Daily Suraj

ਪੰਜਾਬੀ

ਵਾਰਡ-16 ਲਈ 1541 ਵੋਟਰ ਅੱਜ ਚੁਣਨਗੇ ਨਵਾਂ ਐੱਮਸੀ

20 Dec, 2024 05:30 AM

 ਗੁਰਦਾਸਪੁਰ: ਨਗਰ ਕੌਂਸਲ ਗੁਰਦਾਸਪੁਰ ਵਾਰਡ ਨੰਬਰ 16 ਤੇ ਹੋ ਰਹੀ ਜ਼ਿਮਨੀ ਚੋਣ ਲਈ ਮੱਤਦਾਨ ਦੀਆਂ ਤਿਆਰੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਕੰਮਲ ਕਰ ਲਈਆਂ ਗਈਆਂ ਹਨ। ਮੱਤਦਾਨ ਅੱਜ ਸ਼ਨਿੱਚਰਵਾਰ ਸਵੇਰੇ 7 ਵਜੇ ਸ਼ੁਰੂ ਹੋਵੇਗਾ ਅਤੇ ਸ਼ਾਮ 4 ਵਜੇ ਤੱਕ ਸੁਰੱਖਿਆ ਇੰਤਜਾਮਾਂ ਹੇਠ ਚੱਲੇਗਾ। ਇਹ ਮੱਤਦਾਨ ਈਵੀਐੱਮ ਮਸ਼ੀਨਾਂ ਰਾਹੀਂ ਹੋਵੇਗਾ। ਮੱਤਦਾਨ ਲਈ ਮੰਡੀ ਬੋਰਡ ਗੁਰਦਾਸਪੁਰ ਦਫਤਰ ਵਿਖੇ 2 ਬੂਥ 29 ਨੰਬਰ ਅਤੇ 30 ਸਥਾਪਿਤ ਕੀਤੇ ਗਏ ਹਨ। ਨਗਰ ਕੌਂਸਲ ਗੁਰਦਾਸਪੁਰ ਦੇ ਕਾਰਜ ਸਾਧਕ ਅਫਸਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਇਸ ਵਾਰਡ ਵਿੱਚ ਕੁਲ 1541 ਯੋਗ ਵੋਟਰ ਹਨ ਜਿੰਨਾਂ ਵਿੱਚ 785 ਪੁਰਸ਼ ਵੋਟਰ ਹਨ ਜਦੋਂਕਿ ਮਹਲਾਂ ਵੋਟਰਾਂ ਦੀ ਗਿਣਤੀ 756 ਹੈ। 29 ਨੰਬਰ ਬੂਥ 400 ਪੁਰਸ਼ ਅਤੇ 360 ਔਰਤ ਵੋਟਰਾਂ ਨੂੰ ਅਲਾਟ ਕੀਤਾ ਗਿਆ ਹੈ ਜਦੋਂਕਿ 30 ਨੰਬਰ ਬੂਥ 385 ਪੁਰਸ਼ ਅਤੇ 396 ਔਰਤਾਂ ਮੱਤਦਾਨ ਕਰਨਗੀਆਂ। ਮੰਡੀ ਬੋਰਡ ਦਫਤਰ ਵਿਖੇ ਦੋਵਾਂ ਬੂਥਾਂ ਤੇ ਈਵੀਐੱਮ ਮਸ਼ੀਨਾਂ ਰੱਖ ਦਿੱਤੀਆਂ ਗਈਆੰ ਹਨ ਅਤੇ ਪੋਲਿੰਗ ਸਟਾਫ ਵੀ ਡਿਊਟੀ ਸੰਭਾਲ ਚੁੱਕਾ ਹੈ। ਮੱਤਦਾਨ ਪ੍ਰਕਿਰਿਆ ਪੂਰੀ ਹੋਣ ਦੇ ਤੁਰੰਤ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਕਰ ਦਿੱਤੀ ਜਾਵੇਗੀ। ਸੰਭਾਵਨਾਂ ਹੈ ਕਿ ਇੱਕ-ਡੇਢ ਘੰਟੇ ਵਿੱਚ ਹੀ ਚੋਣ ਨਤੀਜਾ ਸਾਹਮਣੇ ਆ ਜਾਵੇਗਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੋਣਾਂ ਦੇ ਮੱਦੇਨਜ਼ਰ ਸ਼ਹਿਰ ਨੂੰ ਡ੍ਰਾਈ ਡੇ ਐਲਾਨਿਆ ਗਿਆ ਹੈ ਅਤੇ ਇਸਦੇ ਨਾਲ ਹੀ ਵਾਰਡ ਨਾਲ ਸਬੰਧਿਤ ਵੋਟਰਾਂ ਨੂੰ ਛੁੱਟੀ ਵੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਵਾਰਡ ਨੰਬਰ 16 ਤੇ ਲੰਬੇ ਸਮੇਂ ਤੋਂ ਕਾਂਗਰਸ ਦਾ ਕੌਂਸਲਰ ਕਾਬਜ਼ ਰਿਹਾ ਹੈ। ਇੱਥੋਂ ਦੇ ਕਾਂਗਰਸ ਕੌਂਸਲਰ ਪਰਸ਼ੋਤਮ ਲਾਲ ਭੁੱਚੀ ਦਾ ਪਿਛਲੇ ਸਾਲ ਦੇਹਾਂਤ ਹੋ ਜਾਣ ਕਰਕੇ ਇਹ ਵਾਰਡ ਖਾਲੀ ਹੋ ਗਈ ਸੀ ਜਿਸ ਕਾਰਨ ਇਥੇ ਹੁਣ ਜ਼ਿਮਨੀ ਚੋਣ ਕਰਵਾਈ ਜਾ ਰਹੀ ਹੈ। ਇਸ ਵਾਰ ਕਾਂਗਰਸ ਉਮੀਦਵਾਰ ਵਰੁਣ ਸ਼ਰਮਾ ਦੇ ਸਾਹਮਣੇ ਆਮ ਆਦਮੀ ਪਾਰਟੀ ਦੇ ਇੰਜੀ. ਹਰਦੀਪ ਸਿੰਘ ਬੇਦੀ ਚੋਣ ਮੈਦਾਨ ਵਿੱਚ ਹਨ। ਦੋਹਾਂ ਉਮੀਦਵਾਰਾਂ ਵਿਚਾਲੇ ਸਿੱਧੀ ਅਤੇ ਫਸਵੀਂ ਟੱਕਰ ਬਣਾ ਹੋਈ ਹੈ। ਜਿਨਾਂ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਵਿੱਚ ਆਪਣੀ ਪੂਰੀ ਤਾਕਤ ਲਗਾਈ ਗਈ। ਆਪ ਉਮੀਦਵਾਰ ਹਰਦੀਪ ਬੇਦੀ ਦੇ ਹੱਕ ਵਿੱਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੱਲੋਂ ਵੀ ਪ੍ਰਚਾਰ ਕੀਤਾ ਗਿਆ। ਇਸੇ ਤਰ੍ਹਾਂ ਕਾਂਗਰਸ ਉਮੀਦਵਾਰ ਵਰੁਣ ਸ਼ਰਮਾ ਦੇ ਹੱਕ ਵਿੱਚ ਗੁਰਦਾਸਪੁਰ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਲੋਂ ਵੀ ਘਰ-ਘਰ ਜਾ ਕੇ ਪ੍ਰਚਾਰ ਕੀਤਾ ਗਿਆ। ਚੋਣ ਪ੍ਰਚਾਰ ਦੌਰਾਨ ਦੋਹਾਂ ਉਮੀਦਵਾਰਾਂ ਵੱਲੋ ਵੋਟਰਾਂ ਨਾਲ ਵਾਰਡ ਦੇ ਵਿਕਾਸ ਸਬੰਧੀ ਅਨੇਕਾਂ ਵਾਅਦੇ ਕੀਤੇ ਗਏ। ਹੁਣ 21 ਦਸੰਬਰ ਨੂੰ ਫੈਸਲੇ ਦੀ ਘੜੀ ਆ ਗਈ ਹੈ ਅਤੇ ਸ਼ਾਮ 5 ਵਜੇ ਦੇ ਕਰੀਬ ਵਾਰਡ ਨੰਬਰ 16 ਨੂੰ ਨਵਾਂ ਐੱਮਸੀ ਮਿਲ ਜਾਵੇਗਾ।

Posted By: Daily Suraj Bureau

Latest News