ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਚੌਹਾਨ ਦੀ ਪੰਜਾਬ ’ਤੇ ਮਿਹਰਬਾਨੀ, ਮਿਲ ਗਏ 100 ਕਰੋੜ ਦੇ ਫ਼ੰਡ
ਦਿੱਲੀ ਵਿੱਚ 28 ਅਤੇ 29 ਸਤੰਬਰ ਨੂੰ ਆਯੋਜਿਤ ਹੋਈ ਕੌਮੀ ਖੇਤੀ ਕਾਨਫ਼ਰੰਸ ਦੌਰਾਨ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਪੰਜਾਬ ਦੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵਿਚਾਲੇ ਚੰਗੇ ਸਬੰਧਾਂ ਦੀ ਮਿਸਾਲ ਦੇਖਣ ਨੂੰ ਮਿਲੀ ਹੈ। ਕੇਂਦਰ ਅਤੇ ਪੰਜਾਬ ਸਰਕਾਰ ਵਿਚਾਲੇ ਚੱਲ ਰਹੇ ਸਿਆਸੀ ਟਕਰਾਅ ਦੇ ਬਾਵਜੂਦ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਨੇ ਪੰਜਾਬ ਦੇ ਖੇਤੀ ਮੰਤਰੀ ਦੀ ਵਿਸ਼ੇਸ਼ ਅਪੀਲ ਨੂੰ ਸਵੀਕਾਰ ਕਰਦਿਆਂ ਸੂਬੇ ਲਈ ਲਗਭਗ 100 ਕਰੋੜ ਰੁਪਏ ਦੇ ਫ਼ੰਡਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕਾਨਫ਼ਰੰਸ ਦੌਰਾਨ ਪੰਜਾਬ ਦੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕ੍ਰਿਸ਼ੀ ਉੱਨਤੀ ਸਕੀਮ ਅਤੇ ਕਣਕ ਦੇ ਬੀਜਾਂ ਉੱਤੇ ਸਬਸਿਡੀ ਜਾਰੀ ਕਰਨ ਦੀ ਜ਼ੋਰਦਾਰ ਮੰਗ ਰੱਖੀ ਸੀ। ਕੇਂਦਰੀ ਖੇਤੀ ਮੰਤਰਾਲੇ ਵੱਲੋਂ ਸਾਲ 2026 ਲਈ ਸਿਰਫ਼ ਤੇਲ ਬੀਜਾਂ 'ਤੇ ਹੀ ਆਤਮ ਨਿਰਭਰ ਸਕੀਮ ਤਹਿਤ ਰਾਸ਼ੀ ਦਿੱਤੀ ਜਾ ਰਹੀ ਹੈ, ਜਿਸ ਕਾਰਨ ਇਸ ਵਾਰ ਕਣਕ ਦੇ ਬੀਜਾਂ ਲਈ ਪੰਜਾਬ ਨੂੰ ਸਬਸਿਡੀ ਨਹੀਂ ਮਿਲੀ ਸੀ। ਪਰ ਗੁਰਮੀਤ ਸਿੰਘ ਖੁੱਡੀਆਂ ਦੀ ਵਿਸ਼ੇਸ਼ ਅਪੀਲ ਨੂੰ ਤੁਰੰਤ ਸਵੀਕਾਰ ਕਰਦਿਆਂ ਕੇਂਦਰੀ ਮੰਤਰੀ ਚੌਹਾਨ ਨੇ 28 ਸਤੰਬਰ ਨੂੰ ਹੀ ਮੌਕੇ ’ਤੇ ਕਣਕ ਦੇ ਬੀਜਾਂ ਦੀ ਸਬਸਿਡੀ ਲਈ 50 ਕਰੋੜ ਰੁਪਏ ਦਾ ਮਨਜ਼ੂਰੀ ਪੱਤਰ ਖੇਤੀ ਮੰਤਰੀ ਨੂੰ ਸੌਂਪ ਦਿੱਤਾ। ਖ਼ਾਸ ਗੱਲ ਇਹ ਰਹੀ ਕਿ ਇਸ ਵਾਰ ਦੇਸ਼ ਦੇ ਕਿਸੇ ਹੋਰ ਸੂਬੇ ਨੂੰ ਕਣਕ ਦੇ ਬੀਜਾਂ ਲਈ ਅਜਿਹੀ ਸਬਸਿਡੀ ਜਾਰੀ ਨਹੀਂ ਕੀਤੀ ਗਈ ਹੈ। ਇਸ ਮਨਜ਼ੂਰੀ ਨਾਲ ਪੰਜਾਬ ਵਿੱਚ ਢਾਈ ਲੱਖ ਕਣਕ ਦੇ ਪ੍ਰਮਾਣਿਤ ਬੀਜਾਂ ਦੀ ਵੰਡ ਸਬਸਿਡੀ ਉੱਤੇ ਕੀਤੀ ਜਾ ਸਕੇਗੀ। ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਕ੍ਰਿਸ਼ੀ ਉੱਨਤੀ ਸਕੀਮ ਦੀ ਰੁਕੀ ਹੋਈ ਦੂਜੀ ਕਿਸ਼ਤ ਵਜੋਂ 43.12 ਕਰੋੜ ਰੁਪਏ ਅਤੇ ਕੁਝ ਫੁਟਕਲ ਕੰਮਾਂ ਲਈ ਵੀ ਰਾਸ਼ੀ ਪ੍ਰਵਾਨ ਕਰ ਦਿੱਤੀ ਗਈ ਹੈ, ਜਿਸ ਨਾਲ ਪੰਜਾਬ ਲਈ ਕੁੱਲ ਮਿਲਾ ਕੇ ਕਰੀਬ 100 ਕਰੋੜ ਰੁਪਏ ਦੇ ਕੇਂਦਰੀ ਫ਼ੰਡ ਜਾਰੀ ਹੋ ਗਏ ਹਨ। ਸਿਆਸੀ ਹਲਕਿਆਂ ਵਿੱਚ ਸ਼ਿਵਰਾਜ ਚੌਹਾਨ ਅਤੇ ਗੁਰਮੀਤ ਸਿੰਘ ਖੁੱਡੀਆਂ ਦੇ ਇਸ ਸੁਖਾਵੇਂ ਰਿਸ਼ਤੇ ਅਤੇ ਆਪਸੀ ਮੇਲ-ਜੋਲ ਨੂੰ ਆਉਣ ਵਾਲੇ ਸਮੇਂ ਦੇ ਸੰਦਰਭ ਵਿੱਚ ਅਹਿਮ ਮੰਨਿਆ ਜਾ ਰਿਹਾ ਹੈ। ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੌਮੀ ਕਾਨਫ਼ਰੰਸ ਦੌਰਾਨ ਪੰਜਾਬ ਦੀ ਕਿਸਾਨੀ ਦੇ ਹਿੱਤਾਂ ਲਈ ਇਹ ਫ਼ਰਿਆਦ ਰੱਖੀ ਸੀ ਜਿਸ ਨੂੰ ਕੇਂਦਰ ਨੇ ਸਵੀਕਾਰ ਕਰ ਲਿਆ ਹੈ ਅਤੇ ਉਹ ਇਸ ਲਈ ਕੇਂਦਰੀ ਮੰਤਰੀ ਦਾ ਧੰਨਵਾਦ ਕਰਦੇ ਹਨ। ਹਾਲਾਂਕਿ, ਦੂਜੇ ਪਾਸੇ ਪੰਜਾਬ ਸਰਕਾਰ ਦਾ ਇਹ ਗਿਲਾ ਵੀ ਬਰਕਰਾਰ ਹੈ ਕਿ ਪੇਂਡੂ ਵਿਕਾਸ ਫ਼ੰਡਾਂ ਦੇ ਬਕਾਏ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨੇ ਹੜ੍ਹ ਰਾਹਤ ਪੈਕੇਜ ਦੀ ਰਾਸ਼ੀ ਅਜੇ ਤੱਕ ਸੂਬੇ ਨੂੰ ਨਹੀਂ ਮਿਲੀ ਹੈ। ਇਸ ਕੌਮੀ ਕਾਨਫ਼ਰੰਸ ਦੌਰਾਨ ਪੰਜਾਬ ਦੇ ਖੇਤੀ ਵਿਭਾਗ ਦੇ ਡਾਇਰੈਕਟਰ ਗੁਰਜੀਤ ਸਿੰਘ ਬਰਾੜ ਨੇ ਸੂਬੇ ਦੀਆਂ ਫ਼ੌਰੀ ਲੋੜਾਂ ਅਤੇ ਖੇਤੀ ਤਰਜੀਹਾਂ ਦਾ ਖ਼ਾਕਾ ਪੇਸ਼ ਕੀਤਾ ਸੀ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੀ ਜਾ ਰਹੀ ਮੁਫ਼ਤ ਬਿਜਲੀ, ਨਰਮੇ ਦੇ ਬੀਜ 'ਤੇ 33 ਫ਼ੀਸਦੀ ਸਬਸਿਡੀ, ਦੇਸ਼ ਵਿੱਚ ਸਭ ਤੋਂ ਵੱਧ 416 ਰੁਪਏ ਪ੍ਰਤੀ ਕੁਇੰਟਲ ਗੰਨੇ ਦਾ ਭਾਅ ਅਤੇ ਪਰਾਲੀ ਦੀ ਸੰਭਾਲ ਲਈ ਕੀਤੇ ਜਾ ਰਹੇ ਯਤਨਾਂ ਨੂੰ ਵਿਸ਼ੇਸ਼ ਤੌਰ 'ਤੇ ਉਭਾਰਿਆ ਗਿਆ।