ਗਰਮੀ ਦੇ ਕਹਿਰ ਨਾਲ ਵਧੀ ਬਿਜਲੀ ਦੀ ਖਪਤ, ਕਿਸਾਨਾਂ ਤੋਂ ਲੈ ਕੇ ਵਪਾਰੀਆਂ ਤੱਕ ਹਰ ਵਰਗ ਪਰੇਸ਼ਾਨ
ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਜਾਰੀ ਭਿਆਨਕ ਗਰਮੀ ਦਾ ਅਸਰ ਲਗਾਤਾਰ ਬਣਿਆ ਹੋਇਆ ਹੈ। ਤਾਪਮਾਨ ਵਿੱਚ ਵਾਧੇ ਕਾਰਨ ਖਾਸ ਕਰਕੇ ਝੋਨੇ ਦੀ ਲਵਾਈ ਕਰ ਰਹੇ ਕਿਸਾਨਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਸੂਬੇ ਭਰ ਵਿੱਚ ਲੱਗ ਰਹੇ ਅਣ-ਐਲਾਨੇ ਬਿਜਲੀ ਕੱਟਾਂ ਨੇ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ ਅਤੇ ਆਮ ਲੋਕਾਂ ਦੀਆਂ ਦਿੱਕਤਾਂ ਹੋਰ ਵਧਾ ਦਿੱਤੀਆਂ ਹਨ। ਸੋਮਵਾਰ, 29 ਜੂਨ ਨੂੰ ਪੰਜਾਬ ਵਿੱਚ ਬਿਜਲੀ ਦੀ ਮੰਗ ਵਧ ਕੇ 16,940 ਮੈਗਾਵਾਟ ਤੱਕ ਪਹੁੰਚ ਗਈ, ਜੋ 17 ਹਜ਼ਾਰ ਮੈਗਾਵਾਟ ਦੇ ਬਹੁਤ ਨੇੜੇ ਹੈ। ਬਿਜਲੀ ਦੀ ਮੰਗ ਵਿੱਚ ਲਗਾਤਾਰ ਹੋ ਰਹੇ ਵਾਧੇ ਨੇ ਪਾਵਰਕੌਮ ਦੇ ਅਧਿਕਾਰੀਆਂ ਲਈ ਵੀ ਚੁਣੌਤੀ ਪੈਦਾ ਕਰ ਦਿੱਤੀ ਹੈ। ਉੱਧਰ, ਮੌਸਮ ਵਿਭਾਗ ਨੇ 29 ਅਤੇ 30 ਜੂਨ ਦੌਰਾਨ ਸੂਬੇ ਵਿੱਚ ਗਰਮੀ ਦਾ ਇਹੀ ਰੁਝਾਨ ਜਾਰੀ ਰਹਿਣ ਦੀ ਸੰਭਾਵਨਾ ਜਤਾਈ ਹੈ। ਮੌਸਮ ਵਿਗਿਆਨੀਆਂ ਦੇ ਅਨੁਸਾਰ, 1 ਜੁਲਾਈ ਤੋਂ ਪੰਜਾਬ ਦੇ ਮੌਸਮ ਵਿੱਚ ਬਦਲਾਅ ਆਉਣ ਦੀ ਸੰਭਾਵਨਾ ਹੈ। 1 ਤੋਂ 4 ਜੁਲਾਈ ਦੇ ਵਿਚਕਾਰ ਸੂਬੇ ਦੇ ਕਈ ਇਲਾਕਿਆਂ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਇਸ ਦੌਰਾਨ ਕੁਝ ਥਾਵਾਂ 'ਤੇ ਹਲਕਾ ਅਤੇ ਕੁਝ ਖੇਤਰਾਂ ਵਿੱਚ ਦਰਮਿਆਨਾ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਬਿਜਲੀ ਕੱਟਾਂ ਕਾਰਨ ਝੋਨੇ ਦੀ ਲਵਾਈ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ। ਖੇਤੀਬਾੜੀ ਲਈ ਨਿਰਧਾਰਤ ਅੱਠ ਘੰਟਿਆਂ ਦੀ ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨਾਂ ਵਿੱਚ ਰੋਸ ਵੱਧ ਰਿਹਾ ਹੈ। ਇਸੇ ਮੱਦੇਨਜ਼ਰ ਕਿਸਾਨ ਮਜ਼ਦੂਰ ਮੋਰਚੇ ਨੇ 30 ਜੂਨ ਨੂੰ ਪੰਜਾਬ ਭਰ ਦੇ ਸਾਰੇ ਪਾਵਰਕੌਮ ਦਫ਼ਤਰਾਂ ਅੱਗੇ ਰੋਸ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਹੈ।
Posted By: Daily Suraj Bureau