Daily Suraj

ਪੰਜਾਬੀ

ਪਰਿਵਾਰ ਦੇ ਸਹਾਰੇ ਤੋਂ ਵਾਂਝੀ ਰਣਜੀਤ ਕੌਰ ਦੀ ਦਰਦਭਰੀ ਦਾਸਤਾਨ, ਬਰਸਾਤ ਵਿੱਚ ਟੈਂਟ ਹੀ ਬਣਿਆ ਆਸਰਾ

29 Jul, 2026 03:07 PM

ਜ਼ਿੰਦਗੀ ਦੇ ਆਖ਼ਰੀ ਪੜਾਅ ਵਿੱਚ ਜਿੱਥੇ ਹਰ ਬਜ਼ੁਰਗ ਨੂੰ ਸੁਰੱਖਿਅਤ ਰਹਿਣ ਲਈ ਇੱਕ ਛੱਤ ਅਤੇ ਪਰਿਵਾਰਕ ਸਹਾਰੇ ਦੀ ਲੋੜ ਹੁੰਦੀ ਹੈ, ਉੱਥੇ ਹੀ ਹਲਕਾ ਖੇਮਕਰਨ ਦੇ ਪਿੰਡ ਮਰਗਿੰਦਪੁਰਾ ਦੀ ਕਰੀਬ 70 ਸਾਲਾ ਰਣਜੀਤ ਕੌਰ ਅੱਜ ਵੀ ਛੱਪੜ ਦੇ ਕਿਨਾਰੇ ਲੱਗੇ ਇੱਕ ਅਸਥਾਈ ਟੈਂਟ ਵਿੱਚ ਰਹਿਣ ਲਈ ਮਜਬੂਰ ਹੈ। ਪਤੀ ਦੇ ਦਿਹਾਂਤ ਅਤੇ ਪਰਿਵਾਰਕ ਸਹਾਰੇ ਤੋਂ ਵਾਂਝੀ ਹੋ ਚੁੱਕੀ ਬਜ਼ੁਰਗ ਮਹਿਲਾ ਨੇ ਸਰਕਾਰ, ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਕੋਲ ਆਪਣੇ ਲਈ ਇੱਕ ਪੱਕਾ ਘਰ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ। ਰਣਜੀਤ ਕੌਰ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਨ੍ਹਾਂ ਦੇ ਪਤੀ ਦਾ ਦਿਹਾਂਤ ਹੋ ਗਿਆ ਸੀ। ਇਸ ਤੋਂ ਬਾਅਦ ਪੁੱਤਰ ਅਤੇ ਧੀ ਵੀ ਵਿਆਹ ਤੋਂ ਬਾਅਦ ਉਨ੍ਹਾਂ ਨੂੰ ਇਕੱਲਾ ਛੱਡ ਗਏ। ਕੋਈ ਸਹਾਰਾ ਨਾ ਮਿਲਣ ਕਾਰਨ ਉਹ ਆਪਣੇ ਸਹੁਰੇ ਪਿੰਡ ਤੋਂ ਆਪਣੇ ਪੇਕੇ ਪਿੰਡ ਮਰਗਿੰਦਪੁਰਾ ਆ ਗਏ, ਪਰ ਇੱਥੇ ਵੀ ਉਨ੍ਹਾਂ ਨੂੰ ਪੱਕਾ ਮਕਾਨ ਨਹੀਂ ਮਿਲ ਸਕਿਆ। ਇਸ ਵੇਲੇ ਉਹ ਪਿੰਡ ਦੇ ਛੱਪੜ ਨੇੜੇ ਲੱਗੇ ਇੱਕ ਟੈਂਟ ਵਿੱਚ ਰਹਿ ਕੇ ਆਪਣਾ ਗੁਜ਼ਾਰਾ ਕਰ ਰਹੇ ਹਨ। ਬਜ਼ੁਰਗ ਮਹਿਲਾ ਦਾ ਕਹਿਣਾ ਹੈ ਕਿ ਬਰਸਾਤ ਦੇ ਦਿਨਾਂ ਵਿੱਚ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵੱਧ ਜਾਂਦੀਆਂ ਹਨ। ਮੀਂਹ ਪੈਣ ਦੌਰਾਨ ਟੈਂਟ ਵਿੱਚ ਪਾਣੀ ਭਰ ਜਾਂਦਾ ਹੈ ਅਤੇ ਛੱਪੜ ਦੇ ਨੇੜੇ ਹੋਣ ਕਾਰਨ ਸੱਪਾਂ ਅਤੇ ਹੋਰ ਜ਼ਹਿਰੀਲੇ ਜੀਵ-ਜੰਤੂਆਂ ਦਾ ਵੀ ਲਗਾਤਾਰ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਮੁਤਾਬਕ ਹਰ ਰਾਤ ਡਰ ਅਤੇ ਅਸੁਰੱਖਿਆ ਦੇ ਮਾਹੌਲ ਵਿੱਚ ਬੀਤਦੀ ਹੈ। ਉਨ੍ਹਾਂ ਦੀ ਸਿਰਫ਼ ਇਹੀ ਇੱਛਾ ਹੈ ਕਿ ਉਨ੍ਹਾਂ ਨੂੰ ਇੱਕ ਛੋਟਾ ਜਿਹਾ ਪੱਕਾ ਕਮਰਾ ਮਿਲ ਜਾਵੇ, ਜਿੱਥੇ ਉਹ ਆਪਣੀ ਬਾਕੀ ਜ਼ਿੰਦਗੀ ਇੱਜ਼ਤ ਅਤੇ ਸੁਰੱਖਿਆ ਨਾਲ ਬਿਤਾ ਸਕਣ। ਇਸ ਸਬੰਧੀ ਪਿੰਡ ਦੇ ਸਰਪੰਚ ਸੁਖਦੇਵ ਸਿੰਘ ਨੇ ਦੱਸਿਆ ਕਿ ਪੰਚਾਇਤ ਵੱਲੋਂ ਰਣਜੀਤ ਕੌਰ ਨੂੰ ਰਹਿਣ ਲਈ ਪੰਚਾਇਤੀ ਜ਼ਮੀਨ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਪਿੰਡ ਨੂੰ 25 ਪੱਕੇ ਮਕਾਨਾਂ ਲਈ ਗ੍ਰਾਂਟ ਮਿਲੀ ਸੀ, ਪਰ ਨਿਰਧਾਰਿਤ ਪ੍ਰਕਿਰਿਆ ਕਾਰਨ ਰਣਜੀਤ ਕੌਰ ਦਾ ਨਾਮ ਇਸ ਸੂਚੀ ਵਿੱਚ ਸ਼ਾਮਲ ਨਹੀਂ ਹੋ ਸਕਿਆ। ਉਨ੍ਹਾਂ ਭਰੋਸਾ ਦਿੱਤਾ ਕਿ ਅਗਲੀ ਗ੍ਰਾਂਟ ਦੌਰਾਨ ਉਨ੍ਹਾਂ ਦਾ ਨਾਮ ਪਹਿਲ ਦੇ ਆਧਾਰ 'ਤੇ ਭੇਜਿਆ ਜਾਵੇਗਾ ਅਤੇ ਪੱਕਾ ਕਮਰਾ ਬਣਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਉੱਧਰ, ਪਿੰਡ ਵਾਸੀਆਂ ਨੇ ਵੀ ਇਸ ਮਾਮਲੇ ਨੂੰ ਗੰਭੀਰ ਮਨੁੱਖੀ ਮੁੱਦਾ ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਬੇਸਹਾਰਾ ਬਜ਼ੁਰਗ ਮਹਿਲਾ ਦਾ ਖੁੱਲ੍ਹੇ ਅਸਮਾਨ ਹੇਠ ਟੈਂਟ ਵਿੱਚ ਰਹਿਣਾ ਸਮਾਜ ਅਤੇ ਪ੍ਰਸ਼ਾਸਨ ਦੋਵਾਂ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਨੁੱਖੀ ਹਮਦਰਦੀ ਦੇ ਆਧਾਰ 'ਤੇ ਇਸ ਮਾਮਲੇ ਨੂੰ ਤਰਜੀਹ ਦਿੱਤੀ ਜਾਵੇ ਅਤੇ ਰਣਜੀਤ ਕੌਰ ਨੂੰ ਜਲਦੀ ਤੋਂ ਜਲਦੀ ਪੱਕਾ ਆਸਰਾ ਮੁਹੱਈਆ ਕਰਵਾਇਆ ਜਾਵੇ।

Posted By: Daily Suraj Bureau

Latest News