Daily Suraj

ਪੰਜਾਬੀ

ਲਾਰੈਂਸ ਬਿਸ਼ਨੋਈ ਦੀ ਪਤਨੀ ਬਣ ਕੇ ਜਾਟ ਨੇਤਾ ਨੂੰ ਧਮਕਾਉਣ ਵਾਲੀ ਔਰਤ ਗ੍ਰਿਫ਼ਤਾਰ

13 Sep, 2026 07:09 PM

ਜੇਲ੍ਹ ਵਿੱਚ ਬੰਦ ਚਰਚਿਤ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪਤਨੀ ਬਣ ਕੇ ਸੋਸ਼ਲ ਮੀਡੀਆ 'ਤੇ ਇੱਕ ਜਾਟ ਨੇਤਾ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੀ ਔਰਤ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸ਼ਾਮਲੀ ਦੇ ਪੁਲਿਸ ਕਪਤਾਨ (SP) ਐੱਨ. ਪੀ. ਸਿੰਘ ਨੇ ਸ਼ਨਿੱਚਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੜੀ ਗਈ ਮੁਲਜ਼ਮ ਔਰਤ ਦੀ ਪਛਾਣ ਰਾਜਸਥਾਨ ਦੇ ਜੈਪੁਰ ਦੀ ਰਹਿਣ ਵਾਲੀ ਬਿੰਦੂ ਦੇਵੀ ਵਜੋਂ ਹੋਈ ਹੈ। ਪੁਲਿਸ ਅਨੁਸਾਰ ਜਾਟ ਨੇਤਾ ਮੁਕੁਲ ਚੌਧਰੀ ਨੇ ਹਰਿਆਣਵੀ ਗਾਇਕ ਅੰਕਿਤ ਬਾਲਿਆਨ ਦੇ ਕਤਲ ਵਿੱਚ ਸ਼ਾਮਲ ਗੈਂਗਸਟਰਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਸੀ। ਇਸ ਮੰਗ ਤੋਂ ਬਾਅਦ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਦੀ ਪਤਨੀ ਦੱਸਣ ਵਾਲੀ ਬਿੰਦੂ ਦੇਵੀ ਨੇ ਸੋਸ਼ਲ ਮੀਡੀਆ 'ਤੇ ਮੁਕੁਲ ਚੌਧਰੀ ਵਿਰੁੱਧ ਧਮਕੀ ਭਰੀਆਂ ਪੋਸਟਾਂ ਸਾਂਝੀਆਂ ਕੀਤੀਆਂ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਮੁਕੁਲ ਚੌਧਰੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ ਧਮਕੀਆਂ ਦੇਣ ਵਾਲੀ ਔਰਤ ਨੂੰ ਕਾਬੂ ਕਰ ਲਿਆ। ਜ਼ਿਕਰਯੋਗ ਹੈ ਕਿ ਹਰਿਆਣਵੀ ਗਾਇਕ ਅੰਕਿਤ ਬਾਲਿਆਨ ਦੀ 26 ਅਗਸਤ ਨੂੰ ਸ਼ਾਮਲੀ ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗਾਇਕ ਦੇ ਕਤਲ ਅਤੇ ਜਾਟ ਨੇਤਾ ਨੂੰ ਮਿਲੀਆਂ ਧਮਕੀਆਂ ਦੇ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Posted By: Daily Suraj Bureau

Latest News