ਜੱਜ ਦੀ ਰਿਹਾਇਸ਼ ’ਚੋਂ ਗੈਸ ਸਿਲੰਡਰ ਚੁੱਕ ਕੇ ਐਕਟਿਵਾ ’ਤੇ ਫ਼ਰਾਰ ਹੋਇਆ ਚੋਰ
ਲੁਧਿਆਣਾ ਦੇ ਸਰਾਭਾ ਨਗਰ ਵਰਗੇ ਸੁਰੱਖਿਅਤ ਇਲਾਕੇ ਵਿੱਚ ਇੱਕ ਜੱਜ ਦੀ ਰਿਹਾਇਸ਼ ਤੋਂ ਦਿਨ ਦਿਹਾੜੇ ਰਸੋਈ ਗੈਸ ਦਾ ਸਿਲੰਡਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਰਿਪੋਰਟਾਂ ਮੁਤਾਬਕ ਇਹ ਘਟਨਾ ਜੇ.ਐੱਮ.ਆਈ.ਸੀ. ਗੌਰਵ ਗੁਪਤਾ ਦੀ ਰਿਹਾਇਸ਼ ’ਤੇ ਵਾਪਰੀ। ਸੀ.ਆਰ.ਪੀ.ਐੱਫ. ਕਲੋਨੀ, ਦੁੱਗਰੀ ਦੇ ਰਹਿਣ ਵਾਲੇ ਸ਼ੰਕਰ ਸਿੰਘ ਜੱਜ ਦੇ ਘਰ ਰਸੋਈਏ ਵਜੋਂ ਕੰਮ ਕਰਦੇ ਹਨ। ਉਨ੍ਹਾਂ ਵੱਲੋਂ ਪੁਲੀਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ 7 ਅਗਸਤ 2026 ਨੂੰ ਸ਼ਾਮ ਕਰੀਬ 4 ਵਜੇ ਉਹ ਟਿਊਸ਼ਨ ਅਧਿਆਪਕ ਲਈ ਚਾਹ ਬਣਾਉਣ ਗਏ ਸਨ। ਇਸ ਦੌਰਾਨ ਗੈਸ ਸਿਲੰਡਰ ਚਾਲੂ ਨਾ ਹੋਣ ’ਤੇ ਉਨ੍ਹਾਂ ਨੇ ਬਾਹਰ ਜਾ ਕੇ ਜਾਂਚ ਕੀਤੀ ਤਾਂ ਸਿਲੰਡਰ ਗਾਇਬ ਮਿਲਿਆ। ਸਿਲੰਡਰ ਨਾ ਮਿਲਣ ਤੋਂ ਬਾਅਦ ਘਰ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਗਈ। ਫੁਟੇਜ ਵਿੱਚ ਦਿਖਾਈ ਦਿੱਤਾ ਕਿ ਇੱਕ ਅਣਪਛਾਤਾ ਵਿਅਕਤੀ ਦੁਪਹਿਰ ਕਰੀਬ 3:22 ਵਜੇ ਮੁੱਖ ਗੇਟ ਰਾਹੀਂ ਘਰ ਵਿੱਚ ਦਾਖਲ ਹੋਇਆ। ਉਸ ਨੇ ਬਿਨਾਂ ਕਿਸੇ ਰੁਕਾਵਟ ਦੇ ਗੈਸ ਸਿਲੰਡਰ ਚੁੱਕਿਆ ਅਤੇ ਇਸ ਨੂੰ ਆਪਣੇ ਚਿੱਟੇ ਰੰਗ ਦੇ ਐਕਟਿਵਾ ’ਤੇ ਰੱਖ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਸ਼ੰਕਰ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਡਿਵੀਜ਼ਨ-5 ਨੇ ਅਣਪਛਾਤੇ ਚੋਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਵੱਲੋਂ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ’ਤੇ ਮੁਲਜ਼ਮ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਜਾਂਚ ਕੀਤੀ ਜਾ ਰਹੀ ਹੈ। ਜੂਨ ਵਿੱਚ ਵੀ ਜੱਜ ਦੀ ਰਿਹਾਇਸ਼ ’ਤੇ ਹੋਈ ਸੀ ਚੋਰੀ ਇਸ ਤੋਂ ਪਹਿਲਾਂ ਜੂਨ ਦੇ ਆਖ਼ਰੀ ਹਫ਼ਤੇ ਵਿੱਚ ਵੀ ਲੁਧਿਆਣਾ ਦੇ ਬੀ.ਆਰ.ਐੱਸ. ਨਗਰ ਦੇ ਸੀ-ਬਲਾਕ ਵਿੱਚ ਜੁਡੀਸ਼ੀਅਲ ਮਜਿਸਟਰੇਟ ਅਮਿਤ ਬਖਸ਼ੀ ਦੀ ਰਿਹਾਇਸ਼ ’ਤੇ ਚੋਰੀ ਦੀ ਘਟਨਾ ਸਾਹਮਣੇ ਆਈ ਸੀ। ਇਸ ਸਬੰਧੀ ਸ਼ਿਕਾਇਤ ਉਨ੍ਹਾਂ ਦੇ ਗੰਨਮੈਨ ਏ.ਐੱਸ.ਆਈ. ਜਸਵਿੰਦਰ ਪਾਲ ਵੱਲੋਂ ਸਰਾਭਾ ਨਗਰ ਪੁਲੀਸ ਥਾਣੇ ਵਿੱਚ ਦਰਜ ਕਰਵਾਈ ਗਈ ਸੀ। 27 ਜੂਨ ਨੂੰ ਜੱਜ ਛੁੱਟੀ ’ਤੇ ਸ਼ਹਿਰ ਤੋਂ ਬਾਹਰ ਗਏ ਸਨ। ਅਗਲੇ ਦਿਨ ਜੱਜ ਦਾ ਫੋਨ ਆਉਣ ਤੋਂ ਬਾਅਦ ਜਸਵਿੰਦਰ ਪਾਲ ਨੇ ਬੀ.ਆਰ.ਐੱਸ. ਨਗਰ ਸਥਿਤ ਰਿਹਾਇਸ਼ ਦਾ ਦੌਰਾ ਕੀਤਾ। ਉੱਥੇ ਪਹੁੰਚ ਕੇ ਉਸ ਨੇ ਘਰ ਦਾ ਸਾਮਾਨ ਖਿਲਰਿਆ ਹੋਇਆ ਦੇਖਿਆ ਅਤੇ ਚੋਰੀ ਦਾ ਸ਼ੱਕ ਹੋਣ ’ਤੇ ਪੁਲੀਸ ਨੂੰ ਸੂਚਿਤ ਕੀਤਾ। ਰਿਪੋਰਟ ਅਨੁਸਾਰ ਚੋਰ ਘਰ ਵਿੱਚੋਂ ਲਗਭਗ 40,000 ਰੁਪਏ ਦੀ ਸਾਈਕਲ, ਚਾਂਦੀ ਦੀਆਂ ਵਸਤੂਆਂ ਅਤੇ ਨਕਦੀ ਚੋਰੀ ਕਰਕੇ ਲੈ ਗਏ ਸਨ।
Posted By: Daily Suraj Bureau