ਹਰਲੀਨ ਕੌਰ ਰੇਖੀ ਨੇ ਦੱਸਿਆ ਮਿਥਿਹਾਸਕ ਕਿਰਦਾਰ ਨਿਭਾਉਣ ਦਾ ਤਜਰਬਾ, ਤਿਆਰੀ ਲਈ ਰੋਜ਼ ਲੱਗਦੇ ਸਨ ਦੋ ਘੰਟੇ
ਟੈਲੀਵਿਜ਼ਨ ਦੀ ਦੁਨੀਆ ਵਿੱਚ ਹਰ ਕਿਰਦਾਰ ਅਦਾਕਾਰ ਲਈ ਨਵੀਆਂ ਚੁਣੌਤੀਆਂ ਅਤੇ ਸਿੱਖਣ ਦੇ ਮੌਕੇ ਲੈ ਕੇ ਆਉਂਦਾ ਹੈ। ਕੋਈ ਮਿਥਿਹਾਸਕ ਕਿਰਦਾਰ ਰਾਹੀਂ ਆਪਣੀ ਅਦਾਕਾਰੀ ਦਾ ਨਵਾਂ ਪੱਖ ਦਿਖਾ ਰਿਹਾ ਹੈ, ਜਦਕਿ ਕੋਈ ਪਰਿਵਾਰਕ ਕਹਾਣੀ ਦੇ ਭਾਵਨਾਤਮਕ ਕਿਰਦਾਰ ਨੂੰ ਪਰਦੇ ’ਤੇ ਸਾਕਾਰ ਕਰਨ ਲਈ ਮਿਹਨਤ ਕਰ ਰਿਹਾ ਹੈ। ਇਸੇ ਦੌਰਾਨ ਟੀਵੀ ਅਦਾਕਾਰਾ ਹਰਲੀਨ ਕੌਰ ਰੇਖੀ, ਮੀਨਾ ਮੀਰ ਅਤੇ ਕਪਿਲ ਨਿਰਮਲ ਨੇ ਆਪਣੇ ਮੌਜੂਦਾ ਸ਼ੋਅਜ਼ ਅਤੇ ਅਦਾਕਾਰੀ ਦੇ ਸਫ਼ਰ ਨਾਲ ਜੁੜੇ ਤਜਰਬੇ ਸਾਂਝੇ ਕੀਤੇ ਹਨ।
‘ਕਾਮਧੇਨੂ ਗੌਮਾਤਾ’ ਵਿੱਚ ਮੁੱਖ ਭੂਮਿਕਾ ਨਿਭਾ ਰਹੀ ਹੈ ਹਰਲੀਨ ਕੌਰ ਰੇਖੀ
ਟੀਵੀ ਅਦਾਕਾਰਾ ਹਰਲੀਨ ਕੌਰ ਰੇਖੀ ਇਨ੍ਹੀਂ ਦਿਨੀਂ ਸਟਾਰ ਭਾਰਤ ਦੇ ਸ਼ੋਅ ‘ਕਾਮਧੇਨੂ ਗੌਮਾਤਾ’ ਵਿੱਚ ਕਾਮਧੇਨੂ ਦੇਵੀ ਦੀ ਮੁੱਖ ਭੂਮਿਕਾ ਨਿਭਾ ਰਹੀ ਹੈ। ਇਸ ਸ਼ੋਅ ਦਾ ਨਿਰਮਾਣ ਪ੍ਰੇਮ ਸਾਗਰ ਅਤੇ ਸ਼ਿਵ ਸਾਗਰ ਵੱਲੋਂ ਆਪਣੇ ਪ੍ਰੋਡਕਸ਼ਨ ਬੈਨਰ ਸਾਗਰ ਵਰਲਡ ਮਲਟੀਮੀਡੀਆ ਹੇਠ ਕੀਤਾ ਜਾ ਰਿਹਾ ਹੈ। ਹਰਲੀਨ ਲਈ ਇਹ ਖ਼ਾਸ ਮੌਕਾ ਹੈ ਕਿਉਂਕਿ ਪਹਿਲੀ ਵਾਰ ਉਨ੍ਹਾਂ ਨੂੰ ਇੰਨੇ ਵੱਡੇ ਟੈਲੀਵਿਜ਼ਨ ਚੈਨਲ ’ਤੇ ਮੁੱਖ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ਹੈ।
ਆਪਣੀ ਚੋਣ ਬਾਰੇ ਗੱਲ ਕਰਦਿਆਂ ਹਰਲੀਨ ਨੇ ਦੱਸਿਆ ਕਿ ਉਨ੍ਹਾਂ ਨੇ ਸਤੰਬਰ ਵਿੱਚ ਇਸ ਭੂਮਿਕਾ ਲਈ ਆਡੀਸ਼ਨ ਦਿੱਤਾ ਸੀ, ਪਰ ਉਸ ਸਮੇਂ ਗੱਲ ਨਹੀਂ ਬਣ ਸਕੀ। ਇਸ ਤੋਂ ਕਰੀਬ ਸਾਢੇ ਤਿੰਨ ਮਹੀਨਿਆਂ ਬਾਅਦ ਅਚਾਨਕ ਉਨ੍ਹਾਂ ਨੂੰ ਫੋਨ ਆਇਆ ਅਤੇ ਦੱਸਿਆ ਗਿਆ ਕਿ ਉਨ੍ਹਾਂ ਦੀ ਚੋਣ ਹੋ ਗਈ ਹੈ। ਇਹ ਖ਼ਬਰ ਉਨ੍ਹਾਂ ਲਈ ਖ਼ੁਸ਼ੀ ਅਤੇ ਹੈਰਾਨੀ ਦੋਵੇਂ ਲੈ ਕੇ ਆਈ।
ਉਨ੍ਹਾਂ ਦੱਸਿਆ ਕਿ ਲੁੱਕ ਟੈਸਟ ਦੌਰਾਨ ਉਹ ਲਗਾਤਾਰ ਇਹੀ ਸੋਚ ਰਹੇ ਸਨ ਕਿ ਸ਼ੂਟਿੰਗ ਜਲਦੀ ਸ਼ੁਰੂ ਹੋਵੇ। ਉਨ੍ਹਾਂ ਮੁਤਾਬਕ ਮਨੋਰੰਜਨ ਜਗਤ ਵਿੱਚ ਕਿਸੇ ਵੀ ਕੰਮ ਬਾਰੇ ਪੱਕਾ ਭਰੋਸਾ ਉਦੋਂ ਤੱਕ ਨਹੀਂ ਹੁੰਦਾ, ਜਦੋਂ ਤੱਕ ਅਦਾਕਾਰ ਸੈੱਟ ’ਤੇ ਪਹੁੰਚ ਕੇ ਕੰਮ ਸ਼ੁਰੂ ਨਹੀਂ ਕਰ ਦਿੰਦਾ।
ਹਰਲੀਨ ਨੇ ਦੱਸਿਆ ਕਿ ਪਹਿਲੀ ਮੁਲਾਕਾਤ ਵਿੱਚ ਹੀ ਪ੍ਰੇਮ ਸਾਗਰ ਨਾਲ ਉਨ੍ਹਾਂ ਦਾ ਚੰਗਾ ਤਾਲਮੇਲ ਬਣ ਗਿਆ ਸੀ। ਉਨ੍ਹਾਂ ਨੂੰ ਪ੍ਰੇਮ ਸਾਗਰ ਵਿੱਚ ਇੱਕ ਮਾਰਗਦਰਸ਼ਕ ਦੀ ਝਲਕ ਦਿਖਾਈ ਦਿੱਤੀ। ਅਦਾਕਾਰਾ ਮੁਤਾਬਕ ਇੰਡਸਟਰੀ ਵਿੱਚ 14-15 ਸਾਲ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੂੰ ਇਹ ਵੱਡਾ ਮੌਕਾ ਮਿਲਿਆ ਹੈ।
ਮਿਥਿਹਾਸਕ ਕਿਰਦਾਰ ਲਈ ਰੋਜ਼ਾਨਾ ਦੋ ਘੰਟੇ ਦੀ ਤਿਆਰੀ
ਕਾਮਧੇਨੂ ਦੇਵੀ ਦਾ ਕਿਰਦਾਰ ਨਿਭਾਉਣ ਲਈ ਕੀਤੀ ਤਿਆਰੀ ਬਾਰੇ ਹਰਲੀਨ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਥੀਏਟਰ ਅਤੇ ਰਾਮਲੀਲਾ ਨਾਲ ਜੁੜੇ ਹੋਏ ਹਨ। ਇਸ ਤਜਰਬੇ ਕਾਰਨ ਉਨ੍ਹਾਂ ਨੂੰ ਸ਼ੁੱਧ ਹਿੰਦੀ ਬੋਲਣ ਵਿੱਚ ਮਦਦ ਮਿਲੀ, ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਕਿਰਦਾਰ ਦੀਆਂ ਬਾਰੀਕੀਆਂ ਸਮਝਣ ਲਈ ਕਾਫ਼ੀ ਮਿਹਨਤ ਕੀਤੀ।
ਉਨ੍ਹਾਂ ਨੇ ਪੂਰਾ ਸਟੋਰੀਬੋਰਡ ਮੰਗਵਾਇਆ ਅਤੇ ਕਈ ਐਪੀਸੋਡ ਪੜ੍ਹੇ। ਇਸ ਤੋਂ ਇਲਾਵਾ ਰਚਨਾਤਮਕ ਟੀਮ ਨਾਲ ਵਿਚਾਰ-ਵਟਾਂਦਰਾ ਕਰਕੇ ਕਿਰਦਾਰ ਦੀ ਸ਼ਖ਼ਸੀਅਤ ਅਤੇ ਪੇਸ਼ਕਾਰੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ।
ਅਦਾਕਾਰਾ ਮੁਤਾਬਕ ਮਿਥਿਹਾਸਕ ਕਿਰਦਾਰਾਂ ਲਈ ਸਿਰਫ਼ ਸੰਵਾਦ ਯਾਦ ਕਰਨਾ ਹੀ ਕਾਫ਼ੀ ਨਹੀਂ ਹੁੰਦਾ, ਸਗੋਂ ਸਰੀਰਕ ਹਾਵ-ਭਾਵ ਅਤੇ ਚਾਲ-ਢਾਲ ਵੀ ਕਿਰਦਾਰ ਦੇ ਅਨੁਸਾਰ ਹੋਣੀ ਚਾਹੀਦੀ ਹੈ। ‘ਕਾਮਧੇਨੂ ਗੌਮਾਤਾ’ ਲਈ ਉਨ੍ਹਾਂ ਨੂੰ ਹਰ ਰੋਜ਼ ਤਿਆਰ ਹੋਣ ਵਾਸਤੇ ਲਗਭਗ ਦੋ ਘੰਟੇ ਲੱਗਦੇ ਸਨ। ਇਸ ਵਿੱਚ ਪਹਿਰਾਵਾ, ਮੇਕਅੱਪ ਅਤੇ ਗਹਿਣੇ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਸ਼ੁੱਧ ਹਿੰਦੀ ਅਤੇ ਸਹੀ ਸਰੀਰਕ ਭਾਸ਼ਾ ਨੇ ਇਸ ਕਿਰਦਾਰ ਨੂੰ ਨਿਭਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
ਹਰਲੀਨ ਦਾ ਮੰਨਣਾ ਹੈ ਕਿ ਕਿਸੇ ਵੀ ਕਿਰਦਾਰ ਨੂੰ ਨਿਭਾਉਂਦੇ ਸਮੇਂ ਅਸਲ ਜ਼ਿੰਦਗੀ ਅਤੇ ਪਰਦੇ ਵਾਲੀ ਜ਼ਿੰਦਗੀ ਵਿਚਕਾਰ ਫ਼ਰਕ ਬਣਾਈ ਰੱਖਣਾ ਜ਼ਰੂਰੀ ਹੈ। ਕਿਰਦਾਰ ਦੇ ਚੰਗੇ ਗੁਣਾਂ ਜਿਵੇਂ ਸ਼ਾਂਤੀ, ਦਿਆਲਤਾ ਅਤੇ ਸਕਾਰਾਤਮਕ ਸੋਚ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਇਆ ਜਾ ਸਕਦਾ ਹੈ, ਪਰ ਨਕਾਰਾਤਮਕ ਗੁਣਾਂ ਨੂੰ ਨਿੱਜੀ ਜੀਵਨ ਦਾ ਹਿੱਸਾ ਨਹੀਂ ਬਣਨ ਦੇਣਾ ਚਾਹੀਦਾ। ਉਨ੍ਹਾਂ ਮੁਤਾਬਕ ਭਾਵਨਾਵਾਂ ’ਤੇ ਕਾਬੂ ਰੱਖਣਾ ਵੀ ਅਦਾਕਾਰੀ ਦਾ ਅਹਿਮ ਹਿੱਸਾ ਹੈ।
ਮੀਨਾ ਮੀਰ ਲਈ ਗਾਇਤਰੀ ਦੇਵੀ ਦਾ ਕਿਰਦਾਰ ਬਣਿਆ ਚੁਣੌਤੀਪੂਰਨ
ਅਦਾਕਾਰਾ ਮੀਨਾ ਮੀਰ ਇਸ ਸਮੇਂ ਸਨ ਨਿਓ ਦੇ ਸ਼ੋਅ ‘ਬਿੰਦਣੀ’ ਵਿੱਚ ਗਾਇਤਰੀ ਦੇਵੀ ਦੀ ਭੂਮਿਕਾ ਨਿਭਾ ਰਹੀ ਹੈ। ਸ਼ੁਰੂ ਵਿੱਚ ਉਨ੍ਹਾਂ ਨੂੰ ਇਹ ਕਿਰਦਾਰ ਆਸਾਨ ਲੱਗਿਆ ਸੀ, ਕਿਉਂਕਿ ਇਸ ਨੂੰ ਪੜ੍ਹਦਿਆਂ ਉਨ੍ਹਾਂ ਨੂੰ ਆਪਣੀ ਮਾਂ ਦੀ ਯਾਦ ਆ ਗਈ ਸੀ। ਪਰ ਜਿਵੇਂ-ਜਿਵੇਂ ਉਹ ਇਸ ਕਿਰਦਾਰ ਵਿੱਚ ਡੂੰਘਾਈ ਨਾਲ ਉਤਰੀ, ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇਸ ਨੂੰ ਪਰਦੇ ’ਤੇ ਸਾਕਾਰ ਕਰਨਾ ਉਮੀਦ ਨਾਲੋਂ ਕਿਤੇ ਵੱਧ ਮੁਸ਼ਕਲ ਹੈ।
ਮੀਨਾ ਨੇ ਦੱਸਿਆ ਕਿ ਉਹ ਬਚਪਨ ਤੋਂ ਆਪਣੀ ਮਾਂ ਦੇ ਬੋਲਣ ਦੇ ਢੰਗ, ਵੱਖ-ਵੱਖ ਹਾਲਾਤ ਵਿੱਚ ਸਬਰ ਰੱਖਣ ਦੇ ਤਰੀਕੇ ਅਤੇ ਮਾਣਮੱਤੇ ਪਰ ਪਿਆਰ ਭਰੇ ਵਿਵਹਾਰ ਨੂੰ ਧਿਆਨ ਨਾਲ ਦੇਖਦੀ ਆਈ ਹੈ। ਇਸੇ ਕਰਕੇ ਉਨ੍ਹਾਂ ਨੂੰ ਲੱਗਿਆ ਸੀ ਕਿ ਮਾਂ ਤੋਂ ਮਿਲੀ ਪ੍ਰੇਰਨਾ ਨਾਲ ਉਹ ਗਾਇਤਰੀ ਦੇਵੀ ਦਾ ਕਿਰਦਾਰ ਆਸਾਨੀ ਨਾਲ ਨਿਭਾ ਲਵੇਗੀ।
ਹਾਲਾਂਕਿ, ਕੈਮਰੇ ਸਾਹਮਣੇ ਕਿਸੇ ਕਿਰਦਾਰ ਨੂੰ ਜਿਊਣਾ ਅਸਲ ਜ਼ਿੰਦਗੀ ਵਿੱਚ ਕਿਸੇ ਵਿਅਕਤੀ ਨੂੰ ਦੇਖਣ ਨਾਲੋਂ ਬਿਲਕੁਲ ਵੱਖਰਾ ਤਜਰਬਾ ਹੈ। ਮੀਨਾ ਮੁਤਾਬਕ ਇਸ ਭੂਮਿਕਾ ਲਈ ਉਨ੍ਹਾਂ ਨੂੰ ਕਾਫ਼ੀ ਮਿਹਨਤ, ਸਬਰ ਅਤੇ ਅਨੁਸ਼ਾਸਨ ਦੀ ਲੋੜ ਪਈ।
ਉਨ੍ਹਾਂ ਦੱਸਿਆ ਕਿ ਗਾਇਤਰੀ ਦੇਵੀ ਦੇ ਕਿਰਦਾਰ ਵਿੱਚ ਤਾਕਤ ਅਤੇ ਕੋਮਲਤਾ, ਸੰਵੇਦਨਸ਼ੀਲਤਾ, ਪਰੰਪਰਾ ਅਤੇ ਭਾਵਨਾਵਾਂ ਵਿਚਕਾਰ ਸੰਤੁਲਨ ਬਣਾਉਣਾ ਪੈਂਦਾ ਹੈ। ਇਸ ਤਜਰਬੇ ਨੇ ਉਨ੍ਹਾਂ ਨੂੰ ਨਾ ਸਿਰਫ਼ ਕਿਰਦਾਰ ਦੀ ਡੂੰਘਾਈ ਸਮਝਾਈ, ਸਗੋਂ ਆਪਣੀ ਮਾਂ ਦੀ ਚੁੱਪਚਾਪ ਤਾਕਤ ਅਤੇ ਸਬਰ ਪ੍ਰਤੀ ਉਨ੍ਹਾਂ ਦਾ ਸਤਿਕਾਰ ਵੀ ਵਧਾਇਆ।
ਸ਼ੋਅ ‘ਬਿੰਦਣੀ’ ਦੀ ਕਹਾਣੀ ਰਾਜਸਥਾਨ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿਣ ਵਾਲੀ ਘੇਵਰ ਨਾਂ ਦੀ ਨਿਡਰ ਅਤੇ ਜੋਸ਼ੀਲੀ ਕੁੜੀ ਦੇ ਆਲੇ-ਦੁਆਲੇ ਘੁੰਮਦੀ ਹੈ। ਮਾਤਾ-ਪਿਤਾ ਦੇ ਦੇਹਾਂਤ ਤੋਂ ਬਾਅਦ ਉਸ ਦਾ ਪਾਲਣ-ਪੋਸ਼ਣ ਉਸ ਦਾ ਵੱਡਾ ਭਰਾ ਅਤੇ ਭਾਬੀ ਪਿਆਰ ਨਾਲ ਕਰਦੇ ਹਨ। ਘੇਵਰ ਦੀ ਜ਼ਿੰਦਗੀ ਆਪਣੇ ਪਰਿਵਾਰ ਤੱਕ ਹੀ ਸੀਮਤ ਹੁੰਦੀ ਹੈ, ਪਰ ਇੱਕ ਦਿਨ ਕਿਸਮਤ ਉਸ ਦੀ ਜ਼ਿੰਦਗੀ ਵਿੱਚ ਇੱਕ ਨਵਜੰਮੇ ਬੱਚੇ ਨੂੰ ਲਿਆਉਂਦੀ ਹੈ, ਜਿਸ ਰਾਹੀਂ ਉਸ ਦਾ ਸਬੰਧ ਇੱਕ ਨਵੀਂ ਦੁਨੀਆ ਨਾਲ ਜੁੜਦਾ ਹੈ।
‘ਮੰਗਲ ਲਕਸ਼ਮੀ’ ਵਿੱਚ ਕਪਿਲ ਨਿਰਮਲ ਨੂੰ ਮਿਲ ਰਿਹਾ ਨਵਾਂ ਤਜਰਬਾ
ਕਲਰਜ਼ ਟੀਵੀ ਦੇ ਸ਼ੋਅ ‘ਮੰਗਲ ਲਕਸ਼ਮੀ’ ਵਿੱਚ ਕਪਿਲ ਭਟਨਾਗਰ ਦਾ ਕਿਰਦਾਰ ਨਿਭਾ ਰਹੇ ਅਦਾਕਾਰ ਕਪਿਲ ਨਿਰਮਲ ਵੀ ਆਪਣੇ ਮੌਜੂਦਾ ਪ੍ਰਾਜੈਕਟ ਨੂੰ ਲੈ ਕੇ ਉਤਸ਼ਾਹਿਤ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕਿਰਦਾਰ ਵਿੱਚ ਕਾਫ਼ੀ ਡੂੰਘਾਈ ਹੈ ਅਤੇ ਦਰਸ਼ਕ ਵੀ ਇਸ ਨੂੰ ਪਸੰਦ ਕਰ ਰਹੇ ਹਨ।
ਕਪਿਲ ਮੁਤਾਬਕ ਇਹ ਭੂਮਿਕਾ ਉਨ੍ਹਾਂ ਨੂੰ ਅਦਾਕਾਰੀ ਦੇ ਨਵੇਂ ਰੰਗ ਦਿਖਾਉਣ ਦਾ ਮੌਕਾ ਦੇ ਰਹੀ ਹੈ। ਇਸ ਕਿਰਦਾਰ ਰਾਹੀਂ ਉਹ ਅਜਿਹੇ ਪਹਿਲੂ ਪੇਸ਼ ਕਰ ਰਹੇ ਹਨ, ਜਿਨ੍ਹਾਂ ਨੂੰ ਪਹਿਲਾਂ ਨਿਭਾਉਣ ਦਾ ਮੌਕਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਹਰ ਕਿਰਦਾਰ ਆਪਣੇ ਨਾਲ ਕੁਝ ਚੁਣੌਤੀਆਂ ਲਿਆਉਂਦਾ ਹੈ ਅਤੇ ਇਸ ਭੂਮਿਕਾ ਨੇ ਉਨ੍ਹਾਂ ਨੂੰ ਆਪਣੇ ਆਰਾਮ ਦੇ ਘੇਰੇ ਤੋਂ ਬਾਹਰ ਨਿਕਲ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ ਹੈ।
ਅਦਾਕਾਰ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਆਪਣੇ ਸੁਪਨੇ ਨੂੰ ਜੀਅ ਰਿਹਾ ਹੈ ਅਤੇ ਆਪਣੀ ਪ੍ਰਾਪਤੀ ਤੋਂ ਸੰਤੁਸ਼ਟ ਹੈ ਤਾਂ ਇਹੀ ਅਸਲ ਸਫ਼ਲਤਾ ਹੈ। ਉਨ੍ਹਾਂ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ ਅਤੇ ਲੋਕ ਉਨ੍ਹਾਂ ਦੇ ਕਿਰਦਾਰ ਨਾਲ ਜੁੜ ਰਹੇ ਹਨ। ਇਹ ਪ੍ਰਤੀਕਿਰਿਆ ਉਨ੍ਹਾਂ ਦੀ ਮਿਹਨਤ ਨੂੰ ਸਾਰਥਕ ਬਣਾਉਂਦੀ ਹੈ।
ਸ਼ੋਅ ਦੇ ਹੋਰ ਕਲਾਕਾਰਾਂ ਨਾਲ ਕੰਮ ਕਰਨ ਦੇ ਤਜਰਬੇ ਬਾਰੇ ਕਪਿਲ ਨੇ ਦੱਸਿਆ ਕਿ ਭਾਵੇਂ ਉਹ ਪਹਿਲਾਂ ਜ਼ਿਆਦਾਤਰ ਕਲਾਕਾਰਾਂ ਨੂੰ ਨਹੀਂ ਜਾਣਦੇ ਸਨ, ਪਰ ਸੈੱਟ ’ਤੇ ਮਾਹੌਲ ਬਹੁਤ ਵਧੀਆ ਅਤੇ ਸਕਾਰਾਤਮਕ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਨਮਨ ਨੂੰ ਪਹਿਲਾਂ ਤੋਂ ਜਾਣਦੇ ਹਨ, ਕਿਉਂਕਿ ਦੋਵੇਂ ‘ਨੱਚ ਬੱਲੀਏ’ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ।
ਕਪਿਲ ਦਾ ਮੰਨਣਾ ਹੈ ਕਿ ‘ਮੰਗਲ ਲਕਸ਼ਮੀ’ ਉਨ੍ਹਾਂ ਦੇ ਅਦਾਕਾਰੀ ਦੇ ਸਫ਼ਰ ਨੂੰ ਅੱਗੇ ਵਧਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਵੱਡੇ ਦਰਸ਼ਕ ਵਰਗ ਨਾਲ ਜੋੜ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਨਵੇਂ ਸ਼ੋਅ ਤੋਂ ਕੁਝ ਸਿੱਖਣ ਨੂੰ ਮਿਲਦਾ ਹੈ, ਇਸ ਲਈ ਇੱਕ ਅਦਾਕਾਰ ਲਈ ਆਪਣੇ ਆਪ ਨੂੰ ਸਮੇਂ ਦੇ ਨਾਲ ਅਪਡੇਟ ਕਰਨਾ ਅਤੇ ਹਾਲਾਤ ਅਨੁਸਾਰ ਢਲਣਾ ਬਹੁਤ ਜ਼ਰੂਰੀ ਹੈ।
ਬਦਲਦੇ ਟੈਲੀਵਿਜ਼ਨ ਕੰਟੈਂਟ ਅਤੇ ਦਰਸ਼ਕਾਂ ਦੀ ਪਸੰਦ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਭਾਵਨਾਵਾਂ ਮਨੁੱਖੀ ਜੀਵਨ ਦਾ ਅਹਿਮ ਹਿੱਸਾ ਹਨ ਅਤੇ ਸਮੇਂ ਦੇ ਨਾਲ ਬਦਲਦੀਆਂ ਰਹਿੰਦੀਆਂ ਹਨ। ਇੱਕ ਅਦਾਕਾਰ ਵਜੋਂ ਉਨ੍ਹਾਂ ਦਾ ਧਿਆਨ ਹਰ ਪ੍ਰਾਜੈਕਟ ਵਿੱਚ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਦੇਣ ’ਤੇ ਰਹਿੰਦਾ ਹੈ। ਜੇਕਰ ਕੋਈ ਕਹਾਣੀ ਦਰਸ਼ਕਾਂ ਦੇ ਦਿਲਾਂ ਤੱਕ ਪਹੁੰਚਦੀ ਹੈ ਤਾਂ ਇਹੀ ਕਿਸੇ ਵੀ ਕਲਾਕਾਰ ਲਈ ਸਭ ਤੋਂ ਵੱਡਾ ਇਨਾਮ ਹੈ।