Daily Suraj

ਪੰਜਾਬੀ

ਐਡਮੰਟਨ ਵਿੱਚ ਪੰਜਾਬੀ ਕਾਰੋਬਾਰੀ ਦਾ ਕਤਲ, ਸ਼ਰਾਬ ਚੋਰੀ ਰੋਕਣ ’ਤੇ ਨੌਜਵਾਨ ਨੇ ਕੀਤਾ ਹਮਲਾ

10 Aug, 2026 07:29 AM

ਕੈਨੇਡਾ ਦੇ ਅਲਬਰਟਾ ਸੂਬੇ ਦੀ ਰਾਜਧਾਨੀ ਐਡਮੰਟਨ ਵਿੱਚ ਸ਼ਰਾਬ ਚੋਰੀ ਕਰਨ ਦੀ ਕੋਸ਼ਿਸ਼ ਦਾ ਵਿਰੋਧ ਕਰਨਾ ਇੱਕ ਪੰਜਾਬੀ ਕਾਰੋਬਾਰੀ ਨੂੰ ਭਾਰੀ ਪੈ ਗਿਆ। ਇੱਕ ਨੌਜਵਾਨ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ 48 ਸਾਲਾ ਕਾਰੋਬਾਰੀ ਸੁਖਜੀਤ ਸਿੰਘ ਰੰਧਾਵਾ ਦਾ ਕਤਲ ਕਰ ਦਿੱਤਾ। ਸੁਖਜੀਤ ਸਿੰਘ ਸ਼ਰਾਬ ਦੇ ਠੇਕੇ ਦੇ ਮਾਲਕ ਸਨ। ਪੁਲੀਸ ਮੁਤਾਬਕ ਇਹ ਘਟਨਾ ਦੇਰ ਰਾਤ 112 ਐਵੇਨਿਊ ਅਤੇ 82 ਸਟਰੀਟ ਵਿੱਚ ਸਥਿਤ ਸ਼ਰਾਬ ਦੇ ਠੇਕੇ ’ਤੇ ਵਾਪਰੀ। ਦੱਸਿਆ ਗਿਆ ਹੈ ਕਿ ਇੱਕ ਨੌਜਵਾਨ ਠੇਕੇ ਅੰਦਰੋਂ ਬਿਨਾਂ ਪੈਸੇ ਦਿੱਤੇ ਸ਼ਰਾਬ ਦੀਆਂ ਦੋ ਬੋਤਲਾਂ ਲੈ ਕੇ ਬਾਹਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਸੁਖਜੀਤ ਸਿੰਘ ਰੰਧਾਵਾ ਨੇ ਫੁਰਤੀ ਦਿਖਾਉਂਦਿਆਂ ਰਿਮੋਰਟ ਦੀ ਮਦਦ ਨਾਲ ਦਰਵਾਜ਼ਾ ਬੰਦ ਕਰ ਦਿੱਤਾ। ਇਸ ਤੋਂ ਗੁੱਸੇ ਵਿੱਚ ਆਏ ਨੌਜਵਾਨ ਨੇ ਉਨ੍ਹਾਂ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਗੰਭੀਰ ਜ਼ਖ਼ਮੀ ਹੋਏ ਸੁਖਜੀਤ ਸਿੰਘ ਦੀ ਮੌਤ ਹੋ ਗਈ। ਦਰਵਾਜ਼ਾ ਬੰਦ ਹੋਣ ਕਾਰਨ ਹਮਲਾ ਕਰਨ ਵਾਲਾ ਨੌਜਵਾਨ ਮੌਕੇ ਤੋਂ ਫਰਾਰ ਨਹੀਂ ਹੋ ਸਕਿਆ। ਇਸੇ ਦੌਰਾਨ ਪੁਲੀਸ ਮੌਕੇ ’ਤੇ ਪਹੁੰਚ ਗਈ ਅਤੇ 22 ਸਾਲਾ ਨਿਕੋਲਸ ਬਟਲਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਉਸ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ। ਘਟਨਾ ਤੋਂ ਬਾਅਦ ਐਡਮੰਟਨ ਦੇ ਕਾਰੋਬਾਰੀਆਂ ਵਿੱਚ ਮੁੜ ਡਰ ਦਾ ਮਾਹੌਲ ਬਣ ਗਿਆ ਹੈ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਨੂੰ ਧਮਕੀਆਂ ਅਤੇ ਹਿੰਸਾ ਦੀਆਂ ਘਟਨਾਵਾਂ ਤੋਂ ਕੁਝ ਰਾਹਤ ਮਿਲੀ ਸੀ, ਪਰ ਇਸ ਕਤਲ ਨੇ ਉਨ੍ਹਾਂ ਦੀ ਚਿੰਤਾ ਮੁੜ ਵਧਾ ਦਿੱਤੀ ਹੈ। ਕਾਰੋਬਾਰੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਖ਼ਤ ਕਦਮ ਚੁੱਕੇ ਜਾਣ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।

Posted By: Daily Suraj Bureau

Latest News