ਘਰੇਲੂ ਤੇ ਅੰਤਰਰਾਸ਼ਟਰੀ ਉਡਾਣਾਂ ਦੇ ਕਿਰਾਏ ਵਿੱਚ ਵਾਧਾ, ਨਵੇਂ ਰੇਟ ਲਾਗੂ
ਹੋਰਮੁਜ਼ ਸੰਕਟ ਦੇ ਦਰਮਿਆਨ ਟਾਟਾ ਸਮੂਹ ਦੀ ਮਲਕੀਅਤ ਵਾਲੀ ਏਅਰਲਾਈਨ ਏਅਰ ਇੰਡੀਆ ਨੇ ਆਪਣੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ‘ਤੇ ਫਿਊਲ ਸਰਚਾਰਜ ਵਧਾਉਣ ਦਾ ਫੈਸਲਾ ਕੀਤਾ ਹੈ। ਏਅਰਲਾਈਨ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਘਰੇਲੂ ਉਡਾਣਾਂ ਲਈ ਨਵੇਂ ਸਰਚਾਰਜ 8 ਅਪਰੈਲ 2026 ਤੋਂ ਲਾਗੂ ਹੋ ਜਾਣਗੇ, ਜਿਸ ਨਾਲ ਯਾਤਰੀਆਂ ‘ਤੇ ਵਾਧੂ ਖਰਚ ਦਾ ਬੋਝ ਪਵੇਗਾ। ਇਸ ਵਾਧੇ ਨਾਲ ਘਰੇਲੂ ਯਾਤਰੀਆਂ ਨੂੰ 299 ਰੁਪਏ ਤੋਂ 899 ਰੁਪਏ ਤੱਕ ਵਧੇਰੇ ਭੁਗਤਾਨ ਕਰਨਾ ਪਵੇਗਾ। ਇਸ ਤੋਂ ਇਲਾਵਾ, ਅੰਤਰਰਾਸ਼ਟਰੀ ਉਡਾਣਾਂ ਲਈ ਨਵੇਂ ਦਰ 10 ਅਪਰੈਲ ਤੋਂ ਲਾਗੂ ਹੋਣਗੇ। ਅੰਤਰਰਾਸ਼ਟਰੀ ਟਿਕਟਾਂ ਦੀਆਂ ਕੀਮਤਾਂ ਵਿੱਚ 2,200 ਰੁਪਏ ਤੋਂ ਲੈ ਕੇ 26,000 ਰੁਪਏ ਤੱਕ ਵਾਧਾ ਹੋ ਸਕਦਾ ਹੈ। ਏਅਰ ਇੰਡੀਆ ਦੇ ਅਨੁਸਾਰ, ਪਿਛਲੇ ਕੁਝ ਹਫ਼ਤਿਆਂ ਵਿੱਚ ਜੈੱਟ ਈਂਧਨ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ, ਜਿਸ ਕਾਰਨ ਏਅਰਲਾਈਨਾਂ ਦੀ ਸੰਚਾਲਨ ਲਾਗਤ ਕਾਫੀ ਵੱਧ ਗਈ ਹੈ। ਇਸੇ ਕਰਕੇ ਕੰਪਨੀ ਨੇ ਫਿਊਲ ਸਰਚਾਰਜ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਤੋਂ ਬਾਅਦ ਆਉਣ ਵਾਲੇ ਦਿਨਾਂ ਵਿੱਚ ਘਰੇਲੂ ਅਤੇ ਅੰਤਰਰਾਸ਼ਟਰੀ ਦੋਵਾਂ ਤਰ੍ਹਾਂ ਦੀਆਂ ਉਡਾਣਾਂ ਦੇ ਕਿਰਾਏ ਵਿੱਚ ਵਾਧਾ ਹੋਣਾ ਨਿਸ਼ਚਿਤ ਹੈ, ਜਿਸ ਦਾ ਸਿੱਧਾ ਅਸਰ ਯਾਤਰੀਆਂ ਦੀ ਜੇਬ ‘ਤੇ ਪਵੇਗਾ।
Posted By: Daily Suraj Bureau