ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰਨ ਪਹੁੰਚੇ CJP ਆਗੂ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਦਿੱਲੀ ਪੁਲਿਸ ਵੱਲੋਂ ਹਿਰਾਸਤ ਵਿੱਚ
ਰਾਸ਼ਟਰੀ ਰਾਜਧਾਨੀ ਦੇ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਕੌਕਰੇਚ ਜਨਤਾ ਪਾਰਟੀ (CJP) ਦੇ ਸੀਨੀਅਰ ਆਗੂਆਂ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਨੂੰ ਦਿੱਲੀ ਪੁਲਿਸ ਨੇ ਮੰਗਲਵਾਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਸੂਤਰਾਂ ਅਨੁਸਾਰ ਇਹ ਕਾਰਵਾਈ ਸ਼ਹਿਰ ਵਿੱਚ ਬਣਾਏ ਗਏ ਸੁਰੱਖਿਆ ਘੇਰੇ ਨੂੰ ਤੋੜਨ ਅਤੇ ਪ੍ਰਦਰਸ਼ਨ ਵਾਲੀ ਜਗ੍ਹਾ 'ਤੇ ਪਹੁੰਚਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ। ਇਸ ਪੂਰੇ ਘਟਨਾਕ੍ਰਮ ਦੀ ਪੁਸ਼ਟੀ ਕਰਦਿਆਂ ਸੀ.ਜੇ.ਪੀ. ਦੇ ਬਾਨੀ ਅਭਿਜੀਤ ਦੀਪਕੇ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (ਪਹਿਲਾਂ ਟਵਿੱਟਰ) ਉੱਤੇ ਇੱਕ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਪਾਰਟੀ ਦੇ ਰਾਸ਼ਟਰੀ ਸੰਗਠਨ ਇੰਚਾਰਜ ਅਜਿੰਕਿਆ ਸ਼ਿੰਦੇ ਸਮੇਤ ਕਈ ਹੋਰ ਟੀਮ ਮੈਂਬਰਾਂ ਨੂੰ ਵੀ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਹੈ। ਦੀਪਕੇ ਨੇ ਲਿਖਿਆ ਕਿ ਉਨ੍ਹਾਂ ਦੇ ਸਾਥੀ ਰਾਸ਼ਟਰੀ ਝੰਡੇ ‘ਤਿਰੰਗੇ’ ਨਾਲ ਮੰਗਲਵਾਰ ਸਵੇਰੇ ਜੰਤਰ-ਮੰਤਰ ਵਿੱਚ ਦਾਖ਼ਲ ਹੋਏ ਸਨ, ਜਿਸ ਤੋਂ ਤੁਰੰਤ ਬਾਅਦ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟੈਗ ਕਰਦਿਆਂ ਉਨ੍ਹਾਂ ਨੇ ਲਿਖਿਆ, “ਤੁਸੀਂ ਵਿਰੋਧ ਦੀ ਆਵਾਜ਼ ਨੂੰ ਖ਼ਤਮ ਨਹੀਂ ਕਰ ਸਕਦੇ।” ਸਾਹਮਣੇ ਆਈਆਂ ਵੀਡੀਓਜ਼ ਵਿੱਚ ਸੀ.ਜੇ.ਪੀ. ਦੇ ਮੈਂਬਰ ਜੰਤਰ-ਮੰਤਰ ਦੇ ਬੰਦ ਗੇਟਾਂ ਨੂੰ ਟੱਪ ਕੇ ਅੰਦਰ ਵੜਦੇ ਅਤੇ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲਗਾਉਂਦੇ ਨਜ਼ਰ ਆ ਰਹੇ ਹਨ, ਜਿਨ੍ਹਾਂ ਨੂੰ ਮੌਕੇ 'ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਤੁਰੰਤ ਕਾਬੂ ਕਰ ਲਿਆ।ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਪ੍ਰਸ਼ਾਸਨ ਵੱਲੋਂ ਜੰਤਰ-ਮੰਤਰ ਨੂੰ ਪ੍ਰਦਰਸ਼ਨ ਵਾਲੀ ਥਾਂ (Protest Site) ਵਜੋਂ ਜਾਰੀ ਦਰਜੇ ਨੂੰ ਵਾਪਸ ਲਿਆ ਗਿਆ ਹੈ, ਜਿਸ ਤੋਂ ਬਾਅਦ ਉੱਥੇ ਰੋਸ ਪ੍ਰਦਰਸ਼ਨ ਕਰਨ 'ਤੇ ਪਾਬੰਦੀ ਹੈ। ਇਸ ਦੇ ਬਾਵਜੂਦ CJP ਆਗੂਆਂ ਵੱਲੋਂ ਕੀਤੀ ਗਈ ਇਸ ਕਾਰਵਾਈ ਨੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪ੍ਰਸ਼ਾਸਨ ਦੀ ਚਿੰਤਾ ਵਧਾ ਦਿੱਤੀ ਹੈ। ਰਾਜਧਾਨੀ ਵਿੱਚ ਅਮਨ-ਕਾਨੂੰਨ ਅਤੇ ਸੁਰੱਖਿਆ ਵਿਵਸਥਾ ਨੂੰ ਬਣਾਈ ਰੱਖਣ ਲਈ ਪੁਲਿਸ ਵੱਲੋਂ ਇਲਾਕੇ ਵਿੱਚ ਸਖ਼ਤ ਪਹਿਰਾ ਜਾਰੀ ਹੈ।