Daily Suraj

ਪੰਜਾਬੀ

ਮਜ਼ਬੀ ਸਿੱਖ ਸਮਾਜ ਨੂੰ ਉੱਪ ਮੁੱਖ ਮੰਤਰੀ ਬਣਾਉਣ ਦੀ ਮੰਗ ਤੇਜ਼

21 Feb, 2026 06:24 PM

ਬਰਨਾਲਾ ਦੇ ਤਰਕਸ਼ੀਲ ਭਵਨ ਵਿਖੇ ਮਜ਼ਦੂਰ ਆਗੂਆਂ ਦੀ ਜਨਰਲ ਮੀਟਿੰਗ ਹੋਈ ਜਿਸ ਵਿੱਚ ਸੰਬੋਧਨ ਕਰਦੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ (ਆਜ਼ਾਦ) ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਪੰਜਾਬ ਸਰਕਾਰ ਤੋਂ ਆਪਣਾ ਵਾਅਦਾ ਪੂਰਾ ਕਰਨ ਦੀ ਮੰਗ ਕੀਤੀ। ਭਗਵੰਤ ਸਮਾਓਂ ਨੇ ਕਿਹਾ ਕਿ 'ਆਪ' ਸਰਕਾਰ ਮਜ਼ਬੀ ਸਿੱਖ ਸਮਾਜ ’ਚੋਂ ਉਪ ਮੁੱਖ ਮੰਤਰੀ ਬਣਾ ਕੇ ਆਪਣਾ ਵਾਅਦਾ ਪੂਰਾ ਕਰੇ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਆਬਾਦੀ ਦੀ ਸੱਭ ਤੋਂ ਵੱਡੀ ਗਿਣਤੀ ਐੱਸ ਸੀ ਸਮਾਜ ਦੀ ਹੈ। ਚੋਣਾਂ ਸਮੇਂ ਸਾਰੀਆਂ ਸਿਆਸੀ ਪਾਰਟੀਆਂ ਦਲਿਤਾਂ ਦੇ ਦਰਦੀ ਹੋਣ ਦਾ ਡਰਾਮਾ ਰਚਕੇ ਵੋਟਾਂ ਤਾਂ ਲੈ ਲੈਂਦੀਆਂ ਹਨ, ਪਰ ਆਬਾਦੀ ਦੇ ਹਿਸਾਬ ਨਾਲ ਸਿਆਸਤ ਵਿੱਚ ਹਿੱਸੇਦਾਰੀ ਕੋਈ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਜੇਕਰ ਅੱਜ ਮਜ਼ਬੀ ਸਿੱਖ ਸਮਾਜ ਦਾ ਸਚਮੁੱਚ ਹੇਜ਼ ਹੈ ਤਾਂ ਉਹ ਭਦੌੜ ਤੋਂ ਉਨ੍ਹਾਂ ਦੀ ਪਾਰਟੀ ਦੇ ਹੀ ਐੱਮ ਐੱਲ ਏ ਲਾਭ ਸਿੰਘ ਉੱਗੋਕੇ ਜਾਂ ਕੈਬਨਿਟ ਮੰਤਰੀ ਹਰਭਜਨ ਈਟੀਓ ਦੋਵਾਂ ਵਿੱਚੋਂ ਕਿਸੇ ਇੱਕ ਨੂੰ ਉੱਪ ਮੁੱਖ ਮੰਤਰੀ ਬਣਾਵੇ। ਉਨ੍ਹਾਂ ਕਿਹਾ ਕਿ ਮਨੂੰਵਾਦੀ ਤਾਕਤਾਂ ਵੱਲੋਂ ਯੂ ਜੀ ਸੀ ਦੇ ਨਵੇਂ ਨਿਯਮਾਂ 'ਤੇ ਰੋਕ ਲਗਾ ਕੇ ਦਲਿਤਾਂ ਪ੍ਰਤੀ ਘੋਰ ਨਫ਼ਰਤ ਦਾ ਮੁਜ਼ਾਹਰਾ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਚੋਣਾਂ ਵਿੱਚ ਦਲਿਤਾਂ ਦੀਆਂ ਵੋਟਾਂ ਲਈ ਤਰਲੋ ਮੱਛੀ ਹੁੰਦੇ ਹਾਕਮ ਜਮਾਤੀ ਪਾਰਟੀਆਂ ਦੇ ਲੀਡਰਾਂ ਦੀ ਯੂ ਜੀ ਸੀ ਦੇ ਨਵੇਂ ਨਿਯਮਾਂ ਦੇ ਹੱਕ ਵਿੱਚ ਜ਼ੁਬਾਨ ਕਿਉਂ ਬੰਦ ਪਈ ਹੈ ? ਉਨ੍ਹਾਂ ਕੇਂਦਰ ਤੇ ਪੰਜਾਬ ਸਰਕਾਰਾਂ ਦੀਆਂ ਰੁਜ਼ਗਾਰ ਤੇ ਸਿੱਖਿਆ ਮਾਰੂ ਨੀਤੀਆਂ ਖ਼ਿਲਾਫ਼ ਐੱਸ ਸੀ ਸਮਾਜ ਨੂੰ ਮੱਤਭੇਦ ਭੁਲਾ ਕੇ ਇੱਕਜੁੱਟ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਮਨਰੇਗਾ ਰੁਜ਼ਗਾਰ ਬਚਾਉਣ ਸਮੇਤ ਹੋਰ ਦਲਿਤ ਭਾਈਚਾਰੇ ਦੇ ਅਧਿਕਾਰਾਂ ਦੀ ਰਾਖੀ ਲਈ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਵੱਲੋਂ ਜ਼ਮੀਨੀ ਪੱਧਰ 'ਤੇ ਲਾਮਬੰਦੀ ਉਪਰੰਤ ਸੂਬਾ ਪੱਧਰੀ ਸੰਘਰਸ਼ ਵਿੱਢਣ ਦਾ ਐਲਾਨ ਵੀ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮੱਖਣ ਸਿੰਘ ਰਾਮਗੜ੍ਹ, ਸਕੱਤਰ ਸ਼ਿੰਗਾਰਾ ਸਿੰਘ ਚੁਹਾਨਕੇ, ਮੀਤ ਪ੍ਰਧਾਨ ਜਗਰਾਜ ਤਾਜੋਕੇ, ਪਾਲ ਕੌਰ ਤਾਜੋਕੇ, ਬੂਟਾ ਸਿੰਘ ਤਪਾ, ਭੱਠਾ ਮਜ਼ਦੂਰ ਯੂਨੀਅਨ ਆਜ਼ਾਦ ਦੇ ਸੂਬਾ ਮੀਤ ਪ੍ਰਧਾਨ ਸੱਤਪਾਲ ਸਿੰਘ ਬਹਿਣੀਵਾਲ ਅਤੇ ਗੁਰਜੰਟ ਸਿੰਘ ਢਿੱਲਵਾਂ ਨੇ ਵੀ ਵਿਚਾਰ ਰੱਖੇ।

Posted By: Daily Suraj Bureau

Latest News