ਪੁਣੇ ਹੋਸਟਲ ਵਿੱਚ ਵਿਵਾਦ: ਨਕਸਲੀ ਗੀਤ ‘ਤੇ ਨੱਚਣ ਵਾਲੇ ਦੋ ਵਿਦਿਆਰਥੀਆਂ ‘ਤੇ ਕੇਸ ਦਰਜ
ਮਹਾਰਾਸ਼ਟਰ ਦੇ ਪੁਣੇ ਸ਼ਹਿਰ ਵਿੱਚ ਇੱਕ ਸਰਕਾਰੀ ਹੋਸਟਲ ਵਿੱਚ ਹੋਏ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਨਕਸਲੀ ਆਗੂ ਮਾਡਵੀ ਹਿਡਮਾ ਦੀ ਤਾਰੀਫ਼ ਕਰਨ ਵਾਲੇ ਗੀਤ ‘ਤੇ ਨੱਚਣ ਕਾਰਨ ਦੋ ਵਿਦਿਆਰਥੀ ਕਾਨੂੰਨੀ ਮੁਸੀਬਤ ਵਿੱਚ ਫਸ ਗਏ ਹਨ। ਪੁਲੀਸ ਨੇ ਘਟਨਾ ਦੇ ਪੰਜ ਦਿਨਾਂ ਬਾਅਦ ਉਨ੍ਹਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਹੈ। ਪੁਲੀਸ ਅਨੁਸਾਰ ਇਹ ਪ੍ਰੋਗਰਾਮ 11 ਅਪ੍ਰੈਲ ਨੂੰ ਵਿਸ਼ਰਾਂਤਵਾੜੀ ਇਲਾਕੇ ਵਿੱਚ ਸਥਿਤ ਡਾ. ਬਾਬਾ ਸਾਹਿਬ ਅੰਬੇਡਕਰ ਸਰਕਾਰੀ ਲੜਕਿਆਂ ਦੇ ਹੋਸਟਲ ਵਿੱਚ ਕਰਵਾਇਆ ਗਿਆ ਸੀ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਇੱਕ ਗੀਤ ‘ਤੇ ਨੱਚਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ, ਜਿਸ ਵਿੱਚ ਕਥਿਤ ਤੌਰ ‘ਤੇ ਨਕਸਲੀ ਕਮਾਂਡਰ ਹਿਡਮਾ ਦੀ ਪ੍ਰਸ਼ੰਸਾ ਕੀਤੀ ਗਈ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਵਿਵਾਦ ਦਾ ਕਾਰਨ ਬਣ ਗਿਆ ਅਤੇ ਕੁਝ ਸੱਜੇ-ਪੱਖੀ ਕਾਰਕੁਨਾਂ ਵੱਲੋਂ ਇਤਰਾਜ਼ ਜਤਾਇਆ ਗਿਆ। ਇਸ ਤੋਂ ਬਾਅਦ ਪੁਲੀਸ ਨੇ ਜਾਂਚ ਸ਼ੁਰੂ ਕੀਤੀ ਅਤੇ ਵੀਡੀਓ ਦੀ ਪੁਸ਼ਟੀ ਕਰਨ ਤੋਂ ਬਾਅਦ 22 ਅਤੇ 23 ਸਾਲ ਦੇ ਦੋ ਵਿਦਿਆਰਥੀਆਂ ਖ਼ਿਲਾਫ਼ ਕੇਸ ਦਰਜ ਕੀਤਾ। ਇਹ ਦੋਵੇਂ ਵਿਦਿਆਰਥੀ ਮਹਾਰਾਸ਼ਟਰ ਦੇ ਗੜਚਿਰੌਲੀ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਅਤੇ ਪੁਣੇ ਦੇ ਇੱਕ ਪ੍ਰਸਿੱਧ ਕਾਲਜ ਵਿੱਚ ਬੀਬੀਏ (ਸੀਏ) ਦੀ ਪੜਾਈ ਕਰ ਰਹੇ ਹਨ। ਪੁਲੀਸ ਦੇ ਮੁਤਾਬਕ ਉਨ੍ਹਾਂ ਨੇ “ਓ ਰੇ ਬੰਦੂਕ ਵਾਲੇ” ਨਾਮਕ ਗੀਤ ‘ਤੇ ਪੇਸ਼ਕਾਰੀ ਦਿੱਤੀ ਸੀ, ਜੋ ਕਥਿਤ ਤੌਰ ‘ਤੇ ਹਿਡਮਾ ਦੀ ਤਾਰੀਫ਼ ਕਰਦਾ ਹੈ। ਹੋਸਟਲ ਪ੍ਰਸ਼ਾਸਨ ਨੇ ਇਸ ਮਾਮਲੇ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੇ ਗੀਤ ਦੀ ਚੋਣ ਗਲਤੀ ਨਾਲ ਕੀਤੀ ਸੀ ਅਤੇ ਉਨ੍ਹਾਂ ਨੂੰ ਇਸ ਦੀ ਧੁਨ ਪਸੰਦ ਆਈ ਸੀ। ਹਾਲਾਂਕਿ ਪੁਲੀਸ ਨੇ ਸਪਸ਼ਟ ਕੀਤਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਵਿਸ਼ਰਾਂਤਵਾੜੀ ਪੁਲੀਸ ਸਟੇਸ਼ਨ ਦੇ ਅਧਿਕਾਰੀ ਮੁਤਾਬਕ ਪਾਬੰਦੀਸ਼ੁਦਾ ਸੀਪੀਆਈ (ਮਾਓਵਾਦੀ) ਅਤੇ ਪੀਪਲਜ਼ ਲਿਬਰੇਸ਼ਨ ਗੁਰੀਲਾ ਆਰਮੀ ਨਾਲ ਜੁੜੇ ਸੀਨੀਅਰ ਕਮਾਂਡਰ ਹਿਡਮਾ ‘ਤੇ ਆਧਾਰਿਤ ਗੀਤ ਦੀ ਚੋਣ ਕਰਕੇ ਵਿਦਿਆਰਥੀਆਂ ਨੇ ਕਥਿਤ ਤੌਰ ‘ਤੇ ਦੇਸ਼ ਦੀ ਅਖੰਡਤਾ ਅਤੇ ਪ੍ਰਭੂਸੱਤਾ ਲਈ ਖ਼ਤਰਾ ਪੈਦਾ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਦੋਵਾਂ ਵਿਦਿਆਰਥੀਆਂ ਖ਼ਿਲਾਫ਼ ਭਾਰਤੀ ਨਿਆ ਸੰਹਿਤਾ ਦੀਆਂ ਧਾਰਾਵਾਂ 197(1), 353 ਅਤੇ 3(5) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮਾਡਵੀ ਹਿਡਮਾ, ਜਿਸ ‘ਤੇ ਇੱਕ ਕਰੋੜ ਰੁਪਏ ਦਾ ਇਨਾਮ ਸੀ, ਨਵੰਬਰ 2025 ਵਿੱਚ ਆਂਧਰਾ ਪ੍ਰਦੇਸ਼ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਮਾਰਿਆ ਗਿਆ ਸੀ। ਉਹ ਪਿਛਲੇ ਦੋ ਦਹਾਕਿਆਂ ਦੌਰਾਨ ਕਈ ਵੱਡੇ ਨਕਸਲੀ ਹਮਲਿਆਂ ਦੀ ਯੋਜਨਾ ਨਾਲ ਜੁੜਿਆ ਰਿਹਾ ਸੀ।
Posted By: Daily Suraj Bureau