ਓਟਵਾ ਦੇ ਕੈਫੇ ਨੇ ‘ਅਮੈਰੀਕਾਨੋ’ ਦਾ ਨਾਂ ਬਦਲ ਕੇ ਕੀਤਾ ‘ਕੈਨੇਡੀਆਨੋ’
ਕੈਨੇਡਾ ਅਤੇ ਅਮਰੀਕਾ ਵਿਚਾਲੇ ਜਾਰੀ ਵਪਾਰਕ ਤਣਾਅ ਦੇ ਮਾਹੌਲ ਵਿੱਚ ਓਟਵਾ ਦੇ ਬਾਇਵਾਰਡ ਮਾਰਕੀਟ ਸਥਿਤ ਇੱਕ ਕੈਫੇ ਨੇ ਆਪਣੇ ਮੈਨਿਊ ਵਿੱਚ ਦਿਲਚਸਪ ਤਬਦੀਲੀ ਕੀਤੀ ਹੈ। ‘ਲੇ ਮੂਲਾਂ ਦ ਪ੍ਰੋਵਾਂਸ’ ਕੈਫੇ ਨੇ ਆਪਣੀ ਮਸ਼ਹੂਰ ਕੌਫੀ ‘ਅਮੈਰੀਕਾਨੋ’ ਦਾ ਨਾਂ ਹਟਾ ਕੇ ਇਸ ਨੂੰ ‘ਕੈਨੇਡੀਆਨੋ’ ਕਰ ਦਿੱਤਾ ਹੈ। ਕੈਫੇ ਵੱਲੋਂ ਸਮਾਜਕ ਮੀਡੀਆ ’ਤੇ ਸਾਂਝੀ ਕੀਤੀ ਵੀਡੀਓ ਵਿੱਚ ਪੁਰਾਣੇ ਨਾਂ ‘ਅਮੈਰੀਕਾਨੋ’ ਨੂੰ ਕੱਟ ਕੇ ਉਸ ਦੀ ਥਾਂ ‘ਕੈਨੇਡੀਆਨੋ’ ਲਿਖਿਆ ਗਿਆ ਹੈ। ਕੈਫੇ ਨੇ ਇਸ ਤਬਦੀਲੀ ਨੂੰ ਛੋਟੀ ਪਰ ਮਹੱਤਵਪੂਰਨ ਕਦਮ ਦੱਸਿਆ ਹੈ। ਇਸ ਦੇ ਨਾਲ ਹੀ ਕੈਫੇ ਵੱਲੋਂ ਜਲਦ ਇੱਕ ਨਵੀਂ ਕੌਫੀ ‘ਲੇਕ ਓਨਟਾਰੀਓ’ ਦੇ ਨਾਂ ਨਾਲ ਪੇਸ਼ ਕਰਨ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਵਿਵਾਦ ਤੀਖੇ ਹੋ ਰਹੇ ਹਨ। ਪਿਛਲੇ ਹਫ਼ਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਗ੍ਰੇਟ ਲੇਕ ਦਾ ਨਾਂ ‘ਲੇਕ ਅਮੈਰੀਕਾ’ ਰੱਖਣ ਦਾ ਐਲਾਨ ਕੀਤਾ ਅਤੇ ਸਰਕਾਰੀ ਅਦਾਰਿਆਂ ਨੂੰ ਆਪਣੇ ਅਧਿਕਾਰਤ ਨਕਸ਼ਿਆਂ ਅਤੇ ਅੰਕੜਿਆਂ ਵਿੱਚ ਇਸ ਨਾਂ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ। ‘ਲੇ ਮੂਲਾਂ ਦ ਪ੍ਰੋਵਾਂਸ’ ਕੈਫੇ ਪਹਿਲਾਂ ਤੋਂ ਹੀ ਕੈਨੇਡਾ ਨਾਲ ਜੁੜੇ ਹੋਰ ਉਤਪਾਦ ਵੇਚਦਾ ਹੈ, ਜਿਨ੍ਹਾਂ ਵਿੱਚ ‘ਕੈਨੇਡਾ ਕੁਕੀਜ਼’ ਵੀ ਸ਼ਾਮਲ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੈਨੇਡਾ ਵਿੱਚ ਕਿਸੇ ਕੈਫੇ ਨੇ ‘ਅਮੈਰੀਕਾਨੋ’ ਦਾ ਨਾਂ ਬਦਲਿਆ ਹੋਵੇ। ਸਾਲ 2025 ਵਿੱਚ ‘ਮੌਰਨਿੰਗ ਆਊਲ’ ਕੈਫੇ ਨੇ ਵੀ ਅਮਰੀਕਾ ਵੱਲੋਂ ਕੈਨੇਡਾ ਨੂੰ ਆਪਣੇ ਵਿੱਚ ਮਿਲਾਉਣ ਦੀਆਂ ਧਮਕੀਆਂ ਦੇ ਵਿਰੋਧ ਵਜੋਂ ਆਪਣੀ ਮਸ਼ਹੂਰ ‘ਅਮੈਰੀਕਾਨੋ’ ਕੌਫੀ ਦਾ ਨਾਂ ‘ਕੈਨੇਡੀਆਨੋ’ ਕਰ ਦਿੱਤਾ ਸੀ।
Posted By: Daily Suraj Bureau