Daily Suraj

ਪੰਜਾਬੀ

ਮੇਲਾ ਮਾਘੀ: ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਲਿਆ ਕਾਨਫਰੰਸ ਦੇ ਪ੍ਰਬੰਧਾਂ ਦਾ ਜਾਇਜ਼ਾ

08 Jan, 2025 05:30 AM

ਸ੍ਰੀ ਮੁਕਤਸਰ ਸਾਹਿਬ : ਮੇਲਾ ਮਾਘੀ ਮੌਕੇ ਨਵੀਂ ਪੰਥਕ ਪਾਰਟੀ ਵੱਲੋਂ ਕੀਤੀ ਜਾਣ ਵਾਲੀ ਸਿਆਸੀ ਕਾਨਫਰੰਸ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ‘ਅੰਮ੍ਰਿਤਪਾਲ ਸਿੰਘ ਟੀਮ’ ਇਥੇ ਪੁੱਜੀ ਜਿਸ ਦੀ ਅਗਵਾਈ ਸੰਸਦ ਮੈਂਬਰ ਦੇ ਪਿਤਾ ਤਰਸੇਮ ਸਿੰਘ ਕਰ ਰਹੇ ਹਨ। ਇਸ ਮੌਕੇ ਤਰਸੇਮ ਸਿੰਘ ਨੇ ਕਿਹਾ ਕਿ 14 ਜਨਵਰੀ ਨੂੰ ਡਿਪਟੀ ਕਮਿਸ਼ਨਰ ਦਫਤਰ ਦੇ ਨੇੜੇ ਬੱਤਰਾ ਪੈਟਰੋਲ ਪੰਪ ਦੇ ਸਾਹਮਣੇ ਪੰਥਕ ਧਿਰਾਂ ਵੱਲੋਂ ਵਿਸ਼ਾਲ ਕਾਨਫਰੰਸ ਕੀਤੀ ਜਾਵੇਗੀ, ਜਿਸਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

ਉਨ੍ਹਾਂ ਕਿਹਾ ਕਿ ਕਾਨਫਰੰਸ ਵਿਚ ਐਮਪੀ ਸਰਬਜੀਤ ਸਿੰਘ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਸਣੇ ਹੋਰ ਆਗੂ ਸ਼ਾਮਲ ਹੋਣਗੇ। ਇਸ ਮੌਕੇ ਸਿਆਸੀ ਪਾਰਟੀ ਦਾ ਐਲਾਨ ਕੀਤਾ ਜਾਵੇਗਾ ਅਤੇ ਪੰਜ ਮੈਂਬਰੀ ਕਮੇਟੀ ਬਣਾਈ ਜਾਵੇਗੀ। ਇਹੀ ਕਮੇਟੀ ਪਾਰਟੀ ਦਾ ਗਠਨ ਕਰੇਗੀ ਅਤੇ ਪਾਰਟੀ ਦਾ ਵਿਧਾਨ ਤੇ ਸੰਵਿਧਾਨ ਉਲੇਕੀਗੀ।

ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਵਿਧਾਨ ਸਭਾ ਚੋਣਾਂ ਤੇ ਸ਼੍ਰੋਮਣੀ ਕਮੇਟੀ ਚੋਣਾਂ ਲੜਨ ਦੀ ਨੀਤੀ ਉਲੀਕੀ ਜਾਵੇਗੀ। ਇਹ ਸਿਲਸਿਲਾ ਮੇਲਾ ਮਾਘੀ ਮੌਕੇ ਸ਼ੁਰੂ ਹੋ ਜਾਵੇਗਾ ਤੇ ਫਿਰ ਕਦਮ -ਦਰ- ਕਦਮ ਅੱਗੇ ਚੱਲਦਾ ਜਾਵੇਗਾ। ਉਨ੍ਹਾਂ ਦੋਸ਼ ਲਾਇਆ, ‘‘ਪ੍ਰਸ਼ਾਸਨ ਇਸ ਕਾਨਫਰੰਸ ’ਚ ਅੜਿੱਕੇ ਪਾ ਰਿਹਾ ਹੈ ਪਰ ਲੋਕ ਬਿਨਾਂ ਕਿਸੇ ਡਰ ਭੈਅ ਦੇ ਕਾਨਫਰੰਸ ’ਚ ਆਉਣਗੇ ਕਿਉਂਕਿ ਇਹ ਸਿਆਸੀ ਕਾਨਫਰੰਸ ਹੈ। ਕੋਈ ਗ਼ਲਤ ਏਜੰਡਾ ਨਹੀਂ। ਕਾਨੂੰਨ ਤੋਂ ਬਾਹਰ ਨਹੀਂ। ਪਾਰਟੀ ਲਈ ਫੰਡ ਵੀ ਸੰਗਤਾਂ ਦੇਣਗੀਆਂ।’’

ਉਨ੍ਹਾਂ ਕਿਹਾ, ‘‘ਐਮਪੀ ਚੋਣਾਂ ਵੇਲੇ ਸਾਡੇ ਕੋਲ ਡੀਜ਼ਲ ਵਾਸਤੇ ਪੈਸੇ ਨਹੀਂ ਸੀ ਫਿਰ ਵੀ ਸੰਗਤਾਂ ਨੇ ਇੰਨੀ ਵੱਡੀ ਲੀਡ ’ਤੇ ਜਿਤਾ ਦਿੱਤਾ।’’ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘‘ਸੁਖਬੀਰ ਸਿੰਘ ਬਾਦਲ ਇਹ ਦਾਅਵਾ ਕਰਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ 16 ਸਾਲ ਕੈਦ ਕੱਟੀ ਹੈ, ਇਹ ਝੂਠ ਹੈ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਖੁਦ ਤਾਂ ਇਕ ਦਿਨ ਵੀ ਜੇਲ੍ਹ ਨਹੀਂ ਕੱਟੀ। ਫਿਰ ਵੀ ਪਾਰਟੀ ਚਲਾ ਰਿਹਾ ਹੈ। ਉਸ ਨੂੰ ਕੌਮ ਨੇ ਨਕਾਰ ਦਿੱਤਾ ਹੈ। ਦਸ ਸਾਲਾਂ ਤੋਂ ਅਕਾਲੀ ਦਲ ਖਤਮ ਹੋ ਗਿਆ ਹੈ।

Posted By: Daily Suraj Bureau

Latest News