Daily Suraj

ਪੰਜਾਬੀ

ਬੈਂਗਲੁਰੂ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਦਾ ਵੱਡਾ ਐਕਸ਼ਨ; ‘ਡੀ.ਐੱਮ. ਫਾਰਮਾ’ ਦੇ ਭਾਈਵਾਲ ਬਾਲਾਸੁਬਰਾਮਨੀਅਨ ਨੂੰ 7 ਦਿਨਾਂ ਦੇ ਰਿਮਾਂਡ ’ਤੇ ਭੇਜਿਆ

30 Sep, 2026 03:57 PM

ਨਕਲੀ ਦਵਾਈਆਂ ਦੇ ਗੈਰ-ਕਾਨੂੰਨੀ ਰੈਕੇਟ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਨੇ ਇਸ ਮਾਮਲੇ ਵਿੱਚ ਇੱਕ ਹੋਰ ਮੁੱਖ ਮੁਲਜ਼ਮ ਬਾਲਾਸੁਬਰਾਮਨੀਅਨ ਨੂੰ ਚੇਨਈ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਬੁੱਧਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਸਾਜ਼ਿਸ਼ਕਰਤਾ ਪ੍ਰਸ਼ਾਂਤ ਰੰਜਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਸ ਮੁਲਜ਼ਮ ਦੀ ਫੜੋ-ਫੜੀ ਇਸ ਜਾਂਚ ਵਿੱਚ ਇੱਕ ਅਹਿਮ ਮੋੜ ਹੈ। ਇਸ ਤਾਜ਼ਾ ਗ੍ਰਿਫ਼ਤਾਰੀ ਨਾਲ ਨਕਲੀ ਦਵਾਈਆਂ ਦੇ ਇਸ ਰੈਕੇਟ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਕੁੱਲ ਗਿਣਤੀ ਸੱਤ ਹੋ ਗਈ ਹੈ। ਅਧਿਕਾਰੀਆਂ ਮੁਤਾਬਕ, ਚੇਨਈ ਸਥਿਤ ਫਾਰਮਾ ਭਾਈਵਾਲ ਵਜੋਂ ਪਛਾਣੇ ਗਏ ਬਾਲਾਸੁਬਰਾਮਨੀਅਨ ‘ਡੀ.ਐੱਮ. ਫਾਰਮਾ’ (DM Pharma) ਨਾਮਕ ਫਾਰਮਾਸਿਊਟੀਕਲ ਕੰਪਨੀ ਵਿੱਚ ਪ੍ਰਸ਼ਾਂਤ ਰੰਜਨ ਦੇ ਸਾਥੀ ਸਨ। ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਨੇ ਕਥਿਤ ਤੌਰ ’ਤੇ ਨਕਲੀ ਦਵਾਈਆਂ ਦੇ ਨਿਰਮਾਣ ਅਤੇ ਉਨ੍ਹਾਂ ਦੀ ਵੰਡ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਮੁੱਖ ਸਾਜ਼ਿਸ਼ਕਰਤਾ ਪ੍ਰਸ਼ਾਂਤ ਰੰਜਨ ਤੋਂ ਪੁੱਛਗਿੱਛ ਦੌਰਾਨ ਮਿਲੇ ਸੁਰਾਗਾਂ ਦੇ ਆਧਾਰ ’ਤੇ ਹੀ ਐੱਸ.ਆਈ.ਟੀ. ਨੇ ਇਹ ਕਾਰਵਾਈ ਕੀਤੀ ਹੈ। ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਬਾਲਾਸੁਬਰਾਮਨੀਅਨ ਨੂੰ ਅਗਲੇਰੀ ਪੁੱਛਗਿੱਛ ਲਈ ਸੱਤ ਦਿਨਾਂ ਦੀ ਐੱਸ.ਆਈ.ਟੀ. ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਐੱਸ.ਆਈ.ਟੀ. ਨੇ ਸੋਮਵਾਰ ਨੂੰ ਬੈਂਗਲੁਰੂ ਦੇ ਕੈਂਪੇਗੌਡਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਮੁੱਖ ਮੁਲਜ਼ਮ ਪ੍ਰਸ਼ਾਂਤ ਰੰਜਨ ਬਾਬੂ ਨੂੰ ਉਸ ਸਮੇਂ ਹਿਰਾਸਤ ਵਿੱਚ ਲਿਆ ਸੀ ਜਦੋਂ ਉਹ ਅਜ਼ਰਬਾਈਜਾਨ ਤੋਂ ਭਾਰਤ ਪਰਤਿਆ ਸੀ। ਨੈੱਟਵਰਕ ਦਾ ਪਰਦਾਫਾਸ਼ ਹੋਣ ਤੋਂ ਬਾਅਦ ਉਹ ਵਿਦੇਸ਼ ਭੱਜ ਗਿਆ ਸੀ ਪਰ ਜਾਂਚ ਟੀਮ ਦੇ ਦਬਾਅ ਕਾਰਨ ਉਸ ਨੂੰ ਵਾਪਸ ਆਉਣਾ ਪਿਆ। ਇਸ ਪੂਰੇ ਘੁਟਾਲੇ ਦੌਰਾਨ 5 ਕਰੋੜ ਰੁਪਏ ਤੋਂ ਵੱਧ ਮੁੱਲ ਦੀਆਂ ਨਕਲੀ, ਮਿਆਦ ਪੁੱਗ ਚੁੱਕੀਆਂ ਅਤੇ ਮੁੜ-ਲੇਬਲ ਕੀਤੀਆਂ ਗਈਆਂ ਜੀਵਨ-ਰੱਖਿਅਕ, ਆਈ.ਸੀ.ਯੂ. (ICU) ਅਤੇ ਕੈਂਸਰ ਦੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ ਸਨ। ਜਾਂਚ ਵਿੱਚ ਖੁਲਾਸਾ ਹੋਇਆ ਸੀ ਕਿ ਇਸ ਗੈਰ-ਕਾਨੂੰਨੀ ਨੈੱਟਵਰਕ ਵੱਲੋਂ 90 ਤੋਂ ਵੱਧ ਹਸਪਤਾਲਾਂ ਅਤੇ ਕਲੀਨਿਕਾਂ ਨੂੰ ਮਿਆਰ-ਹੀਣ ਦਵਾਈਆਂ ਸਪਲਾਈ ਕੀਤੀਆਂ ਜਾਂਦੀਆਂ ਸਨ। ਘਟਨਾ ਦੀ ਗੰਭੀਰਤਾ ਨੂੰ ਵੇਖਦਿਆਂ ਐੱਸ.ਆਈ.ਟੀ. ਵੱਲੋਂ ਕਰਨਾਟਕ, ਹਰਿਆਣਾ, ਹਿਮਾਚਲ ਪ੍ਰਦੇਸ਼, ਤਾਮਿਲਨਾਡੂ ਅਤੇ ਮਹਾਰਾਸ਼ਟਰ ਵਿੱਚ ਛਾਪੇਮਾਰੀ ਕੀਤੀ ਗਈ ਹੈ। ਕਰਨਾਟਕ ਫੂਡ ਸੇਫਟੀ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ਨੇ 16 ਡਰੱਗ ਲਾਇਸੈਂਸ ਰੱਦ ਕਰ ਦਿੱਤੇ ਹਨ ਅਤੇ ਹੋਰਨਾਂ ਨੂੰ ਮੁਅੱਤਲ ਕੀਤਾ ਹੈ। ਸਿਹਤ ਵਿਭਾਗ ਵੱਲੋਂ ਪ੍ਰਭਾਵਿਤ ਮਰੀਜ਼ਾਂ ਦੀ ਸਿਹਤ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਦਵਾਈਆਂ ਦੀ ਪੈਕੇਜਿੰਗ ਅਤੇ QR ਕੋਡ ਦੀ ਧਿਆਨ ਨਾਲ ਜਾਂਚ ਕਰਨ।

Latest News