FBI ਦੀ ਚਾਰਜਸ਼ੀਟ ਤੋਂ ਬਾਅਦ ਕਾਰਵਾਈ, ਸਾਬਕਾ SHO ਗੁਰਿੰਦਰਜੀਤ ਨਾਗਰਾ ਗ੍ਰਿਫ਼ਤਾਰ
ਹੁਸ਼ਿਆਰਪੁਰ ਪੁਲੀਸ ਨੇ ਟਾਂਡਾ ਥਾਣੇ ਦੇ ਸਾਬਕਾ ਐੱਸ.ਐੱਚ.ਓ. ਅਤੇ ਪੰਜਾਬ ਪੁਲੀਸ ਦੇ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨਾਗਰਾ 'ਤੇ ਸੰਯੁਕਤ ਰਾਜ ਅਮਰੀਕਾ ਵਿੱਚ ਭਾਰਤੀ ਮੂਲ ਦੇ ਇੱਕ ਪਰਿਵਾਰ ਨੂੰ ਨਿਸ਼ਾਨਾ ਬਣਾਉਣ ਵਾਲੇ ਅੰਤਰਰਾਸ਼ਟਰੀ ਜਬਰੀ ਵਸੂਲੀ (ਐਕਸਟੋਰਸ਼ਨ) ਮਾਮਲੇ ਵਿੱਚ ਸ਼ਾਮਲ ਹੋਣ ਦੇ ਦੋਸ਼ ਹਨ। ਅਮਰੀਕੀ ਜਾਂਚ ਏਜੰਸੀ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (FBI) ਨੇ 7 ਫਰਵਰੀ ਨੂੰ ਨਾਗਰਾ ਦਾ ਨਾਮ ਕਥਿਤ ਅੰਤਰਰਾਸ਼ਟਰੀ ਜਬਰੀ ਵਸੂਲੀ ਗਿਰੋਹ ਦੇ ਮੈਂਬਰਾਂ ਵਿੱਚ ਸ਼ਾਮਲ ਕੀਤਾ ਸੀ। ਅਮਰੀਕੀ ਅਧਿਕਾਰੀਆਂ ਦਾ ਦੋਸ਼ ਹੈ ਕਿ ਉਹ 4 ਲੱਖ ਡਾਲਰ ਦੀ ਫਿਰੌਤੀ ਨਾਲ ਜੁੜੇ ਮਾਮਲੇ ਵਿੱਚ ਸ਼ਾਮਲ ਸੀ ਅਤੇ ਉਸ ਨੇ ਅਮਰੀਕਾ ਵਿੱਚ ਰਹਿੰਦੇ ਭਾਰਤੀ ਮੂਲ ਦੇ ਪਰਿਵਾਰਾਂ ਨੂੰ ਨਿਸ਼ਾਨਾ ਬਣਾਉਣ ਲਈ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਗਿਰੋਹਾਂ ਨਾਲ ਮਿਲ ਕੇ ਕੰਮ ਕੀਤਾ। FBI ਵੱਲੋਂ ਜਾਂਚ ਅਧੀਨ ਇਸ ਮਾਮਲੇ ਵਿੱਚ ਨਾਮ ਸਾਹਮਣੇ ਆਉਣ ਤੋਂ ਬਾਅਦ ਹੁਸ਼ਿਆਰਪੁਰ ਦੇ ਸੀਨੀਅਰ ਪੁਲੀਸ ਕਪਤਾਨ (SSP) ਨੇ ਨਾਗਰਾ ਨੂੰ ਤੁਰੰਤ ਪੁਲੀਸ ਲਾਈਨ ਵਿੱਚ ਤਬਦੀਲ ਕਰਨ ਦੇ ਹੁਕਮ ਜਾਰੀ ਕੀਤੇ ਸਨ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ, ਆਪਣਾ ਨਾਮ ਜਨਤਕ ਨਾ ਕਰਨ ਦੀ ਸ਼ਰਤ 'ਤੇ, ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜਾਂਚ ਜਾਰੀ ਹੈ ਅਤੇ ਹੋਰ ਜਾਣਕਾਰੀ ਬਾਅਦ ਵਿੱਚ ਸਾਂਝੀ ਕੀਤੀ ਜਾਵੇਗੀ। ਇਹ ਗ੍ਰਿਫ਼ਤਾਰੀ FBI ਵੱਲੋਂ ਸ਼ੁੱਕਰਵਾਰ ਨੂੰ ਭਾਰਤ ਨਾਲ ਜੁੜੇ ਗੈਂਗਸਟਰ ਨਿਤੀਸ਼ ਕੌਸ਼ਲ ਉਰਫ਼ "ਲਾਲਾ" ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਹੋਈ ਹੈ। ਉਸ ਨੂੰ ਪੰਜਾਬ-ਮੂਲ ਦੇ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਸਿੰਡੀਕੇਟ ਵਿੱਚ ਕਥਿਤ ਭੂਮਿਕਾ ਲਈ 'ਮੋਸਟ ਵਾਂਟੇਡ' ਸੂਚੀ ਵਿੱਚ ਸ਼ਾਮਲ ਕਰਨ ਤੋਂ ਸਿਰਫ਼ ਦੋ ਦਿਨ ਬਾਅਦ ਕਾਬੂ ਕੀਤਾ ਗਿਆ ਸੀ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਅਧਿਕਾਰੀ ਸਿੰਗਲਾ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਇੰਸਪੈਕਟਰ ਨਾਗਰਾ ਅਮਰੀਕਾ ਵਿੱਚ ਰਹਿੰਦੇ ਇੱਕ ਪਰਿਵਾਰ ਤੋਂ 16 ਲੱਖ ਰੁਪਏ ਦੀ ਨਾਜਾਇਜ਼ ਰਕਮ ਵਸੂਲਣ ਅਤੇ ਪ੍ਰਾਪਤ ਕਰਨ ਵਿੱਚ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਤਕਨੀਕੀ ਵਿਸ਼ਲੇਸ਼ਣ, ਵਿੱਤੀ ਲੈਣ-ਦੇਣ ਦੇ ਰਿਕਾਰਡ, ਗਵਾਹਾਂ ਦੇ ਬਿਆਨਾਂ ਅਤੇ ਹੋਰ ਸਬੂਤਾਂ ਦੇ ਆਧਾਰ 'ਤੇ ਜਾਂਚ ਕੀਤੀ ਗਈ ਹੈ, ਜਿਸ ਨਾਲ ਪੈਸੇ ਦੀ ਮੰਗ, ਜਬਰੀ ਉਗਰਾਹੀ ਅਤੇ ਗੈਰ-ਕਾਨੂੰਨੀ ਲਾਭ ਲੈਣ ਦੇ ਦੋਸ਼ਾਂ ਦੀ ਪੁਸ਼ਟੀ ਕਰਨ ਵਾਲਾ ਸਬੂਤ ਰਿਕਾਰਡ 'ਤੇ ਆਇਆ ਹੈ। ਉਨ੍ਹਾਂ ਦੱਸਿਆ ਕਿ ਨਾਗਰਾ ਨੂੰ ਸ਼ੁੱਕਰਵਾਰ ਸ਼ਾਮ ਗ੍ਰਿਫ਼ਤਾਰ ਕੀਤਾ ਗਿਆ ਅਤੇ ਸ਼ਨੀਵਾਰ ਨੂੰ ਸਬੰਧਤ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ। ਪੁਲੀਸ ਇਸ ਪੂਰੀ ਸਾਜ਼ਿਸ਼ ਦਾ ਖੁਲਾਸਾ ਕਰਨ ਲਈ ਉਸ ਦਾ ਰਿਮਾਂਡ ਮੰਗੇਗੀ। ਨਾਲ ਹੀ ਨਾਗਰਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਸ ਖ਼ਿਲਾਫ਼ ਵਿਭਾਗੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। FBI ਦੇ 'ਓਪਰੇਸ਼ਨ ਹਾਰਡ ਬਾਲ' ਤਹਿਤ ਲਾਸ ਏਂਜਲਸ ਵਿੱਚ ਦਾਇਰ ਕੀਤੀ ਗਈ 44 ਪੰਨਿਆਂ ਦੀ ਫੈਡਰਲ ਚਾਰਜਸ਼ੀਟ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਭਗਵਾਨਪੁਰੀਆ ਗਿਰੋਹ ਭਾਰਤ ਦੇ ਕੁਝ ਖੇਤਰਾਂ ਵਿੱਚ ਕਤਲ ਕਰਨ ਲਈ ਮੈਂਬਰਾਂ ਨੂੰ 20,000 ਰੁਪਏ ਤੱਕ ਦਾ ਭੁਗਤਾਨ ਕਰਦਾ ਸੀ। ਇਸ ਵਿੱਚ ਟਾਂਡਾ ਥਾਣੇ ਦੇ ਤਤਕਾਲੀ ਐੱਸ.ਐੱਚ.ਓ. ਗੁਰਿੰਦਰਜੀਤ ਸਿੰਘ ਨਾਗਰਾ ਸਮੇਤ ਕੁਝ ਭ੍ਰਿਸ਼ਟ ਸਰਕਾਰੀ ਅਧਿਕਾਰੀਆਂ ਦੀ ਸ਼ਮੂਲੀਅਤ ਦਾ ਵੀ ਦੋਸ਼ ਲਗਾਇਆ ਗਿਆ ਹੈ। ਚਾਰਜਸ਼ੀਟ ਮੁਤਾਬਕ, ਨਾਗਰਾ 'ਤੇ ਪੰਜਾਬ ਵਿੱਚ ਰਿਸ਼ਤੇਦਾਰਾਂ ਨੂੰ ਕੇਸਾਂ ਵਿੱਚ ਫਸਾਉਣ ਦੀ ਧਮਕੀ ਦੇ ਕੇ ਲਾਸ ਏਂਜਲਸ ਵਿੱਚ ਰਹਿੰਦੇ ਇੱਕ ਪਰਿਵਾਰ ਤੋਂ 4 ਲੱਖ ਡਾਲਰ ਦੀ ਫਿਰੌਤੀ ਵਸੂਲਣ ਲਈ ਗਿਰੋਹ ਨਾਲ ਸਾਜ਼ਿਸ਼ ਰਚਣ ਦਾ ਦੋਸ਼ ਹੈ। ਰਿਪੋਰਟ ਅਨੁਸਾਰ, ਜਦੋਂ FBI ਨੇ ਅਮਰੀਕਾ, ਕੈਨੇਡਾ ਅਤੇ ਯੂਰਪ ਵਿੱਚ ਗੈਂਗਸਟਰ ਨੈੱਟਵਰਕਾਂ ਦੀ ਜਾਂਚ ਕੀਤੀ ਤਾਂ ਜੱਗੂ ਭਗਵਾਨਪੁਰੀਆ ਦੇ ਨੈੱਟਵਰਕ ਸਬੰਧੀ ਜਾਂਚ ਦੌਰਾਨ ਨਾਗਰਾ ਦਾ ਨਾਮ ਸਾਹਮਣੇ ਆਇਆ। ਅਮਰੀਕੀ ਜਾਂਚ ਏਜੰਸੀ ਦਾ ਦੋਸ਼ ਹੈ ਕਿ ਉਸ ਨੇ ਗੈਂਗਸਟਰਾਂ ਨਾਲ ਮਿਲ ਕੇ ਅਮਰੀਕਾ ਵਿੱਚ ਰਹਿੰਦੇ ਇੱਕ ਪਰਿਵਾਰ ਤੋਂ 4 ਲੱਖ ਡਾਲਰ ਦੀ ਫਿਰੌਤੀ ਮੰਗੀ ਸੀ। ਇਸ ਮਾਮਲੇ ਨਾਲ ਜੁੜੇ ਪਿਛੋਕੜ ਵਿੱਚ 15 ਜਨਵਰੀ ਨੂੰ ਟਾਂਡਾ ਦੇ ਪਿੰਡ ਮਿਆਣੀ ਵਿੱਚ ਹਾਰਡਵੇਅਰ ਕਾਰੋਬਾਰੀ ਬਲਵਿੰਦਰ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ। ਉਸ ਸਮੇਂ ਟਾਂਡਾ ਪੁਲੀਸ ਨੇ ਇਸ ਕਤਲ ਦਾ ਭੇਦ ਸੁਲਝਾਉਣ ਦਾ ਦਾਅਵਾ ਕਰਦਿਆਂ ਕਿਹਾ ਸੀ ਕਿ ਅਮਰੀਕਾ ਵਿੱਚ ਰਹਿੰਦਾ ਇੱਕ ਸੇਵਾਮੁਕਤ ਪੁਲੀਸ ਅਧਿਕਾਰੀ ਇਸ ਮਾਮਲੇ ਦਾ ਮੁੱਖ ਦੋਸ਼ੀ ਹੈ ਅਤੇ ਹੱਤਿਆ ਪਰਿਵਾਰਕ ਰੰਜਿਸ਼ ਕਾਰਨ ਹੋਈ। ਹਾਲਾਂਕਿ, ਅਮਰੀਕੀ ਜਾਂਚ ਏਜੰਸੀ ਦੇ ਦੋਸ਼ਾਂ ਅਨੁਸਾਰ, ਉਸੇ ਪਰਿਵਾਰ ਨੂੰ ਕੇਸ ਵਿੱਚ ਫਸਾਈ ਰੱਖਣ ਦੇ ਨਾਂ 'ਤੇ ਫਿਰੌਤੀ ਦੀ ਮੰਗ ਕੀਤੀ ਗਈ ਸੀ। FBI ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਅਪਰਾਧਿਕ ਨੈੱਟਵਰਕ ਭਾਰਤ, ਅਮਰੀਕਾ, ਕੈਨੇਡਾ, ਯੂਨਾਈਟਿਡ ਕਿੰਗਡਮ, ਯੂਰਪ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਤੱਕ ਸਰਗਰਮ ਸਨ ਅਤੇ ਕਤਲ ਦੇ ਬਦਲੇ ਪੈਸੇ, ਜਬਰੀ ਵਸੂਲੀ, ਰੈਕੇਟੀਅਰਿੰਗ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਹਥਿਆਰਾਂ ਨਾਲ ਜੁੜੇ ਅਪਰਾਧਾਂ ਅਤੇ ਅਗਵਾ ਵਰਗੀਆਂ ਗਤੀਵਿਧੀਆਂ ਵਿੱਚ ਸ਼ਾਮਲ ਰਹੇ। ਜਾਂਚ ਏਜੰਸੀ ਮੁਤਾਬਕ ਹੁਣ ਤੱਕ 24 ਤੋਂ ਵੱਧ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਦਰਜਨਾਂ ਤਲਾਸ਼ੀ ਵਾਰੰਟ ਜਾਰੀ ਕੀਤੇ ਗਏ ਹਨ ਅਤੇ ਲਗਭਗ 1,000 ਕਿਲੋਗ੍ਰਾਮ ਕੋਕੀਨ, 1 ਕਿਲੋਗ੍ਰਾਮ ਹੈਰੋਇਨ, ਹਥਿਆਰ ਅਤੇ ਨਕਦੀ ਬਰਾਮਦ ਕੀਤੀ ਗਈ ਹੈ। ਕਈ ਸ਼ੱਕੀ ਅਜੇ ਵੀ ਫ਼ਰਾਰ ਦੱਸੇ ਜਾ ਰਹੇ ਹਨ।
Posted By: Daily Suraj Bureau