Daily Suraj

ਪੰਜਾਬੀ

ਕੈਨੇਡਾ ਦੇ ਬਰੈਂਪਟਨ ਵਿੱਚ ਚਾਕੂਹਮਲੇ ਦਾ ਮਾਮਲਾ: ਕਤਲ ਦੀ ਕੋਸ਼ਿਸ਼ ਦੇ ਦੋਸ਼ੀ ਭਾਰਤੀ ਮੂਲ ਦੇ ਨੌਜਵਾਨ ਨੇ ਕੀਤਾ ਆਤਮ-ਸਮਰਪਣ

13 Oct, 2026 09:06 AM

ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਪਿਛਲੇ ਹਫ਼ਤੇ ਵਾਪਰੀ ਚਾਕੂਹਮਲੇ ਦੀ ਇੱਕ ਘਟਨਾ ਵਿੱਚ ਕਤਲ ਦੀ ਕੋਸ਼ਿਸ਼ ਦੇ ਦੋਸ਼ਾਂ ਤਹਿਤ ਲੋੜੀਂਦੇ 35 ਸਾਲਾ ਭਾਰਤੀ ਮੂਲ ਦੇ ਵਿਅਕਤੀ ਨੇ ਪੀਲ ਰੀਜਨਲ ਪੁਲਿਸ (PRP) ਅੱਗੇ ਆਤਮ-ਸਮਰਪਣ ਕਰ ਦਿੱਤਾ ਹੈ। ਪੁਲੀਸ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਦੇ ਮੁਤਾਬਕ, ਬੀਤੇ ਦਿਨੀਂ 7 ਅਕਤੂਬਰ ਨੂੰ ਦੁਪਹਿਰ ਕਰੀਬ 2 ਵਜੇ ਪੁਲਿਸ ਨੂੰ ਬਰੈਂਪਟਨ ਵਿੱਚ ਚਾਕੂ ਮਾਰਨ ਦੀ ਵਾਰਦਾਤ ਦੀ ਸੂਚਨਾ ਮਿਲੀ ਸੀ। ਘਟਨਾ ਦੇ ਫ਼ੌਰੀ ਬਾਅਦ ਜ਼ਖ਼ਮੀ ਵਿਅਕਤੀ ਨੂੰ ਸਥਾਨਕ ਹਸਪਤਾਲ ਪਹੁੰਚਾਇਆ ਗਿਆ, ਜਿੱਥੋਂ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਤੁਰੰਤ ਟਰੌਮਾ ਸੈਂਟਰ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਨੇ ਤੁਰੰਤ ਤਫ਼ਤੀਸ਼ ਸ਼ੁਰੂ ਕੀਤੀ ਅਤੇ ਮੁਲਜ਼ਮ ਦੀ ਪਛਾਣ ਬਰੈਂਪਟਨ ਦੇ ਹੀ ਰਹਿਣ ਵਾਲੇ 35 ਸਾਲਾ ਵਿਮਲ ਮੋਹਨ ਵਜੋਂ ਕੀਤੀ। ਪੁਲਿਸ ਵੱਲੋਂ ਉਸ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦੇ ਦੋਸ਼ ਹੇਠ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਸਨ। ਐਤਵਾਰ ਨੂੰ ਵਿਮਲ ਮੋਹਨ ਨੇ ਖ਼ੁਦ ਸਥਾਨਕ ਪੁਲੀਸ ਸਟੇਸ਼ਨ ਪਹੁੰਚ ਕੇ ਆਤਮ-ਸਮਰਪਣ ਕਰ ਦਿੱਤਾ, ਜਿਸ ਤੋਂ ਬਾਅਦ ਪੀਲ ਰੀਜਨਲ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮ ਵਿਰੁੱਧ ਕਤਲ ਦੀ ਕੋਸ਼ਿਸ਼ (Attempted Murder) ਅਤੇ ਖ਼ਤਰਨਾਕ ਹਮਲੇ (Aggravated Assault) ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਫ਼ਿਲਹਾਲ ਮੁਲਜ਼ਮ ਨੂੰ ਅਦਾਲਤ ਵਿੱਚ ਜ਼ਮਾਨਤ ਦੀ ਸੁਣਵਾਈ ਤੱਕ ਹਿਰਾਸਤ ਵਿੱਚ ਰੱਖਿਆ ਗਿਆ ਹੈ। ਪੁਲਿਸ ਮੁਤਾਬਕ ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਮੁਲਜ਼ਮ ਨੇ ਇਸ ਵਾਰਦਾਤ ਨੂੰ ਕਿਸ ਰੰਜਿਸ਼ ਜਾਂ ਵਜ੍ਹਾ ਕਰਕੇ ਅੰਜਾਮ ਦਿੱਤਾ ਸੀ, ਅਤੇ ਮਾਮਲੇ ਦੀ ਅੱਗੇ ਦੀ ਜਾਂਚ ਜਾਰੀ ਹੈ।

Latest News