Daily Suraj

ਪੰਜਾਬੀ

ਟਰਾਂਸਪੋਰਟ ਨਗਰ ’ਚ ਕਰਵਾਏ ਵਿਕਾਸ ਕਾਰਜਾਂ ਦਾ ਭੱਲਾ ਨੇ ਕੀਤਾ ਉਦਘਾਟਨ

08 Jan, 2025 05:30 AM

ਬਠਿੰਡਾ : ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਨੇ ਅੱਜ ਟਰਾਂਸਪੋਰਟ ਨਗਰ ਵਿਚ ਕਰਵਾਏ ਗਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਉਨ੍ਹਾਂ ਟਰਾਂਸਪੋਰਟ ਨਗਰ ਦੀ ਸੁੰਦਰਤਾ ਦੇ ਨਾਲ ਨਾਲ ਟਰੱਕ ਚਾਲਕਾਂ ਲਈ ਲੱਖਾਂ ਰੁਪਏ ਖਰਚ ਕੇ ਆਧੁਨਿਕ ਬਾਥਰੂਮ ਬਣਾਏ ਗਏ ਹਨ। ਇਸ ਤੋਂ ਇਲਾਵਾ ਇੰਟਰਲਾਕਿੰਗ ਟਾਈਲਾਂ ਲਾ ਕੇ ਨਗਰ ਦੀ ਸੁੰਦਰਤਾ ’ਚ ਵਾਧਾ ਕੀਤਾ ਗਿਆ ਹੈ ਅਤੇ ਪਾਰਕਿੰਗ ਨੂੰ ਵੀ ਸੁੰਦਰ ਬਣਾਇਆ ਗਿਆ ਹੈ। ਨਗਰ ਨਿਗਮ ਵੱਲੋਂ ਟਰੱਕ ਚਾਲਕਾਂ ਦੀ ਸਹੂਲਤ ਲਈ 30 ਲੱਖ ਰੁਪਏ ਦੀ ਲਾਗਤ ਨਾਲ ਬਾਥਰੂਮ ਬਣਾਏ ਗਏ ਹਨ। ਇਨ੍ਹਾਂ ਸਾਰੇ ਵਿਕਾਸ ਕੰਮਾਂ ਦਾ ਉਦਘਾਟਨ ਕਰਦਿਆਂ ਚੇਅਰਮੈਨ ਜਤਿੰਦਰ ਭੱਲਾ ਨੇ ਆਖਿਆ ਕਿ ਟਰੱਕ ਚਾਲਕ ਹਰ ਕਿਸੇ ਵੱਲੋਂ ਅਣਗੌਲਿਆ ਵਰਗ ਹੈ। ਟਰਾਂਸਪੋਰਟ ਨਗਰ ਵਿਚ ਟਰੱਕ ਚਾਲਕਾਂ ਲਈ ਕੋਈ ਸਹੂਲਤ ਨਹੀਂ ਸੀ, ਇਥੋਂ ਤੱਕ ਕਿ ਇੱਥੇ ਬਣੇ ਹੋਏ ਪਖਾਨੇ ਖਸਤਾ ਹਾਲਤ ’ਚ ਪੁੱਜ ਚੁੱਕੇ ਸਨ। ਟਰੱਕ ਚਾਲਕਾਂ ਦੇ ਨਹਾਉਣ ਧੋਣ ਲਈ ਵੀ ਕੋਈ ਬਾਥਰੂਮ ਵਗੈਰਾ ਨਹੀਂ ਸਨ। ਉਨ੍ਹਾਂ ਦੱਸਿਆ ਕਿ ਟਰੱਕ ਚਾਲਕ ਭਰਾਵਾਂ ਦੀ ਇਸ ਮੁਸ਼ਕਿਲ ਨੂੰ ਦੇਖਦਿਆਂ ਨਗਰ ਸੁਧਾਰ ਟਰੱਸਟ ਵੱਲੋਂ ਟਰਾਂਸਪੋਰਟ ਨਗਰ ਵਿਚ ਬਾਥਰੂਮ ਬਣਾਉਣ ਦੀ ਯੋਜਨਾ ਬਣਾਈ ਸੀ। ਉਨ੍ਹਾਂ ਦੱਸਿਆ ਕਿ ਟਰੱਕ ਚਾਲਕਾਂ ਲਈ ਬਣਾਏ ਗਏ ਇਨ੍ਹਾਂ ਆਧੁਨਿਕ ਬਾਥਰੂਮਾਂ ਉੱਪਰ ਕਰੀਬ 30 ਲੱਖ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਟਰਾਂਸਪੋਰਟ ਨਗਰ ਵਿਚ ਇੰਟਰਲੋਕਿੰਗ ਟਾਈਲਾਂ ਸਮੇਤ ਹੋਰ ਨਵੀਨੀਕਰਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਟਰੱਕ ਚਾਲਕਾਂ ਸਮੇਤ ਟਰੱਕ ਆਪਰੇਟਰਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਇਕੱਤਰ ਹੋਏ ਵੱਡੀ ਗਿਣਤੀ ਟਰੱਕ ਚਾਲਕਾਂ ਨੂੰ ਉਨ੍ਹਾਂ ਦੇ ਨਹਾਉਣ ਧੋਣ ਲਈ ਟ੍ਰਾਂਸਪੋਰਟ ਨਗਰ ਵਿਚ ਬਾਥਰੂਮ ਬਣਾਉਣ ਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਟਰੱਕ ਚਾਲਕ ਹਮੇਸ਼ਾ ਹੀ ਅਣਗੌਲੇ ਰਹੇ ਹਨ, ਪਰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਅਜਿਹੇ ਆਗੂ ਹਨ, ਜਿਨ੍ਹਾਂ ਨੇ ਇਸ ਵਰਗ ਦੀ ਸਮੱਸਿਆ ਨੂੰ ਦੇਖਦਿਆਂ ਸਹੂਲਤ ਦਿੱਤੀ ਹੈ। ਇਸ ਮੌਕੇ ਭੁਪਿੰਦਰ ਸਿੰਘ, ਗਗਨ ਜਵੰਦਾ, ਮਹਿੰਦਰ ਪਾਲ ਸਿੰਘ, ਲਖਬੀਰ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਨਾਇਬ ਸਿੰਘ, ਲਾਲ ਚੰਦ, ਕੁਲਵੰਤ ਸਿੰਘ, ਸੰਦੀਪ ਸਿੰਘ ਅਤੇ ਲੇਬਰ ਯੂਨੀਅਨ ਦੇ ਪ੍ਰਧਾਨ ਬਿੱਟੂ ਹਾਜ਼ਰ ਸਨ।

Posted By: Daily Suraj Bureau

Latest News