਸ਼ਵਰ ਮੰਦਰ, ਤਲਸਾਰੀ-ਉਦੈਪੁਰ ਅਤੇ ਚਾਂਦੀਪੁਰ ਬੀਚ, ਪੁਲਿਕਟ ਝੀਲ, ਨੇਲਪੱਟੂ ਪੰਛੀ ਸੈਂਚੁਰੀ, ਭਗਵਾਨ ਵੀਰਰਾਘਵ ਪੇਰੂਮਲ ਮੰਦਰ, ਗਦਾ ਕੁਜੰਗਾ ਜਗਨਨਾਥ ਮੰਦਰ, ਸਰਾਲਾ ਮੰਦਰ, ਧਬਲੇਸ਼ਵਰ ਮੰਦਰ ਅਤੇ ਲਲਿਤਗਿਰੀ ਬੁੱਧ ਸਥਾਨ ਸਮੇਤ ਕਈ ਹੋਰ ਕੇਂਦਰ ਸ਼ਾਮਲ ਹਨ। ਮਾਲ ਢੁਆਈ ਸਮਰੱਥਾ ਵਿੱਚ ਵੀ ਹੋਵੇਗਾ ਵਾਧਾ ਇਹ ਰੇਲ ਮਾਰਗ ਕੋਇਲਾ, ਲੋਹ ਅਯਸਕ, ਸੀਮੈਂਟ, ਲੋਹਾ ਅਤੇ ਸਟੀਲ, ਕੰਟੇਨਰ, ਆਟੋਮੋਬਾਈਲ ਅਤੇ ਅਨਾਜ ਵਰਗੀਆਂ ਵਸਤੂਆਂ ਦੀ ਢੁਆਈ ਲਈ ਮਹੱਤਵਪੂਰਨ ਹਨ। ਪ੍ਰੋਜੈਕਟ ਪੂਰੇ ਹੋਣ ਤੋਂ ਬਾਅਦ ਰੇਲਵੇ ਦੀ ਮਾਲ ਢੁਆਈ ਸਮਰੱਥਾ ਵਿੱਚ ਹਰ ਸਾਲ ਲਗਭਗ 76 ਮਿਲੀਅਨ ਟਨ ਦਾ ਵਾਧਾ ਹੋਣ ਦੀ ਉਮੀਦ ਹੈ। ਸਰਕਾਰ ਅਨੁਸਾਰ, ਇਹ ਪ੍ਰੋਜੈਕਟ ਪੀਐਮ ਗਤੀ ਸ਼ਕਤੀ ਨੈਸ਼ਨਲ ਮਾਸਟਰ ਪਲਾਨ ਤਹਿਤ ਤਿਆਰ ਕੀਤੇ ਗਏ ਹਨ। ਇਸ ਦਾ ਉਦੇਸ਼ ਮਲਟੀ-ਮੋਡਲ ਕਨੈਕਟੀਵਿਟੀ ਅਤੇ ਲੌਜਿਸਟਿਕਸ ਕੁਸ਼ਲਤਾ ਨੂੰ ਹੋਰ ਮਜ਼ਬੂਤ ਕਰਨਾ ਹੈ। ਤੇਲ ਦੀ ਬਚਤ ਅਤੇ ਕਾਰਬਨ ਨਿਕਾਸ ਵਿੱਚ ਕਮੀ ਇਨ੍ਹਾਂ ਪ੍ਰੋਜੈਕਟਾਂ ਨਾਲ ਹਰ ਸਾਲ ਲਗਭਗ 13 ਕਰੋੜ ਲੀਟਰ ਤੇਲ ਦੀ ਬਚਤ ਹੋਣ ਦਾ ਅਨੁਮਾਨ ਹੈ। ਇਸ ਦੇ ਨਾਲ ਹੀ ਕਰੀਬ 65 ਕਰੋੜ ਕਿਲੋਗ੍ਰਾਮ ਕਾਰਬਨ ਡਾਈਆਕਸਾਈਡ ਦੇ ਨਿਕਾਸ ਵਿੱਚ ਕਮੀ ਆਉਣ ਦੀ ਉਮੀਦ ਹੈ। ਸਰਕਾਰ ਮੁਤਾਬਕ, ਇਹ ਕਮੀ ਲਗਭਗ 2.60 ਕਰੋੜ ਦਰੱਖਤ ਲਗਾਉਣ ਦੇ ਬਰਾਬਰ ਦੱਸੀ ਗਈ ਹੈ।

Posted By: Daily Suraj Bureau

Latest News