Daily Suraj

ਪੰਜਾਬੀ

ਹਲਵਾਰਾ ਹਵਾਈ ਅੱਡੇ ਤੋਂ ਸਫ਼ਰ ਬਣਿਆ ਮੁਸੀਬਤ: ਏਅਰ ਇੰਡੀਆ ਦੀ ਫਲਾਈਟ ਰੱਦ ਹੋਣ ਨਾਲ ਯਾਤਰੀਆਂ ਦੀ ਭਾਰੀ ਖੱਜਲ-ਖ਼ੁਆਰੀ

12 Sep, 2026 03:08 PM

ਕੌਮਾਂਤਰੀ ਹਵਾਈ ਅੱਡਾ ਹਲਵਾਰਾ ਤੋਂ ਸ਼ੁਰੂ ਕੀਤੀ ਗਈ ਹਵਾਈ ਸਫ਼ਰ ਦੀ ਸਹੂਲਤ ਹੁਣ ਯਾਤਰੀਆਂ ਲਈ ਲਗਾਤਾਰ ਪਰੇਸ਼ਾਨੀ ਦਾ ਕਾਰਨ ਬਣਦੀ ਜਾ ਰਹੀ ਹੈ। ਸ਼ਨਿੱਚਰਵਾਰ ਨੂੰ ਦਿੱਲੀ-ਹਲਵਾਰਾ-ਦਿੱਲੀ ਰੂਟ ਦੀ ਹਵਾਈ ਸੇਵਾ ਇੱਕ ਵਾਰ ਫਿਰ ਰੱਦ ਕਰ ਦਿੱਤੀ ਗਈ, ਜਿਸ ਕਾਰਨ 102 ਯਾਤਰੀਆਂ ਨੂੰ ਭਾਰੀ ਖੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ 7 ਅਤੇ 9 ਸਤੰਬਰ ਨੂੰ ਇਸੇ ਰੂਟ ਦੀ ਉਡਾਣ ਰੱਦ ਹੋਣ ਕਰਕੇ ਯਾਤਰੀਆਂ ਨੂੰ ਕਾਫ਼ੀ ਦਿੱਕਤਾਂ ਝੱਲਣੀਆਂ ਪਈਆਂ ਸਨ। ਮਿਲੀ ਜਾਣਕਾਰੀ ਅਨੁਸਾਰ ਦਿੱਲੀ ਤੋਂ ਹਲਵਾਰਾ ਆਉਣ ਵਾਲੀ ਏਅਰ ਇੰਡੀਆ ਦੀ ਉਡਾਣ AI-481 ਹਲਵਾਰਾ ਨਹੀਂ ਪਹੁੰਚੀ। ਇਸੇ ਜਹਾਜ਼ ਨੇ ਹਲਵਾਰਾ ਤੋਂ ਯਾਤਰੀਆਂ ਨੂੰ ਲੈ ਕੇ AI-482 ਵਜੋਂ ਦਿੱਲੀ ਵਾਪਸ ਰਵਾਨਾ ਹੋਣਾ ਸੀ। ਸਵੇਰੇ-ਸਵੇਰੇ ਭਾਰੀ ਸਮਾਨ ਦੇ ਨਾਲ ਹਵਾਈ ਅੱਡੇ ਪਹੁੰਚੇ ਯਾਤਰੀਆਂ ਨੂੰ ਜਦੋਂ ਉਡਾਣ ਰੱਦ ਹੋਣ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਨੂੰ ਨਿਰਾਸ਼ ਹੋ ਕੇ ਵਾਪਸ ਪਰਤਣਾ ਪਿਆ। ਇਸ ਰੱਦ ਹੋਈ ਉਡਾਣ ਦਾ ਸਭ ਤੋਂ ਵੱਧ ਅਸਰ ਉਨ੍ਹਾਂ 65 ਯਾਤਰੀਆਂ ’ਤੇ ਪਿਆ, ਜਿਨ੍ਹਾਂ ਨੇ ਦਿੱਲੀ ਪਹੁੰਚ ਕੇ ਅੱਗੇ ਵਿਦੇਸ਼ ਜਾਣ ਲਈ ਆਪਣੀਆਂ ਕਨੈਕਟਿੰਗ ਫਲਾਈਟਾਂ ਦੀਆਂ ਟਿਕਟਾਂ ਬੁੱਕ ਕਰਵਾਈਆਂ ਹੋਈਆਂ ਸਨ। ਪ੍ਰਭਾਵਿਤ ਯਾਤਰੀਆਂ ਵਿੱਚ ਕਈ ਪਰਿਵਾਰ ਛੋਟੇ ਬੱਚਿਆਂ ਸਮੇਤ ਸ਼ਾਮਲ ਸਨ। ਯਾਤਰੀਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਫਲਾਈਟ ਰੱਦ ਹੋਣ ਦੀ ਜਾਣਕਾਰੀ ਸਮੇਂ ਸਿਰ ਨਹੀਂ ਦਿੱਤੀ ਗਈ। ਦੂਜੇ ਪਾਸੇ ਏਅਰ ਇੰਡੀਆ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਯਾਤਰੀਆਂ ਨੂੰ ਤੜਕੇ ਕਰੀਬ 3:30 ਵਜੇ ਈ-ਮੇਲ ਰਾਹੀਂ ਸੂਚਿਤ ਕਰ ਦਿੱਤਾ ਗਿਆ ਸੀ। ਉਡਾਣ ਰੱਦ ਹੋਣ ਤੋਂ ਬਾਅਦ ਕੁੱਝ ਯਾਤਰੀਆਂ ਨੇ ਦੁਪਹਿਰ ਦੀ ਉਡਾਣ ਵਿੱਚ ਸੀਟਾਂ ਹਾਸਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਜ਼ਿਆਦਾਤਰ ਯਾਤਰੀਆਂ ਨੂੰ ਸੜਕੀ ਰਸਤੇ ਟੈਕਸੀਆਂ ਰਾਹੀਂ ਦਿੱਲੀ ਲਈ ਰਵਾਨਾ ਹੋਣਾ ਪਿਆ। ਯਾਤਰੀਆਂ ਨੇ ਦੱਸਿਆ ਕਿ ਸਥਿਤੀ ਦਾ ਫ਼ਾਇਦਾ ਚੁੱਕਦਿਆਂ ਹਲਵਾਰਾ ਅਤੇ ਸੁਧਾਰ ਤੋਂ ਦਿੱਲੀ ਜਾਣ ਲਈ ਟੈਕਸੀ ਚਾਲਕਾਂ ਨੇ 10,000 ਤੋਂ 12,000 ਰੁਪਏ ਤੱਕ ਦੀ ਮੰਗ ਕੀਤੀ, ਜਦਕਿ ਆਮ ਦਿਨਾਂ ਵਿੱਚ ਇੱਕ ਪਾਸੇ ਦਾ ਟੈਕਸੀ ਕਿਰਾਇਆ ਕਰੀਬ 5,000 ਤੋਂ 5,500 ਰੁਪਏ ਹੁੰਦਾ ਹੈ। ਆਉਣ ਅਤੇ ਜਾਣ ਲਈ ਇੱਕੋ ਹੀ ਜਹਾਜ਼ ਦੀ ਵਰਤੋਂ ਕੀਤੇ ਜਾਣ ਕਾਰਨ ਇਹ ਸਮੱਸਿਆ ਵਾਰ-ਵਾਰ ਪੈਦਾ ਹੋ ਰਹੀ ਹੈ।

Posted By: Daily Suraj Bureau

Latest News