Daily Suraj

ਪੰਜਾਬੀ

ਕੈਨੇਡਾ 'ਚ ਫਿਰੌਤੀ ਮਾਮਲੇ 'ਚ ਵੱਡੀ ਕਾਰਵਾਈ: ਪੰਜਾਬੀ ਮੂਲ ਦੀ ਔਰਤ ਗ੍ਰਿਫ਼ਤਾਰ, ਜਮਾਨਤ 'ਤੇ ਹੋਈ ਰਿਹਾਅ

14 Sep, 2026 02:09 PM

ਕੈਨੇਡਾ ਦੇ ਕੈਲਗਰੀ ਸ਼ਹਿਰ ਵਿੱਚ ਫਿਰੌਤੀ ਅਤੇ ਧਮਕੀਆਂ ਦੇ ਇੱਕ ਮਾਮਲੇ ਵਿੱਚ ਪਹਿਲੀ ਵਾਰ ਪੰਜਾਬੀ ਮੂਲ ਦੀ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਲਾਂਕਿ, ਕੈਲਗਰੀ ਪੁਲਿਸ ਸਰਵਿਸ (CPS) ਵੱਲੋਂ ਪੁੱਛਗਿੱਛ ਤੋਂ ਬਾਅਦ ਉਸਨੂੰ ਫਿਲਹਾਲ ਰਿਹਾਅ ਕਰ ਦਿੱਤਾ ਗਿਆ ਹੈ ਅਤੇ 6 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ। ਪੁਲਿਸ ਮੁਤਾਬਕ ਕਨੂਪ੍ਰੀਤ ਕੌਰ ਨਾਮਕ ਇਸ ਔਰਤ 'ਤੇ ਦੋਸ਼ ਹੈ ਕਿ ਉਸ ਨੇ ਪੀੜਤ ਦੀ ਨਿੱਜੀ ਅਤੇ ਗੁਪਤ ਜਾਣਕਾਰੀ ਫਿਰੌਤੀ ਮੰਗਣ ਵਾਲੇ ਬਦਮਾਸ਼ਾਂ ਤੱਕ ਪਹੁੰਚਾਈ ਸੀ, ਜਿਸ ਤੋਂ ਬਾਅਦ ਪੀੜਤ ਦੇ ਘਰ 'ਤੇ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਕੈਲਗਰੀ ਪੁਲਿਸ ਅਨੁਸਾਰ ਇਸ ਮਾਮਲੇ ਵਿੱਚ ਕੁੱਲ ਦੋ ਬਾਲਗਾਂ ਅਤੇ ਇੱਕ ਨਾਬਾਲਗ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ 25 ਮਾਰਚ ਨੂੰ ਪੀੜਤ ਔਰਤ ਨੂੰ ਇੱਕ ਅਣਜਾਣ ਨੰਬਰ ਤੋਂ ਵਟਸਐਪ 'ਤੇ ਫਿਰੌਤੀ ਦੀ ਮੰਗ ਕਰਦੇ ਹੋਏ ਧਮਕੀ ਭਰੇ ਸੁਨੇਹੇ ਅਤੇ ਵੌਇਸ ਨੋਟ ਮਿਲੇ ਸਨ। ਬਦਮਾਸ਼ਾਂ ਕੋਲ ਪੀੜਤ ਦਾ ਨਾਮ, ਘਰ ਦਾ ਪਤਾ, ਕਾਰੋਬਾਰ ਅਤੇ ਪਰਿਵਾਰਕ ਮੈਂਬਰਾਂ ਬਾਰੇ ਪੂਰੀ ਗੁਪਤ ਜਾਣਕਾਰੀ ਪਹਿਲਾਂ ਤੋਂ ਮੌਜੂਦ ਸੀ। ਧਮਕੀ ਮਿਲਣ ਦੇ ਲਗਭਗ 12 ਘੰਟਿਆਂ ਬਾਅਦ ਅਣਪਛਾਤੇ ਬਦਮਾਸ਼ਾਂ ਨੇ ਔਰਤ ਦੇ ਘਰ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਅਤੇ ਫਰਾਰ ਹੋ ਗਏ। ਸਥਾਨਕ ਪੁਲਿਸ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਅਪ੍ਰੈਲ 2025 ਤੋਂ ਲੈ ਕੇ ਹੁਣ ਤੱਕ ਸ਼ਹਿਰ ਵਿੱਚ ਫਿਰੌਤੀ ਨਾਲ ਸਬੰਧਤ 51 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ 19 ਮਾਮਲਿਆਂ ਵਿੱਚ ਸਿੱਧੇ ਤੌਰ 'ਤੇ ਗੋਲੀਬਾਰੀ ਦੀਆਂ ਘਟਨਾਵਾਂ ਵਾਪਰੀਆਂ ਹਨ। ਪੁਲਿਸ ਨੇ ਇਨ੍ਹਾਂ ਜਾਂਚਾਂ ਦੌਰਾਨ ਹੁਣ ਤੱਕ 19 ਦੋਸ਼ੀਆਂ ਵਿਰੁੱਧ 59 ਵੱਖ-ਵੱਖ ਧਾਰਾਵਾਂ ਤਹਿਤ ਦੋਸ਼ ਦਾਇਰ ਕੀਤੇ ਹਨ। ਕੈਲਗਰੀ ਪੁਲਿਸ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਫਿਰੌਤੀ ਨਾਲ ਸਬੰਧਤ ਕੋਈ ਵੀ ਧਮਕੀ ਭਰੀ ਕਾਲ ਜਾਂ ਸੁਨੇਹਾ ਮਿਲਦਾ ਹੈ ਤਾਂ ਉਹ ਘਬਰਾ ਕੇ ਪੈਸੇ ਨਾ ਦੇਣ, ਸਗੋਂ ਤੁਰੰਤ ਪੁਲਿਸ ਨਾਲ ਸੰਪਰਕ ਕਰਨ।

Posted By: Daily Suraj Bureau

Latest News