Daily Suraj

ਪੰਜਾਬੀ

ਈਡੀ ਦੀ ਚਿੱਠੀ ਦੀ ਗੂੰਜ: ਪੰਜਾਬ ’ਚ 61 ਮਾਮਲੇ, 21 ਅਧਿਕਾਰੀ ਤੇ ਪੰਜ ਵਿਚੋਲੇ

18 Aug, 2026 08:21 AM

ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਪੰਜਾਬ ਦੇ ਡੀਜੀਪੀ ਨੂੰ ਹਾਲ ਹੀ ਵਿੱਚ ਲਿਖੇ ਇੱਕ ਪੱਤਰ ਨੇ ਸੂਬੇ ਵਿੱਚ ਕਥਿਤ ਭ੍ਰਿਸ਼ਟਾਚਾਰ ਅਤੇ ਪ੍ਰਸ਼ਾਸਨਿਕ ਦਖ਼ਲਅੰਦਾਜ਼ੀ ਨਾਲ ਜੁੜੇ ਮਾਮਲਿਆਂ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪੱਤਰ ਵਿੱਚ 61 ਮਾਮਲਿਆਂ ਦਾ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਪ੍ਰਸ਼ਾਸਨਿਕ ਫ਼ੈਸਲਿਆਂ ਵਿੱਚ ਦਖ਼ਲ, ਸਰਕਾਰੀ ਅਧਿਕਾਰੀਆਂ ਦੇ ਤਬਾਦਲੇ ਤੇ ਤਾਇਨਾਤੀਆਂ, ਅਸਲਾ ਲਾਇਸੈਂਸ, ਜ਼ਮੀਨੀ ਸੌਦੇ ਅਤੇ ਸਰਕਾਰੀ ਕੰਮਾਂ ਬਦਲੇ ਕਥਿਤ ਭੁਗਤਾਨ ਜਾਂ ਹੋਰ ਲਾਭ ਲੈਣ ਦੇ ਦੋਸ਼ਾਂ ਨਾਲ ਸਬੰਧਤ ਮਾਮਲੇ ਸ਼ਾਮਲ ਹਨ। ਪੱਤਰ ਵਿੱਚ ਪੰਜਾਬ ਸਰਕਾਰ ਨਾਲ ਜੁੜੇ 23 ਅਧਿਕਾਰੀਆਂ ਅਤੇ ਪੰਜ ਨਿੱਜੀ ਵਿਚੋਲਿਆਂ ਦਾ ਜ਼ਿਕਰ ਕੀਤਾ ਗਿਆ ਹੈ। ਅਧਿਕਾਰਤ ਸੂਤਰਾਂ ਮੁਤਾਬਕ ਪੰਜਾਬ ਪੁਲੀਸ ਨੂੰ ਭੇਜੇ ਗਏ ਈਡੀ ਦੇ ਇਸ ਪੱਤਰ ’ਤੇ ਫਿਲਹਾਲ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਪੱਤਰ ਵਿੱਚ ਵਿਚੋਲਿਆਂ ਰਾਹੀਂ ਕਰਵਾਏ ਗਏ 21 ਤਬਾਦਲਿਆਂ ਦਾ ਵੀ ਜ਼ਿਕਰ ਹੈ। ਇਨ੍ਹਾਂ ਤਬਾਦਲਿਆਂ ਨੂੰ ਕਥਿਤ ਤੌਰ ’ਤੇ ਮੁੱਖ ਮੰਤਰੀ ਦਫ਼ਤਰ ਦੇ ਇੱਕ ਉੱਚ ਸਿਆਸੀ ਅਧਿਕਾਰੀ ਅਤੇ ਉਸ ਦੇ ਕਰੀਬੀ ਸਾਥੀ ਨਾਲ ਜੋੜ ਕੇ ਦੇਖਿਆ ਗਿਆ ਹੈ। ਈਡੀ ਦੀ ਜਾਂਚ ਦੇ ਘੇਰੇ ਵਿੱਚ ਨਿਤਿਨ ਗੋਹਲ ਦਾ ਨਾਮ ਵੀ ਸਾਹਮਣੇ ਆਇਆ ਹੈ। ਉਹ ਪਹਿਲਾਂ ਹੀ ਸਨਟੈਕ ਸਿਟੀ ਪ੍ਰਾਜੈਕਟ ਨਾਲ ਸਬੰਧਤ ਜਾਂਚ ਦੇ ਮਾਮਲੇ ਵਿੱਚ ਈਡੀ ਦੀ ਨਜ਼ਰ ਹੇਠ ਹਨ। ਮਈ ਮਹੀਨੇ ਈਡੀ ਦੀ ਛਾਪੇਮਾਰੀ ਦੌਰਾਨ ਇੱਕ ਬਹੁ-ਮੰਜ਼ਿਲਾ ਫਲੈਟ ਵਿੱਚੋਂ ਨਕਦੀ ਨਾਲ ਭਰੇ ਬੈਗ ਉੱਪਰੋਂ ਹੇਠਾਂ ਸੁੱਟੇ ਜਾਣ ਦੀ ਘਟਨਾ ਤੋਂ ਬਾਅਦ ਵੀ ਨਿਤਿਨ ਗੋਹਲ ਚਰਚਾ ਵਿੱਚ ਆਏ ਸਨ। ਪੱਤਰ ਵਿੱਚ 21 ਅਧਿਕਾਰੀਆਂ ਅਤੇ ਪੰਜ ਵਿਚੋਲਿਆਂ ਦੇ ਨਾਮ ਦਰਜ ਹੋਣ ਦੀ ਗੱਲ ਕਹੀ ਗਈ ਹੈ। ਦੋਸ਼ ਮੁਤਾਬਕ ਤਬਾਦਲਿਆਂ ਦੀ ਅੰਤਿਮ ਸੂਚੀ ਜਾਰੀ ਹੋਣ ਤੋਂ ਪਹਿਲਾਂ ਇਹ ਸੂਚੀ ਵਿਚੋਲਿਆਂ ਰਾਹੀਂ ਭੇਜੀ ਜਾਂਦੀ ਸੀ। ਈਡੀ ਨੇ ਇਨ੍ਹਾਂ ਤਬਾਦਲਿਆਂ ਵਿੱਚ ਵਿਚੋਲਿਆਂ ਦੀ ਕਥਿਤ ਭੂਮਿਕਾ ਵੱਲ ਵੀ ਇਸ਼ਾਰਾ ਕੀਤਾ ਹੈ। ਪੱਤਰ ਵਿੱਚ 11 ਅਜਿਹੇ ਮਾਮਲਿਆਂ ਦਾ ਵੀ ਜ਼ਿਕਰ ਹੈ, ਜਿਨ੍ਹਾਂ ਵਿੱਚ 89.55 ਲੱਖ ਰੁਪਏ ਦੇ ਲੈਣ-ਦੇਣ ਦਾ ਦਾਅਵਾ ਕੀਤਾ ਗਿਆ ਹੈ। ਇਹ ਲੈਣ-ਦੇਣ ਹਵਾਲਾ ਰਾਹੀਂ ਹੋਏ ਲੈਣ-ਦੇਣ ਤੋਂ ਵੱਖਰੇ ਦੱਸੇ ਗਏ ਹਨ। ਇਨ੍ਹਾਂ ਮਾਮਲਿਆਂ ਵਿੱਚ ਅਨਾਜ ਦੀ ਆਵਾਜਾਈ ਨੀਤੀ, ਫੋਰਟੀਫਾਈਡ ਰਾਈਸ ਦੇ ਨਿਰਮਾਤਾਵਾਂ ਦੀ ਸੂਚੀਬੱਧਤਾ, ਵੇਰਕਾ ਲਈ ਐੱਸਏਪੀ ਲਾਇਸੈਂਸ ਰੱਖਣ ਅਤੇ ਕਾਰੋਬਾਰੀ ਲਾਇਸੈਂਸਾਂ ਦੇ ਨਵੀਨੀਕਰਨ ਨਾਲ ਸਬੰਧਤ ਮਾਮਲੇ ਸ਼ਾਮਲ ਹਨ। ਈਡੀ ਦੇ ਪੱਤਰ ਵਿੱਚ ਸੱਤ ਅਜਿਹੇ ਮਾਮਲਿਆਂ ਦਾ ਵੀ ਜ਼ਿਕਰ ਹੈ, ਜਿਨ੍ਹਾਂ ਵਿੱਚ ਨਿਤਿਨ ਗੋਹਲ ਵੱਲੋਂ ਕਥਿਤ ਤੌਰ ’ਤੇ ਜ਼ਮੀਨੀ ਸੌਦਿਆਂ ਅਤੇ ਰੀਅਲ ਅਸਟੇਟ ਡਿਵੈਲਪਰਾਂ ਨਾਲ ਜੁੜੇ ਕੰਮਾਂ ਵਿੱਚ ਭੂਮਿਕਾ ਨਿਭਾਉਣ ਦਾ ਦਾਅਵਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੱਤ ਅਸਲਾ ਲਾਇਸੈਂਸਾਂ ਨਾਲ ਸਬੰਧਤ ਮਾਮਲਿਆਂ ਵੱਲ ਵੀ ਇਸ਼ਾਰਾ ਕੀਤਾ ਗਿਆ ਹੈ। ਈਡੀ ਵੱਲੋਂ ਗੁਪਤ ਸਰਕਾਰੀ ਜਾਣਕਾਰੀ ਤੱਕ ਕਥਿਤ ਤੌਰ ’ਤੇ ਅਣਅਧਿਕਾਰਤ ਪਹੁੰਚ ਬਣਾਉਣ ਦੇ ਦੋਸ਼ ਵੀ ਲਗਾਏ ਗਏ ਹਨ। ਨਿਤਿਨ ਗੋਹਲ ਨੇ ਦੋਸ਼ਾਂ ਨੂੰ ਦੱਸਿਆ ਸਿਆਸੀ ਸਾਜ਼ਿਸ਼ ਦੂਜੇ ਪਾਸੇ, ਨਿਤਿਨ ਗੋਹਲ ਨੇ ਮਾਮਲੇ ਨੂੰ ਸਿਆਸੀ ਤੌਰ ’ਤੇ ਪ੍ਰੇਰਿਤ ਕਰਾਰ ਦਿੰਦਿਆਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਕਿਹਾ ਕਿ ਚੋਣਾਂ ਨੇੜੇ ਆਉਣ ਕਾਰਨ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਵਿਰੁੱਧ ਵੱਡੀ ਸਾਜ਼ਿਸ਼ ਤਹਿਤ ਝੂਠੇ ਕੇਸ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੋਹਲ ਨੇ ਕਿਹਾ ਕਿ ਸੂਬੇ ਦੀ ਬਿਹਤਰੀ ਲਈ ਕਿਸੇ ਦੋਸਤ ਨੂੰ ਮਸ਼ਵਰਾ ਦੇਣਾ ਜਮਹੂਰੀ ਹੱਕ ਹੈ। ਉਨ੍ਹਾਂ ਦੇ ਮੁਤਾਬਕ ਇਹ ਦੋ ਵਿਅਕਤੀਆਂ ਵਿਚਕਾਰ ਹੋਈ ਨਿੱਜੀ ਗੱਲਬਾਤ ਸੀ ਅਤੇ ਇਸ ਨੂੰ ਸਰਕਾਰੀ ਨੀਤੀ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਹੀਂ ਮੰਨਿਆ ਜਾ ਸਕਦਾ। ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਦਫ਼ਤਰ ਵਿੱਚ ਤਾਇਨਾਤੀ ਹੋਣ ਕਾਰਨ ਉਨ੍ਹਾਂ ਦੇ ਭਰਾ ਜਿਤਿਨ ਦਾ ਨਾਮ ਮਾਮਲੇ ਵਿੱਚ ਸ਼ਾਮਲ ਕੀਤਾ ਗਿਆ ਹੈ। ਨਿਤਿਨ ਗੋਹਲ ਨੇ ਫਲੈਟਾਂ ਵਿੱਚੋਂ ਸੁੱਟੀ ਗਈ ਨਕਦੀ ਸਮੇਤ ਭ੍ਰਿਸ਼ਟਾਚਾਰ ਅਤੇ ਹੋਰ ਗਲਤ ਕੰਮਾਂ ਨਾਲ ਜੁੜੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

Posted By: Daily Suraj Bureau

Latest News