ਵਾਰਾਣਸੀ ਦੇ 'ਨਮੋ ਘਾਟ' 'ਤੇ ਭਾਰਤੀ ਹਵਾਈ ਸੈਨਾ ਦਾ ਸ਼ਾਨਦਾਰ 'Wings Over Ganges' ਏਅਰ ਸ਼ੋਅ, PM ਮੋਦੀ ਵੀ ਰਹੇ ਮੌਜੂਦ
ਭਾਰਤੀ ਹਵਾਈ ਸੈਨਾ (IAF) ਦੀ 94ਵੀਂ ਵਰ੍ਹੇਗੰਢ ਦੇ ਇਤਿਹਾਸਕ ਮੌਕੇ 'ਤੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਗੰਗਾ ਨਦੀ ਦੇ ਉੱਪਰ 'Wings Over Ganges' ਨਾਮਕ ਇੱਕ ਬੇਹੱਦ ਆਕਰਸ਼ਕ ਅਤੇ ਸ਼ਾਨਦਾਰ ਏਅਰ ਸ਼ੋਅ ਦਾ ਆਯੋਜਨ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ ਦੇ ਪ੍ਰਸਿੱਧ 'ਨਮੋ ਘਾਟ' ਤੋਂ ਇਸ ਹਵਾਈ ਪ੍ਰਦਰਸ਼ਨ ਦਾ ਆਨੰਦ ਮਾਣਿਆ। ਇਸ ਸਮਾਗਮ ਦੌਰਾਨ ਵੱਖ-ਵੱਖ ਲੜਾਕੂ, ਆਵਾਜਾਈ ਅਤੇ ਹੈਲੀਕਾਪਟਰਾਂ ਨੇ ਹਵਾ ਵਿੱਚ ਆਪਣੀ ਸਟੀਕ ਉਡਾਣ, ਸੰਚਾਲਨ ਸਮਰੱਥਾ ਅਤੇ ਬਹਿਤਰੀਨ ਆਪਸੀ ਤਾਲਮੇਲ ਦਾ ਸ਼ਕਤੀਸ਼ਾਲੀ ਪ੍ਰਦਰਸ਼ਨ ਕੀਤਾ। ਇਸ ਵਿਸ਼ਾਲ ਏਅਰ ਸ਼ੋਅ ਵਿੱਚ ਭਾਰਤੀ ਹਵਾਈ ਸੈਨਾ ਦੇ ਅਤਿ-ਆਧੁਨਿਕ ਲੜਾਕੂ ਜਹਾਜ਼ਾਂ ਜਿਵੇਂ ਕਿ ਤੇਜਸ (Tejas), ਰਾਫੇਲ (Rafale), ਸੁਖੋਈ-30 ਐਮ.ਕੇ.ਆਈ (Su-30MKI), ਮਿਰਾਜ-2000 ਅਤੇ ਮਿਗ-29 ਸ਼ਾਮਲ ਹੋਏ। ਇਸ ਤੋਂ ਇਲਾਵਾ ਲਾਈਟ ਕੰਬੈਟ ਹੈਲੀਕਾਪਟਰ (LCH) 'ਪ੍ਰਚੰਡ', ਅਪਾਚੇ, ਮਿਲੀਟਰੀ ਟਰਾਂਸਪੋਰਟ ਜਹਾਜ਼ਾਂ ਅਤੇ 'ਏਅਰਬੋਰਨ ਅਰਲੀ ਵਾਰਨਿੰਗ ਐਂਡ ਕੰਟਰੋਲ' (AEW&C) ਸਿਸਟਮ ਵਰਗੇ ਹੋਰ ਸੈਨਿਕ ਜਹਾਜ਼ਾਂ ਨੇ ਵੀ ਹਿੱਸਾ ਲਿਆ। ਹਵਾਈ ਪ੍ਰਦਰਸ਼ਨ ਦੇ ਦੂਜੇ ਪੜਾਅ ਦੀ ਸ਼ੁਰੂਆਤ ਗਰੁੱਪ ਕੈਪਟਨ ਅਨੁਜ ਗੁਪਤਾ ਦੀ ਅਗਵਾਈ ਵਿੱਚ ਤਿੰਨ Mi-17 V-5 ਹੈਲੀਕਾਪਟਰਾਂ ਦੀ 'ਓਂਕਾਰ' (Omkar) ਫਾਰਮੇਸ਼ਨ ਨਾਲ ਹੋਈ, ਜੋ ਰਾਸ਼ਟਰੀ ਝੰਡੇ ਅਤੇ ਭਾਰਤੀ ਹਵਾਈ ਸੈਨਾ ਦੇ ਝੰਡੇ ਨੂੰ ਲਹਿਰਾਉਂਦੇ ਹੋਏ ਉੱਡ ਰਹੇ ਸਨ। ਇਸ ਤੋਂ ਬਾਅਦ LCH ਅਤੇ ਅਪਾਚੇ ਹੈਲੀਕਾਪਟਰਾਂ ਦੁਆਰਾ 'ਭਾਗੀਰਥੀ' ਡਾਇਮੰਡ ਫਾਰਮੇਸ਼ਨ ਬਣਾਈ ਗਈ। ਤਿੰਨਾਂ ਸੈਨਾਵਾਂ ਦੇ ਮਜ਼ਬੂਤ ਸਹਿਯੋਗ ਨੂੰ ਦਰਸਾਉਂਦੇ ਹੋਏ 'ਤ੍ਰਿਦੇਵ' ਫਾਰਮੇਸ਼ਨ ਵਿੱਚ ਭਾਰਤੀ ਜਲ ਸੈਨਾ ਦਾ ਕਾਮੋਵ-31 (Kamov 31) ਹੈਲੀਕਾਪਟਰ ਅਤੇ ਭਾਰਤੀ ਹਵਾਈ ਸੈਨਾ ਵਪ ਥਲ ਸੈਨਾ ਦੇ ਐਡਵਾਂਸਡ ਲਾਈਟ ਹੈਲੀਕਾਪਟਰ (ALH) ਮਾਰਕ-3 ਇਕੱਠੇ ਉੱਡੇ। ਪ੍ਰੋਗਰਾਮ ਦੌਰਾਨ ਅਸਮਾਨ ਤੋਂ ਫੁੱਲਾਂ ਦੀ ਵਰਖਾ ਕੀਤੀ ਗਈ, ਜਿਸ ਨਾਲ ਸਮਾਗਮ ਵਿੱਚ ਇੱਕ ਵਿਸ਼ੇਸ਼ ਰਸਮੀ ਰੰਗ ਭਰ ਗਿਆ। ਇਸ ਤੋਂ ਬਾਅਦ ਵਿੰਗ ਕਮਾਂਡਰ ਐਸ. ਭਾਰਗਵ ਦੀ ਅਗਵਾਈ ਹੇਠ 'ਰੁਦਰ' (Rudra) ਜਹਾਜ਼ਾਂ ਨੇ ਅਸਮਾਨ ਵਿੱਚ ਆਕਰਸ਼ਕ 'ਫਲੇਅਰ' (flare) ਡਿਸਪਲੇਅ ਪੇਸ਼ ਕੀਤਾ। 'ਸੂਰਿਆ ਕਿਰਨ ਏਰੋਬੈਟਿਕ ਟੀਮ' (SKAT) ਨੇ ਵੀ ਗੰਗਾ ਦੇ ਉੱਪਰ ਬਹੁਤ ਹੀ ਸਟੀਕ ਅਤੇ ਖ਼ਤਰਨਾਕ ਹਵਾਈ ਕਰਤੱਬ ਦਿਖਾ ਕੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਇਸ ਪ੍ਰਦਰਸ਼ਨ ਵਿੱਚ 'ਏਅਰਲਿਫਟ' ਅਤੇ 'ਫਾਰਮੇਸ਼ਨ-ਫਲਾਇੰਗ' ਦੀ ਮੁਹਾਰਤ ਨੂੰ ਦਰਸਾਉਣ ਲਈ IL-78 ਅਤੇ P-8I ਵਰਗੇ ਜਹਾਜ਼ਾਂ ਨੇ ਵੀ ਵੱਖ-ਵੱਖ ਸਮੂਹਾਂ ਵਿੱਚ ਉਡਾਣ ਭਰੀ। ਵਾਰਾਣਸੀ ਦੀ ਧਾਰਮਿਕ ਅਤੇ ਸੰਸਕ੍ਰਿਤਕ ਮਹੱਤਤਾ ਨੂੰ ਧਿਆਨ ਵਿੱਚ ਰੱਖਦਿਆਂ ਇਹਨਾਂ ਫਾਰਮੇਸ਼ਨਾਂ ਦੇ ਨਾਮ 'ਫ੍ਰੀਲੋਸ਼ਨ', 'ਨਟਰਾਜ', 'ਮਹਾਦੇਵ' ਅਤੇ 'ਵਿਸ਼ਵਨਾਥ' ਰੱਖੇ ਗਏ ਸਨ। ਪਵਿੱਤਰ ਗੰਗਾ ਨਦੀ ਦੇ ਕੰਢੇ ਇਕੱਠੀ ਹੋਈ ਹਜ਼ਾਰਾਂ ਦੀ ਭੀੜ ਨੇ ਭਾਰਤੀ ਹਵਾਈ ਸੈਨਾ ਦੀ ਤਕਨੀਕੀ ਮੁਹਾਰਤ ਅਤੇ ਸੂਰਮਗਤੀ ਦਾ ਸ਼ਾਨਦਾਰ ਨਜ਼ਾਰਾ ਦੇਖਿਆ। ਇਸ ਇਤਿਹਾਸਕ ਹਵਾਈ ਸਮਾਗਮ ਵਿੱਚ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ, ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਉਚੇਚੇ ਤੌਰ 'ਤੇ ਮੌਜੂਦ ਸਨ।