Daily Suraj

ਪੰਜਾਬੀ

ਪੰਜਾਬ 'ਚ ਭਲਕ ਤੋਂ ਨਹੀਂ ਲੱਗਣਗੇ ਲੰਬੇ ਬਿਜਲੀ ਕੱਟ: ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਦਾ ਵੱਡਾ ਦਾਅਵਾ

14 Sep, 2026 04:04 PM

ਪੰਜਾਬ ਦੇ ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਸੂਬੇ ਦੇ ਲੋਕਾਂ ਨੂੰ ਬਿਜਲੀ ਕੱਟਾਂ ਤੋਂ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ ਹੈ। ਲੁਧਿਆਣਾ ਵਿਖੇ ਗੱਲਬਾਤ ਕਰਦਿਆਂ ਬਿਜਲੀ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਹੁਣ ਬਿਜਲੀ ਦੇ ਲੰਬੇ ਕੱਟ ਨਹੀਂ ਲੱਗਣਗੇ ਅਤੇ 15 ਸਤੰਬਰ ਤੋਂ ਇਹ ਕੱਟ ਲੱਗਣੇ ਪੂਰੀ ਤਰ੍ਹਾਂ ਬੰਦ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਅਤੇ ਸਰਕਾਰ ਨੇ ਮੁਸਤੈਦੀ ਦਿਖਾਉਂਦਿਆਂ ਪ੍ਰਾਈਵੇਟ ਬਿਜਲੀ ਪਲਾਂਟਾਂ ਨੂੰ ਠੀਕ ਕਰਵਾ ਲਿਆ ਹੈ। ਬਿਜਲੀ ਸੁਧਾਰ ਅਤੇ ਸੁਚਾਰੂ ਸਪਲਾਈ ਯਕੀਨੀ ਬਣਾਉਣ ਦੇ ਇਸ ਕਾਰਜ ਲਈ ਕਰੀਬ 200 ਸਰਕਾਰੀ ਮੁਲਾਜ਼ਮਾਂ ਦੀ ਉਚੇਚੇ ਤੌਰ 'ਤੇ ਡਿਊਟੀ ਲਗਾਈ ਗਈ ਸੀ। ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਕਿਸਾਨਾਂ ਨੂੰ ਪਹਿਲਾਂ ਦੇ ਮੁਕਾਬਲੇ ਵਧੇਰੇ ਬਿਜਲੀ ਦਿੱਤੀ ਜਾ ਰਹੀ ਹੈ, ਜਿਸ ਤਹਿਤ ਹੁਣ 8 ਘੰਟੇ ਦੀ ਬਜਾਏ 10 ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਬਿਜਲੀ ਦੀ ਮੰਗ ਵਿੱਚ 3,500 ਮੈਗਾਵਾਟ ਦਾ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਦੂਜੇ ਪਾਸੇ, ਸੂਬੇ ਵਿੱਚ ਬਿਜਲੀ ਦੀ ਮੰਗ ਲਗਾਤਾਰ 16,000 ਮੈਗਾਵਾਟ ਤੋਂ ਪਾਰ ਬਣੀ ਹੋਈ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕੌਮ) ਇਸ ਸਮੇਂ ਮੰਗ ਪੂਰੀ ਕਰਨ ਲਈ ਵੱਖ-ਵੱਖ ਸਰੋਤਾਂ ਤੋਂ ਬਿਜਲੀ ਉਤਪਾਦਨ ਕਰਵਾ ਰਿਹਾ ਹੈ। ਹਾਲਾਂਕਿ, ਕੋਲੇ ਦੀ ਘਾਟ ਕਾਰਨ ਕੁੱਲ ਰਾਜ ਉਤਪਾਦਨ 5,743 ਮੈਗਾਵਾਟ ਤੱਕ ਹੀ ਪਹੁੰਚ ਸਕਿਆ ਹੈ। ਬਿਜਲੀ ਦੀ ਭਾਰੀ ਮੰਗ ਨੂੰ ਪੂਰਾ ਕਰਨ ਲਈ ਪੀ.ਐੱਸ.ਪੀ.ਸੀ.ਐੱਲ. ਨੂੰ ਕੇਂਦਰੀ ਪੂਲ ਉੱਤੇ ਵੀ ਨਿਰਭਰ ਰਹਿਣਾ ਪੈ ਰਿਹਾ ਹੈ।

Posted By: Daily Suraj Bureau

Latest News