ਇੰਡੀਗੋ ਏਅਰਲਾਈਨਜ਼ ਦਾ ਵੱਡਾ ਫ਼ੈਸਲਾ: 6 ਅਕਤੂਬਰ ਤੋਂ ਲਾਗੂ ਹੋਣਗੀਆਂ ਫਿਊਲ ਚਾਰਜ ਦੀਆਂ ਨਵੀਆਂ ਦਰਾਂ
ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਹਵਾਈ ਯਾਤਰੀਆਂ ਨੂੰ ਵੱਡਾ ਝਟਕਾ ਲੱਗਿਆ ਹੈ। ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਇੰਡੀਗੋ ਨੇ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ 'ਤੇ ਫਿਊਲ ਚਾਰਜ (ਈਂਧਨ ਚਾਰਜ) ਵਿੱਚ ਵਾਧਾ ਕਰ ਦਿੱਤਾ ਹੈ। ਇਹ ਨਵੇਂ ਚਾਰਜ 6 ਅਕਤੂਬਰ ਨੂੰ ਰਾਤ 12:01 ਵਜੇ ਤੋਂ ਬਾਅਦ ਕੀਤੀ ਜਾਣ ਵਾਲੀ ਹਰ ਨਵੀਂ ਬੁਕਿੰਗ 'ਤੇ ਲਾਗੂ ਕੀਤੇ ਜਾਣਗੇ। ਏਅਰਲਾਈਨ ਵੱਲੋਂ ਇਹ ਫ਼ੈਸਲਾ ਐਵੀਏਸ਼ਨ ਟਰਬਾਈਨ ਫਿਊਲ (ATF) ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਦੇ ਮੱਦੇਨਜ਼ਰ ਲਿਆ ਗਿਆ ਹੈ। ਰੇਟਿੰਗ ਏਜੰਸੀ ICRA ਦੇ ਅੰਕੜਿਆਂ ਮੁਤਾਬਕ, ਕਿਸੇ ਵੀ ਏਅਰਲਾਈਨ ਦੇ ਕੁੱਲ ਆਪਰੇਟਿੰਗ (ਸੰਚਾਲਨ) ਖਰਚਿਆਂ ਵਿੱਚ ਫਿਊਲ ਦੀ ਹਿੱਸੇਦਾਰੀ ਲਗਭਗ 30 ਤੋਂ 40 ਫੀਸਦੀ ਤੱਕ ਹੁੰਦੀ ਹੈ। ਹਾਲ ਹੀ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਛਾਲ ਆਉਣ ਕਾਰਨ ਏਟੀਐੱਫ ਦੀ ਦਰ ਵਿੱਚ ਕਾਫ਼ੀ ਵਾਧਾ ਦਰਜ ਕੀਤਾ ਗਿਆ ਹੈ। ਇੰਡੀਗੋ ਮੁਤਾਬਕ ਹਵਾਈ ਜਹਾਜ਼ਾਂ ਦੇ ਬਾਲਣ ਦੀਆਂ ਕੀਮਤਾਂ ਵਿੱਚ ਮਹੀਨਾਵਾਰ ਵਾਧਾ 14 ਫੀਸਦੀ ਤੋਂ ਵੀ ਵੱਧ ਹੋ ਗਿਆ ਹੈ, ਜੋ ਕਿ ਏਅਰਲਾਈਨ ਦੇ ਲਾਗਤ ਢਾਂਚੇ ਅਤੇ ਨੈੱਟਵਰਕ ਅਰਥ-ਸ਼ਾਸਤਰ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰਦਾ ਹੈ। ਨਵੇਂ ਢਾਂਚੇ ਤਹਿਤ ਇੰਡੀਗੋ ਦੀਆਂ ਘਰੇਲੂ ਉਡਾਣਾਂ ਲਈ ਦੂਰੀ ਦੇ ਹਿਸਾਬ ਨਾਲ ਫਿਊਲ ਚਾਰਜ ਹੇਠ ਲਿਖੇ ਅਨੁਸਾਰ ਹੋਵੇਗਾ: 500 ਕਿਲੋਮੀਟਰ ਤੱਕ ਦੀ ਉਡਾਣ: ₹375 501 ਤੋਂ 1,000 ਕਿਲੋਮੀਟਰ ਤੱਕ: ₹600 1,001 ਤੋਂ 1,500 ਕਿਲੋਮੀਟਰ ਤੱਕ: ₹900 1,501 ਤੋਂ 2,000 ਕਿਲੋਮੀਟਰ ਤੱਕ: ₹1,150 2,000 ਕਿਲੋਮੀਟਰ ਤੋਂ ਵੱਧ ਦੀ ਉਡਾਣ: ₹1,300