Daily Suraj

ਪੰਜਾਬੀ

ਦੁਆਬਾ ਪਬਲਿਕ ਸਕੂਲ ਪਾਰੋਵਾਲ ਵਿਖੇ ਐਲੂਮਨੀ ਮੀਟ ਕਰਵਾਈ

27 Dec, 2024 05:30 AM

 ਗੜ੍ਹਸ਼ੰਕਰ : ਦੁਆਬਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਾਰੋਵਾਲ ਵਿਖੇ ਸੈਸ਼ਨ 1984 ਤੋਂ 2009 ਤਕ ਦੇ ਵਿਦਿਆਰਥੀਆਂ ਦੀ ਐਲੂਮਨਾਈ ਮੀਟ ਕਰਵਾਈ ਗਈ। ਇਸ ਸਮਾਗਮ ਵਿੱਚ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਨੇ ਆਪਣੇ ਵਿਦਿਆਰਥੀ ਜੀਵਨ ਦੇ ਅਨਮੋਲ ਸਮੇਂ ਨੂੰ ਯਾਦ ਕਰਦਿਆਂ ਬਹੁਤ ਹੀ ਉਤਸ਼ਾਹ ਅਤੇ ਚਾਵਾਂ ਨਾਲ ਸ਼ਿਰਕਤ ਕੀਤੀ। 15 ਤੋਂ 40 ਸਾਲ ਤਕ ਦੇ ਪੁਰਾਣੇ ਵਿਦਿਆਰਥੀਆਂ ਦਾ ਸਕੂਲ ਦੇ ਮੁੱਖ ਗੇਟ ਤੇ ਢੋਲ ਵਜਾ ਕੇ ਭਰਵਾਂ ਸਵਾਗਤ ਕੀਤਾ ਗਿਆ। ਸਕੂਲ ਵਿਦਿਆਰਥੀਆਂ ਵੱਲੋਂ ਪੁਰਾਣੇ ਵਿਦਿਆਰਥੀਆਂ ਦੀ ਆਮਦ ਤੇ ਕਲਾਤਮਿਕ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਜੈਸਮੀਨ ਨੇ ਹੀਰ ਗਾ ਕੇ ਸਭ ਨੂੰ ਕੀਲ ਕੇ ਰੱਖ ਦਿੱਤਾ। ਇਸ ਮੌਕੇ ਸਕੂਲ ਸੰਸਥਾ ਦੇ ਸੰਸਥਾਪਕ ਸਵਰਗਵਾਸੀ ਪ੍ਰਿੰਸੀਪਲ ਸ. ਬਲਵੰਤ ਸਿੰਘ ਸੰਧੂ ਅਤੇ ਸਵ. ਸਰਦਾਰਨੀ ਬਲਵਿੰਦਰ ਕੌਰ ਸੰਧੂ ਨੂੰ ਯਾਦ ਕਰਦਿਆਂ ਸਭ ਦੀਆਂ ਅੱਖਾਂ ਨਮ ਹੋ ਗਈਆਂ ਅਤੇ ਆਏ ਹੋਏ ਪੁਰਾਣੇ ਵਿਦਿਆਰਥੀਆਂ ਅਤੇ ਮਹਿਮਾਨਾਂ ਵੱਲੋਂ ਭਾਵਭਿੰਨੀ ਸ਼ਰਧਾਂਜਲੀ ਭੇਂਟ ਕੀਤੀ। ਇਸ ਉਪਰੰਤ ਸਕੂਲ ਆਡੀਟੋਰੀਅਮ ਵਿੱਚ ਸੁਰਮਈ ਸ਼ਾਮ ਪ੍ਰੋਗਰਾਮ ਤਹਿਤ ਪੰਜਾਬ ਦੇ ਨਾਮਵਰ ਰੂਹਦਾਰੀ ਕੱਵਾਲ ਗਰੁੱਪ ਦੇ ਫ਼ਨਕਾਰਾਂ ਨੇ ਸੂਫ਼ੀ ਰੰਗ ਦੇ ਗੀਤ ਸੰਗੀਤ ਨਾਲ ਖੂਬ ਰੰਗ ਬੰਨ੍ਹਿਆ।ਇਸ ਮੌਕੇ ਸਕੂਲ ਡਾਇਰੈਕਟਰ ਹਰਪ੍ਰੀਤ ਕੌਰ ਨੇ ਸਭ ਦਾ ਧੰਨਵਾਦ ਕਰਦਿਆਂ 1977 ਵਿੱਚ ਰੱਖੇ ਗਏ ਸਕੂਲ ਦੇ ਨੀਂਹ ਪੱਥਰ ਤੋਂ ਲੈ ਕੇ ਮੌਜੂਦਾ ਸਮੇਂ ਤੱਕ ਦੇ ਅਣਥੱਕ ਸਫ਼ਰ ਨੂੰ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਸਾਂਝਾ ਕੀਤਾ।ਇਸ ਤਰ੍ਹਾਂ ਇਹ ਅਲੂਮਨਾਈ ਮੀਟ ਆਪਣੀਆਂ ਅਮਿੱਟ ਯਾਦਾਂ ਛੱਡਦੀ ਹੋਈ ਯਾਦਗਾਰੀ ਹੋ ਨਿੱਬੜੀ।

Posted By: Daily Suraj Bureau

Latest News