ਕਿਰਤ ਵਿਰੋਧੀ ਚਾਰ ਕੋਡ ਰੱਦ ਹੋਣ ਤੱਕ ਜਾਰੀ ਰਹੇਗਾ ਸੰਘਰਸ਼ - ਕਾਮਰੇਡ ਚੰਦਰ ਸ਼ੇਖਰ
12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ :ਬਲਕਾਰ ਸਿੰਘ/ਗਗਨਦੀਪ ਭੁੱਲਰ ਸੰਗਰੂਰ, (ਜਗਸੀਰ ਸਿੰਘ ) - 12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਦੀਆਂ ਤਿਆਰੀਆਂ ਸੰਬੰਧੀ ਜ਼ਿਲ੍ਹੇ ਦੀਆਂ ਸਾਰੀਆਂ ਜੱਥੇਬੰਦੀਆਂ ਦੇ ਆਗੂਆਂ ਦੀ ਅਹਿਮ ਮੀਟਿੰਗ ਸੀਟੂ ਦਫ਼ਤਰ ਵਿਖੇ ਸਾਥੀ ਮੇਘ ਰਾਜ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਪੰਜਾਬ ਸੀਟੂ ਦੇ ਪ੍ਰਧਾਨ ਸਾਥੀ ਚੰਦਰ ਸ਼ੇਖਰ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਆਗੂ ਨੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਤੋਂ ਬਣੇ ਕਿਰਤ ਕਾਨੂੰਨਾਂ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਅਤੇ ਕਿਰਤ ਵਿਰੋਧੀ ਚਾਰ ਕੋਡ ਲਾਗੂ ਹੋਣ ਤੇ ਮਜ਼ਦੂਰਾਂ ਤੇ ਪੈਣ ਵਾਲੇ ਮਾੜੇ ਪ੍ਰਭਾਵ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਮਜ਼ਦੂਰਾਂ ਤੋਂ ਯੂਨੀਅਨ ਬਣਾਉਣ ਅਤੇ ਹੜਤਾਲ ਕਰਨ ਦਾ ਹੱਕ ਖੋਹਿਆ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਮਾਲਕਾਂ ਨੂੰ ਹਾਇਰ ਐਂਡ ਫਾਇਰ ਦੀ ਨੀਤੀ ਲਾਗੂ ਕਰਨ ਦਾ ਅਧਿਕਾਰ ਦੇ ਦਿੱਤਾ ਹੈ। ਇਹ ਕਾਨੂੰਨ ਮਾਲਕਾਂ ਨੂੰ ਮਨਮਾਨੇ ਢੰਗ ਨਾਲ 12 ਘੰਟੇ ਤੋਂ ਜ਼ਿਆਦਾ ਕੰਮ ਕਰਵਾਉਣ ਦੀ ਖੁੱਲ੍ਹ ਦੇ ਰਹੀ ਹੈ। 300 ਤੋਂ ਘੱਟ ਮਜ਼ਦੂਰਾਂ ਵਾਲੀ ਫੈਕਟਰੀ ਮਾਲਕ ਨੂੰ ਤਾਲਾਬੰਦੀ ਅਤੇ ਲੇ-ਆਫ਼, ਨੌਕਰੀ ਤੋਂ ਛੱਟਣੀ ਕਰਨ ਦੀ ਛੋਟ ਦਿੱਤੀ ਜਾ ਰਹੀ ਹੈ। ਜਿਸ ਨਾਲ ਦੇਸ਼ ਦੇ 80 ਪ੍ਰਤੀਸ਼ਤ ਮਜ਼ਦੂਰ ਕਾਨੂੰਨੀ ਸੁਰੱਖਿਆ ਤੋਂ ਵਾਂਝੇ ਹੋ ਜਾਣਗੇ। 15000 ਤੋਂ ਵੱਧ ਤਨਖਾਹ ਲੈਣ ਵਾਲੇ ਵਰਕਰ ਨੂੰ ਮਜ਼ਦੂਰ ਨਹੀਂ ਮੰਨਿਆ ਜਾਵੇਗਾ।ਇਸ ਕਾਨੂੰਨ ਵਿੱਚ ਮਜ਼ਦੂਰ ਲਈ ਛੁੱਟੀਆਂ,ਬੋਨਸ, ਅਤੇ ਗੈਚੁਇਟੀ, ਮਿਨੀਮਮ ਵੇਜਿਜ਼ ਦੀ ਕੋਈ ਠੋਸ ਗਰੰਟੀ ਨਹੀਂ ਕੀਤੀ ਗਈ ਹੈ। ਭਾਵ ਮਜ਼ਦੂਰਾਂ ਨੂੰ ਮਾਲਕਾਂ ਦੇ ਰਹਿਮੋ -ਕਰਮ ਤੇ ਛੱਡ ਦਿੱਤਾ ਗਿਆ ਹੈ। ਜਿਸ ਲਈ ਕਿਰਤੀ ਜਮਾਤ ਵਿੱਚ ਸਰਕਾਰਾਂ ਪ੍ਰਤੀ ਭਾਰੀ ਰੋਸ਼ ਹੈ।ਇਸ ਲਈ ਪੂਰੇ ਦੇਸ਼ ਵਿੱਚ 35 ਕਰੋੜ ਤੋਂ ਵੀ ਵੱਧ ਮਜ਼ਦੂਰ 12 ਫਰਵਰੀ ਦੀ ਇਸ ਹੜਤਾਲ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਇਸ ਮੌਕੇ ਸੀਟੂ ਦੇ ਜ਼ਿਲ੍ਹਾ ਜਨਰਲ ਸਕੱਤਰ ਸਾਥੀ ਬਲਕਾਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੜਤਾਲ ਸੰਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਾਥੀਆਂ ਵਿੱਚ ਭਾਰੀ ਉਤਸ਼ਾਹ ਹੈ।ਸਾਥੀ ਗਗਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਅਤੇ ਸਾਂਝੇ ਮੋਰਚੇ ਦੇ ਆਗੂਆਂ ਨਾਲ ਗੱਲਬਾਤ ਹੋ ਚੁੱਕੀ ਹੈ।12 ਫਰਵਰੀ ਦੀ ਹੜਤਾਲ ਨੂੰ ਲਾਮਿਸਾਲ ਕਾਮਯਾਬ ਕੀਤਾ ਜਾਵੇਗਾ। ਅਤੇ ਲੋਕ ਵਿਰੋਧੀ ਨੀਤੀਆਂ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਥੀ ਵਿਨੋਦ ਸਿੰਘ, ਸਾਥੀ ਬਨਵਾਰੀ ਲਾਲ,ਸਾਥੀ ਲਛਮਣ ਸਿੰਘ, ਸਾਥੀ ਇਕਬਾਲ ਸਿੰਘ, ਸਾਥੀ ਡੀ ਗਨੇਸ਼, ਪ੍ਰਤਿਭਾ ਸ਼ਰਮਾ,ਸਾਥੀ ਗੁਲਸ਼ਨ ਕੁਮਾਰ,ਰੂਪਾ ਸਿੰਘ, ਸਾਥੀ ਸੋਹਨ ਸਿੰਘ, ਆਦਿ ਹਾਜ਼ਰ ਸਨ।
Posted By: Daily Suraj Bureau