ਬਾਰਡਰ ’ਤੇ ਕਿਸਾਨਾਂ ਉੱਪਰ ਹੋਏ ਲਾਠੀਚਾਰਜ ਦੀ ਨਿੰਦਾ
ਮੋਗਾ : ਬਾਰਡਰ ’ਤੇ ਕਿਸਾਨਾਂ ਉੱਪਰ ਹੋਏ ਲਾਠੀਚਾਰਜ ਦੀ ਬੀਕੇਯੂ (ਲੱਖੋਵਾਲ) ਦੇ ਕਿਸਾਨਾਂ ਵੱਲੋਂ ਨਿੰਦਾ ਕੀਤੀ ਗਈ ਅਤੇ ਉਨ੍ਹਾਂ ਕਿਹਾ ਕਿ ਕੇਂਦਰ ਦੀ ਐੱਨਡੀਏ ਤੇ ਹਰਿਆਣਾ ਦੀ ਭਾਜਪਾ ਸਰਕਾਰ ਕਿਸਾਨਾਂ ਦਾ ਇਮਤਿਹਾਨ ਨਾ ਲਵੇ। ਬੀਕੇਯੂ (ਲੱਖੋਵਾਲ) ਦੇ ਜ਼ਿਲ੍ਹਾ ਮੀਡੀਆ ਇੰਚਾਰਜ ਬਲਕਰਨ ਸਿੰਘ ਢਿੱਲੋਂ, ਸੂਬਾ ਮੀਤ ਪ੍ਰਧਾਨ ਭੁਪਿੰਦਰ ਸਿੰਘ ਮਹੇਸ਼ਰੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਦੀ ਅਗਵਾਈ ਵਾਲੀ ਐੱਨਡੀਏ ਤੇ ਭਾਰਤੀ ਜਨਤਾ ਪਾਰਟੀ ਹਰਿਆਣਾ ਦੀ ਸਰਕਾਰ ਕਿਸਾਨਾਂ ਉੱਪਰ ਲਾਠੀਚਾਰਜ, ਅੱਥਰੂ ਗੈਸ ਦੇ ਗੋਲੇ ਤੇ ਅੰਨ੍ਹੇਵਾਹ ਫਾਇਰਿੰਗ ਕਰਕੇ ਅੰਨਾ ਤਸ਼ੱਦਦ ਢਾਅ ਕੇ ਭਾਰਤ ਦੇਸ਼ ਵਿਚ ਹੀ ਬੇਗਾਨੇ ਦੇਸ਼ ਵਾਸੀਆਂ ਵਾਲਾ ਸਲੂਕ ਕਰਕੇ ਕੀ ਸਾਬਤ ਕਰਨਾ ਚਾਹੁੰਦੀ ਕਿ ਜੋ ਕਿਸਾਨ ਆਪਣੀਆਂ ਮੰਗਾਂ ਲਈ ਬਾਰਡਰਾਂ ’ਤੇ ਬੈਠੇ ਇਨ੍ਹਾਂ ਨੂੰ ਵੱਖਵਾਦੀ ਅੱਤਵਾਦੀ ਕਹਿ ਕੇ ਭਾਰਤ ਦੇਸ਼ ਵਿਚ ਬੇਗਾਨੇ ਹੋਣ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ ਜੋ ਭਾਰਤ ਦਾ ਕਿਸਾਨ ਕਦੇ ਬਰਦਾਸ਼ਤ ਨਹੀਂ ਕਰੇਗਾ। ਬੀਕੇਯੂ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਨੇ ਕਿਹਾ ਕਿ ਕੇਂਦਰ ਤੇ ਹਰਿਆਣਾ ਦੀਆਂ ਸਰਕਾਰਾਂ ਇਹ ਨਾ ਸਮਝਣ ਕਿ ਅਸੀਂ ਇਸ ਤਰ੍ਹਾਂ ਧੱਕੇਸ਼ਾਹੀ ਕਰਕੇ ਕਿਸਾਨ ਤੇ ਕਿਸਾਨੀ ਨੂੰ ਦਬਾ ਲਵਾਂਗੇ। ਉਨ੍ਹਾਂ ਕਿਹਾ ਕਿ ਗ਼ੈਰ ਰਾਜਨੀਤਿਕ ਕਿਸਾਨ ਸੰਗਠਨ ਨਾਲ ਸਾਡੇ ਵਿਚਾਰਕ ਮੱਤਭੇਦ ਹੋ ਸਕਦੇ ਹਨ। ਪਰ ਅਸੀਂ ਹਰ ਟਾਈਮ ਉਨ੍ਹਾਂ ਦੇ ਨਾਲ ਚਟਾਨ ਵਾਂਗ ਡਟੇ ਹੋਏ ਹਾਂ, ਕਿਉਂਕਿ ਜੋ ਵੀ ਕਿਸਾਨੀ ਜਵਾਨੀ ਅਤੇ ਮਜ਼ਦੂਰਾਂ ਦੀਆਂ ਮੰਗਾਂ ਹਨ, ਉਹ ਸਾਡੀਆਂ ਸਾਰਿਆਂ ਦੀਆਂ ਇਕੋ ਹਨ। ਇਸ ਲਈ ਕੇਂਦਰ ਅਤੇ ਹਰਿਆਣਾ ਦੀਆਂ ਸਰਕਾਰਾਂ ਸਾਨੂੰ ਮੱਲੋ ਜੋਰੀ ਵੱਡੇ ਸੰਘਰਸ਼ ਵਿੱਢਣ ਲਈ ਮਜਬੂਰ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਹਰਿਆਣਾ ਬਾਰਡਰ ਉੱਪਰ ਕਿਸਾਨ ਜੱਥੇਬੰਦੀਆਂ ਉੱਪਰ ਹੋਏ ਲਾਠੀਚਾਰਜ, ਅੱਥਰੂ ਗੈਸ, ਗੋਲੀਬਾਰੀ ਦੀ ਸ਼ਖਸ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ ਤੇ ਸਰਕਾਰ ਯਾਦ ਕਰਾਉਂਦੇ ਹਾਂ ਕਿ ਅਸੀਂ ਚਾਅ ਨੂੰ ਨਹੀਂ ਧਰਨਿਆਂ ਤੇ ਬੈਠਦੇ ਆਪਣੀਆਂ ਸੰਵਿਧਾਨਿਕ ਮੰਗਾਂ ਮਨਾਉਣ ਲਈ ਵੀ ਮਜਬੂਰਨ ਸਾਨੂੰ ਭਾਰਤ ਸਰਕਾਰ ਵਿਰੁੱਧ ਧਰਨੇ ਲਾਉਣੇ ਪੈ ਰਹੇ ਹਨ। ਇਸ ਸਮੇਂ ਸੂਬਾ ਮੀਤ ਪ੍ਰਧਾਨ ਭੁਪਿੰਦਰ ਸਿੰਘ ਮਹੇਸ਼ਰੀ, ਸੂਬਾ ਮੀਤ ਪ੍ਰਧਾਨ ਗੁਲਜਾਰ ਸਿੰਘ ਘੱਲ ਕਲਾਂ, ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਸੂਬਾ ਐਗਜੈਕਟਿਵ ਮੈਂਬਰ ਹਰਨੇਕ ਸਿੰਘ ਫਤਿਹਗੜ੍ਹ, ਸਾਬਕਾ ਸਰਪੰਚ ਲਖਵੀਰ ਸਿੰਘ ਸੰਧੂਆਣਾ, ਸੀਨੀਅਰ ਆਗੂ ਪਾਲ ਸਿੰਘ ਘੱਲ ਕਲਾਂ, ਜ਼ਿ੍ਲ੍ਹਾ ਮੀਡੀਆ ਇੰਚਾਰਜ ਬਲਕਰਨ ਸਿੰਘ ਢਿੱਲੋਂ ਆਦਿ ਹਾਜ਼ਰ ਸਨ।
Posted By: Daily Suraj Bureau